ਸੀਚੇਵਾਲ, 31 ਮਈ ( ਰਾਜੀਵ ਕੁਮਾਰ ਬੱਬੂ )-ਸੰਤ ਅਵਤਾਰ ਸਿੰਘ ਯਾਦਗਾਰੀ ਖੇਡ ਮੇਲਾ ਨਿਰਮੁਲ ਕੁਟੀਆ ਸੀਚੇਵਾਲ ਦੇ ਵਿਸ਼ਾਲ ਖੇਡ ਸਟੇਡੀਅਮ ਵਿਖੇ ਸ਼ਾਨੋ ਸ਼ੌਕਤ ਨਾਲ ਜਾਰੀ ਹੈ। ਉੱਘੇ ਵਾਤਾਵਰਨ ਪ੍ਰੇਮੀ ਅਤੇ ਮੈਂਬਰ ਰਾਜ ਸਭਾ ਸੰਤ ਬਲਬੀਰ ਸਿੰਘ ਸੀਚੇਵਾਲ ਦੀ ਦੇਖਰੇਖ ਹੇਠ ਕਰਵਾਏ ਜਾ ਰਹੇ ਇਸ ਖੇਡ ਮੇਲੇ ਦੌਰਾਨ ਹਾਕੀ ਕੁਸ਼ਤੀ ਕਬੱਡੀ ਅਤੇ ਅਥਲੈਟਿਕਸ ਤੇ ਜੂਨੀਅਰ ਤੇ ਸੀਨੀਅਰ ਦੇ ਮੁਕਾਬਲੇ ਕਰਵਾਏ ਜਾ ਰਹੇ ਹਨ। ਜਾਣਕਾਰੀ ਦਿੰਦੇ ਨਿਰਮਲ ਕੁਟੀਆ ਸੀਚੇਵਾਲ ਦੇ ਵਿੱਤ ਸਕੱਤਰ ਬਾਬਾ ਸੁਰਜੀਤ ਸਿੰਘ ਸ਼ੰਟੀ ਸੀਚੇਵਾਲ ਨੇ ਦੱਸਿਆ ਕਿ 29 ਮਈ ਨੂੰ ਖੇਡ ਮੇਲੇ ਦਾ ਉਦਘਾਟਨ ਸੰਤ ਸੁਖਜੀਤ ਸਿੰਘ ਸੀਚੇਵਾਲ ਵੱਲੋਂ ਕੀਤਾ ਗਿਆ ਅਤੇ ਮੇਲੇ ਦੌਰਾਨ 29 ਤੇ 30 ਮਈ ਨੂੰ ਹਾਕੀ ਦੇ ਜੂਨੀਅਰ ਤੇ ਸੀਨੀਅਰ ਮੁਕਾਬਲੇ ਕਰਵਾਏ ਗਏ ਜਿਸ ਵਿੱਚ ਸੀਨੀਅਰ ਵਿੱਚ 17 ਟੀਮਾਂ ਅਤੇ ਜੂਨੀਅਰ ਵਿੱਚ 15 ਟੀਮਾਂ ਨੇ ਭਾਗ ਲਿਆ। ਉਨਾਂ ਦੱਸਿਆ ਕਿ 31 ਮਈ ਨੂੰ ਅੰਤਰਰਾਸ਼ਟਰੀ ਪੱਧਰ ਦੇ ਮੈਟ ਉਪਰ ਕੁਸ਼ਤੀ ਦੇ ਮੁਕਾਬਲੇ ਕਰਵਾਏ ਗਏ ਅਤੇ 1 ਤੇ 2 ਜੂਨ ਨੂੰ ਕੱਬਡੀ ਅਤੇ ਅਥਲੈਟਿਕਸ ਦੇ ਮੁਕਾਬਲੇ ਕਰਵਾਏ ਜਾਣਗੇ। ਉਨ੍ਹਾਂ ਦੱਸਿਆ ਕਿ ਜੇਤੂ ਟੀਮਾਂ ਅਤੇ ਖਿਡਾਰੀਆਂ ਨੂੰ ਸੰਤ ਬਲਬੀਰ ਸਿੰਘ ਸੀਚੇਵਾਲ ਇਨਾਮ ਤਕਸੀਮ ਕਰਨਗੇ।





