*ਪਰਮਿੰਦਰ ਪਾਲ ਸਿੰਘ ਖਾਲਸਾ ਵਲੋਂ (ਜੀਰੋ-ਫੀਸ) ਨਾਲ ਜਾਣੇ ਜਾਂਦੇ ਸਕੂਲ ਵਿਚ ਸਿੱਖ ਯੋਧਿਆਂ ਦੇ ਮਿਊਜੀਅਮ ਦਾ ਐਲਾਨ, ਉਦਘਾਟਨ ਜਥੇਦਾਰ ਅਕਾਲ ਤਖਤ ਤੇ ਸ੍ਰੋਮਣੀ ਕਮੇਟੀ ਪ੍ਰਧਾਨ ਕਰਨਗੇ – ਖਾਲਸਾ*

Uncategorized
Spread the love

ਜਲੰਧਰ-(ਜਸਪਾਲ ਕੈਂਥ)-ਸਿੱਖ ਮਿਸ਼ਨਰੀ ਕਾਲਜ ਸਰਕਲ ਜਲੰਧਰ ਦੀ ਅਗਵਾਈ ਹੇਠ ਬਸਤੀ ਸ਼ੇਖ, ਮਾਡਲ ਹਾਊਸ ਰੋਡ ’ਤੇ ਸਥਿਤ ਕੰਵਰ ਸਤਨਾਮ ਸਿੰਘ ਖਾਲਸਾ ਸਕੂਲ ਵਿਖੇ ਇੱਕ ਭਾਵਪੂਰਤ ਸਨਮਾਨ ਸਮਾਰੋਹ ਦਾ ਆਯੋਜਨ ਹੋਇਆ। ਇਹ ਸਕੂਲ ਗਰੀਬ ਸਿੱਖਾਂ, ਦਲਿਤਾਂ ਅਤੇ ਪਛੜੇ ਵਰਗਾਂ ਦੇ ਬੱਚਿਆਂ ਨੂੰ ਮੁਫਤ ਸਿੱਖਿਆ ਦੇਣ ਦੀ ਨਿਸ਼ਕਾਮ ਸੇਵਾ ਵਿੱਚ ਜੁਟਿਆ ਹੋਇਆ ਹੈ, ਜਿਸ ਨਾਲ ਗੁਰੂ ਨਾਨਕ ਸਾਹਿਬ ਦੀ ਸਿਖੀ ਦੀ ਲਹਿਰ ਨੂੰ ਹੋਰ ਮਜਬੂਤੀ ਮਿਲ ਰਹੀ ਹੈ। ਇਸ ਸਮਾਰੋਹ ਵਿੱਚ ਪਤਵੰਤੇ ਸੱਜਣ ਜਿਵੇਂ ਸ :ਸੰਤੋਖ ਸਿੰਘ (ਦਿੱਲੀ ਪੇਂਟ ਵਾਲੇ), ਸ :ਕੰਵਲਜੀਤ ਸਿੰਘ ਟੋਨੀ (ਪ੍ਰਧਾਨ, ਗੁਰੂ ਤੇਗ ਬਹਾਦਰ ਨਗਰ) , ਸ :ਅਵਿੰਦਰ ਸਿੰਘ ਭਾਟੀਆ (ਐੱਮਸਨ ਕਲਾਥ ਹਾਊਸ, ਮਾਡਲ ਟਾਊਨ),, ਸ :ਦਵਿੰਦਰ ਸਿੰਘ ਆਨੰਦ, ਸਮੇਤ ਹੋਰ ਮਹਿਮਾਨ ਸ਼ਾਮਲ ਹੋਏ। ਸਕੂਲ ਦੇ ਮੁਖ : ਸੇਵਾਦਾਰ , ਜਥੇਦਾਰ ਪਰਮਿੰਦਰਪਾਲ ਸਿੰਘ ਖਾਲਸਾ, ਪ੍ਰਬੰਧਕ ਕਮੇਟੀ ਦੇ ਮੈਂਬਰ ਬਲਜੀਤ ਸਿੰਘ ਅਤੇ ਪ੍ਰੇਮ ਸਿੰਘ ਨੇ ਸਾਰੇ ਆਏ ਮਹਿਮਾਨਾਂ ਨੂੰ ਸਿਰੋਪਾਓ ਨਾਲ ਸਨਮਾਨਿਤ ਕਰਦਿਆਂ ਜੀ ਆਇਆਂ ਨੂੰ ਆਖਿਆ।ਜਥੇਦਾਰ ਪਰਮਿੰਦਰਪਾਲ ਸਿੰਘ ਖਾਲਸਾ ਨੇ ਆਪਣੇ ਸੰਬੋਧਨ ਵਿੱਚ ਗੁਰੂ ਨਾਨਕ ਸਾਹਿਬ ਦੀ ਬਾਣੀ ਨੂੰ ਸੁਰਤ ਵਿੱਚ ਲਿਆਂਦਾ। ਉਨ੍ਹਾਂ ਨੇ ਠੇਠ ਪੰਜਾਬੀ ਵਿੱਚ ਆਖਿਆ, “ਗਰੀਬ ਦਾ ਮੂੰਹ ਹੀ ਗੁਰੂ ਦੀ ਗੋਲਕ ਹੈ।” ਉਨ੍ਹਾਂ ਚਿੰਤਾ ਜਤਾਈ ਕਿ ਗਰੀਬ ਸਿੱਖਾਂ ਦੀ ਧਰਮ-ਬਦਲੀ ਦਾ ਮੁੱਖ ਕਾਰਣ ਸਾਡੇ ਵੱਲੋਂ ਉਨ੍ਹਾਂ ਦੀ ਬਾਂਹ ਨਾ ਫੜਨਾ ਹੈ। ਉਨ੍ਹਾਂ ਜੋਰ ਦੇ ਕੇ ਕਿਹਾ ਕਿ ਜੇ ਅਸੀਂ ਗਰੀਬ ਤੇ ਲੋੜਵੰਦ ਸਿੱਖਾਂ ਦੀ ਸਾਰ ਨਾ ਲਈ, ਤਾਂ ਸਿੱਖੀ ਦਾ ਵਿਕਾਸ ਅਧੂਰਾ ਰਹੇਗਾ।

 

 ਇਸ ਮੌਕੇ ਉਨ੍ਹਾਂ ਨੇ ਇੱਕ ਵੱਡਾ ਐਲਾਨ ਕੀਤਾ ਕਿ ਸਕੂਲ ਵਿੱਚ ਮਹਾਨ ਸਿੱਖ ਯੋਧਿਆਂ ਦੀ ਯਾਦ ਵਿੱਚ ਇੱਕ ਮਿਊਜੀਅਮ ਬਣਾਇਆ ਜਾਵੇਗਾ, ਜਿਸ ਦਾ ਉਦਘਾਟਨ ਅਕਾਲ ਤਖਤ ਦੇ ਜਥੇਦਾਰ ਅਤੇ ਸ੍ਰੋਮਣੀ ਕਮੇਟੀ ਦੇ ਪ੍ਰਧਾਨ ਦੇ ਹੱਥੋਂ ਕਰਵਾਇਆ ਜਾਵੇਗਾ।ਸਮਾਰੋਹ ਦੀ ਸ਼ੁਰੂਆਤ ਛੋਟੀਆਂ ਬੱਚੀਆਂ ਦੇ ਕਵੀਸ਼ਰੀ ਜਥੇ ਨੇ ਗੁਰਮਤਿ ਦੀਆਂ ਸੁਰਾਂ ਨਾਲ ਕੀਤੀ, ਜਿਸ ਨੇ ਸਭ ਦੇ ਮਨਾਂ ਨੂੰ ਗੁਰਬਾਣੀ ਦੇ ਰੰਗ ਵਿੱਚ ਰੰਗ ਦਿੱਤਾ। ਸਕੂਲ ਦੇ ਬੱਚਿਆਂ ਨੇ ਕਵਿਤਾਵਾਂ, ਭਾਸ਼ਣ ਅਤੇ ਸਿੱਖ ਇਤਿਹਾਸ ਨਾਲ ਜੁੜੀਆਂ ਗੱਲਾਂ ਪੇਸ਼ ਕਰਕੇ ਮਾਹੌਲ ਨੂੰ ਹੋਰ ਵੀ ਭਾਵੁਕ ਬਣਾਇਆ। ਵੱਡੀ ਕਲਾਸ ਦੀਆਂ ਲੜਕੀਆਂ ਦੇ ਕਵੀਸ਼ਰੀ ਜਥੇ ਨੇ ਵੀ ਸਿੱਖੀ ਦੀਆਂ ਸੁਰਮਈ ਗਾਥਾਵਾਂ ਨੂੰ ਗਾ ਕੇ ਸਭ ਦਾ ਮਨ ਮੋਹਿਆ। ਸਕੂਲ ਦੇ ਨਵੇਂ ਨਿਯੁਕਤ ਪ੍ਰਿੰਸੀਪਲ ਮਨਦੀਪ ਸਿੰਘ ਨੇ ਸੰਬੋਧਨ ਕਰਦਿਆਂ ਸਕੂਲ ਦੀਆਂ ਪ੍ਰਾਪਤੀਆਂ ਅਤੇ ਭਵਿੱਖ ਦੀਆਂ ਲੋੜਾਂ ਬਾਰੇ ਸਭ ਨੂੰ ਜਾਣੂ ਕਰਵਾਇਆ।

ਜਥੇਦਾਰ ਪਰਮਿੰਦਰਪਾਲ ਸਿੰਘ ਖਾਲਸਾ ਨੇ ਸਮਾਰੋਹ ਵਿੱਚ ਸਿੱਖ ਇਤਿਹਾਸ ਨਾਲ ਜੁੜੇ ਸਵਾਲ ਪੁੱਛ ਕੇ ਬੱਚਿਆਂ ਦੀ ਪ੍ਰਤਿਭਾ ਨੂੰ ਪਰਖਿਆ। ਸਹੀ ਜਵਾਬ ਦੇਣ ਵਾਲੇ ਵਿਦਿਆਰਥੀਆਂ ਨੂੰ ਨਕਦ ਇਨਾਮ ਦੇ ਕੇ ਹੌਸਲਾ ਅਫਜਾਈ ਕੀਤੀ ਗਈ। ਧਾਰਮਿਕ ਪ੍ਰੀਖਿਆ ਵਿੱਚ ਚੰਗੇ ਨੰਬਰ ਲੈਣ ਵਾਲੇ ਬੱਚਿਆਂ ਨੂੰ ਸਨਮਾਨ ਚਿੰਨ੍ਹ ਨਾਲ ਨਿਵਾਜਿਆ ਗਿਆ। ਸਕੂਲ ਨੂੰ ਦਸਵੰਧ ਦੇਣ ਵਾਲੇ ਸੱਜਣਾਂ ਨੂੰ ਵੀ ਪ੍ਰਬੰਧਕ ਕਮੇਟੀ ਵੱਲੋਂ ਸਿਰੋਪਾਓ ਨਾਲ ਸਨਮਾਨਿਤ ਕੀਤਾ ਗਿਆ। ਨਵੇਂ ਪ੍ਰਿੰਸੀਪਲ ਮਨਦੀਪ ਸਿੰਘ ਅਤੇ ਨਿਸ਼ਕਾਮ ਸੇਵਾ ਨਿਭਾਉਣ ਵਾਲੇ ਗੁਰਪ੍ਰੀਤ ਸਿੰਘ ਨੂੰ ਵੀ ਉਚੇਚੇ ਤੌਰ ’ਤੇ ਸਨਮਾਨਿਤ ਕੀਤਾ ਗਿਆ।ਇਸ ਮੌਕੇ ਹਰਦੇਵ ਸਿੰਘ ਗਰਚਾ, ਸਾਹਿਬ ਸਿੰਘ ਆਰਟਿਸਟ, ਪ੍ਰੋਫੈਸਰ ਬਲਵਿੰਦਰ ਪਾਲ ਸਿੰਘ, ਪੁਨੀਤ ਡਡਵਾਲ, ਬੀਬੀ ਅੰਮ੍ਰਿਤ ਪਾਲ ਕੌਰ ਅਤੇ ਸਮੂਹ ਸਕੂਲ ਸਟਾਫ ਮੌਜੂਦ ਸੀ। ਇਹ ਸਮਾਰੋਹ ਸਿੱਖੀ ਦੀ ਸੇਵਾ, ਸਿੱਖਿਆ ਅਤੇ ਸਮਾਜਿਕ ਜੁੜਤ ਦੀ ਅਜਿਹੀ ਮਿਸਾਲ ਸੀ, ਜਿਸ ਨੇ ਸਭ ਦੇ ਮਨਾਂ ਵਿੱਚ ਗੁਰੂ ਦੀ ਬਾਣੀ ਦੀ ਜੋਤ ਜਗਾਈ। ਇਸ ਨੇ ਸਿੱਖੀ ਦੇ ਸਿਧਾਂਤਾਂ ਨੂੰ ਜੀਵੰਤ ਕਰਦਿਆਂ ਸਮਾਜ ਨੂੰ ਇਕਜੁਟਤਾ ਅਤੇ ਸੇਵਾ ਦਾ ਸੁਨੇਹਾ ਦਿੱਤਾ।

Leave a Reply

Your email address will not be published. Required fields are marked *