ਜਲੰਧਰ/ਚੰਡੀਗੜ੍ਹ (ਜਸਪਾਲ ਕੈਂਥ )-ਬਹੁਜਨ ਸਮਾਜ ਪਾਰਟੀ (ਬਸਪਾ) ਪੰਜਾਬ ਦੇ ਸੂਬਾ ਪ੍ਰਧਾਨ ਡਾ. ਅਵਤਾਰ ਸਿੰਘ ਕਰੀਮਪੁਰੀ ਨੇ ਅੱਜ 1 ਨਵੰਬਰ ਨੂੰ ‘ਪੰਜਾਬ ਦਿਵਸ’ ਦੇ ਮੌਕੇ ਸੂਬੇ ਭਰ ਵਿੱਚ ‘ਪੰਜਾਬ ਸੰਭਾਲੋ ਮੁਹਿੰਮ’ ਨੂੰ ਹੋਰ ਤੇਜ਼ ਕਰਦਿਆਂ ਭਾਰਤ ਦੇ ਰਾਸ਼ਟਰਪਤੀ ਦੇ ਨਾਂ 15 ਨੁਕਤੀ ਮੰਗ ਪੱਤਰ ਭੇਜਣ ਦਾ ਐਲਾਨ ਕੀਤਾ।
ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦਿਆਂ ਡਾ. ਅਵਤਾਰ ਸਿੰਘ ਕਰੀਮਪੁਰੀ ਨੇ ਕਿਹਾ ਕਿ 1 ਨਵੰਬਰ ਦਾ ਦਿਨ ਪੰਜਾਬ ਲਈ ਮਹਿਜ਼ ਇੱਕ ਤਾਰੀਖ਼ ਨਹੀਂ, ਸਗੋਂ ਸਾਡੇ ਵਜੂਦ, ਹੱਕਾਂ ਅਤੇ ਵਿਰਾਸਤ ਦਾ ਲੇਖਾ-ਜੋਖਾ ਕਰਨ ਦਾ ਦਿਨ ਹੈ।
ਉਨ੍ਹਾਂ ਕਿਹਾ ਕਿ ਆਜ਼ਾਦੀ ਵੇਲੇ 1.76 ਲੱਖ ਵਰਗ ਕਿਲੋਮੀਟਰ ਵਾਲਾ ਪੁਨਰਗਠਿਤ ਪੰਜਾਬ ਅੱਜ ਘਟ ਕੇ ਮਹਿਜ਼ 50,362 ਵਰਗ ਕਿਲੋਮੀਟਰ (ਮਹਿਜ਼ 28.5%) ਰਹਿ ਗਿਆ ਹੈ। ਪੰਜਾਬ ਦੀ ਇਸ ਭੂਗੋਲਿਕ, ਆਰਥਿਕ ਅਤੇ ਸਮਾਜਿਕ ਤਬਾਹੀ ਲਈ ਹੁਣ ਤੱਕ ਰਾਜ ਕਰਨ ਵਾਲੀਆਂ ਕਾਂਗਰਸ, ਅਕਾਲੀ-ਭਾਜਪਾ ਅਤੇ ਮੌਜ਼ੂਦਾ ਆਮ ਆਦਮੀ ਪਾਰਟੀ (ਆਪ) ਸਰਕਾਰਾਂ ਬਰਾਬਰ ਦੀਆਂ ਦੋਸ਼ੀ ਹਨ। ਇਨ੍ਹਾਂ ਸਰਕਾਰਾਂ ਨੇ ਪੰਜਾਬ ਸਿਰ ਕਰੀਬ 5 ਲੱਖ ਕਰੋੜ ਦਾ ਕਰਜ਼ਾ ਚਾੜ੍ਹਿਆ, ਲੋਕਾਂ ਨੂੰ ਬੇਰੁਜ਼ਗਾਰੀ ਤੇ ਨਸ਼ਿਆਂ ਦੇ ਖੂਹ ਵਿੱਚ ਸੁੱਟਿਆ। ਪੰਜਾਬ ਨੂੰ ਬਰਬਾਦ ਕਰਨ ਵਾਲੀਆਂ ਇਨ੍ਹਾਂ ਪਾਰਟੀਆਂ ਦਾ ਚਿਹਰਾ ਜਨਤਾ ਦੇ ਸਾਹਮਣੇ ਨੰਗਾ ਹੋ ਚੁੱਕਾ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰਾਂ ਨੇ ਪੰਜਾਬ ਦੇ ਟੋਟੇ-ਟੋਟੇ ਕੀਤੇ, ਚੰਡੀਗੜ੍ਹ ਤੇ ਪਾਣੀਆਂ ਦੇ ਹੱਕਾਂ ‘ਤੇ ਡਾਕਾ ਮਾਰਿਆ ਅਤੇ ਧਾਰਮਿਕ-ਸਮਾਜਿਕ ਹਮਲੇ ਕੀਤੇ। ਇਸੇ ਤਰ੍ਹਾਂ ਅਕਾਲੀ-ਭਾਜਪਾ ਸਰਕਾਰ ਨੇ ਪੰਜਾਬ ਵਿੱਚ ਨਸ਼ਿਆਂ ਦੀਆਂ ਜੜ੍ਹਾਂ ਲਾਈਆਂ, ਕਿਸਾਨੀ ਅਤੇ ਜਵਾਨੀ ਨੂੰ ਰੋਲਿਆ ਅਤੇ ਕੇਂਦਰੀ ਅਧਿਕਾਰਾਂ ਦੀ ਦੁਰਵਰਤੋਂ ਕਰਕੇ ਪੰਜਾਬ ਦੇ ਹੱਕਾਂ ਦਾ ਦਮਨ ਕੀਤਾ। ਆਮ ਆਦਮੀ ਪਾਰਟੀ (ਆਪ) ਦੀ ਸਰਕਾਰ ਨੇ ‘ਬਦਲਾਅ’ ਦੇ ਝੂਠੇ ਦਾਅਵੇ ਕਰਕੇ ਪੰਜਾਬ ਵਿੱਚ ਨਸ਼ਿਆਂ ਨਾਲ ਰੋਜ਼ਾਨਾ ਹੋ ਰਹੀਆਂ ਮੌਤਾਂ ‘ਤੇ ਅੱਖਾਂ ਮੀਚਿਆਂ, ਪੁਲਿਸ ਜਬਰ ਵਧਾਇਆ ਅਤੇ ਦਿੱਲੀ ਦੇ ਇਸ਼ਾਰਿਆਂ ‘ਤੇ ਪੰਜਾਬ ਦਾ ਖਜ਼ਾਨਾ ਲੁੱਟਿਆ।
ਡਾ. ਕਰੀਮਪੁਰੀ ਨੇ ਦੱਸਿਆ ਕਿ ‘ਪੰਜਾਬ ਸੰਭਾਲੋ ਮੁਹਿੰਮ’ ਤਹਿਤ ਰਾਸ਼ਟਰਪਤੀ ਨੂੰ ਭੇਜੇ ਜਾਣ ਵਾਲੇ ਮੈਮੋਰੰਡਮ ਵਿੱਚ ਨਸ਼ੇ ਨਾਲ ਹੋ ਰਹੀਆਂ ਮੌਤਾਂ, ਸਮਗਲਰਾਂ-ਸਿਆਸਤਦਾਨਾਂ ਦੇ ਗੱਠਜੋੜ ਦੀ ਹਾਈ ਕੋਰਟ ਦੇ ਜੱਜ ਤੋਂ ਜਾਂਚ ਤੇ ਪੀੜਤ ਪਰਿਵਾਰਾਂ ਨੂੰ ਮੁਆਵਜ਼ੇ, ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਜੀ ਦੇ ਬੁੱਤਾਂ ਦੀ ਬੇਅਦਬੀ, 14 ਵੱਖ-ਵੱਖ ਥਾਂਵਾਂ ‘ਤੇ ਸ੍ਰੀ ਗੁਰੂ ਰਵਿਦਾਸ ਧਾਮਾਂ/ਗੁਰੂਘਰਾਂ ‘ਤੇ ਹਮਲਿਆਂ ਤੇ ਬੇਅਦਬੀਆਂ ਦੀ ਨਿਰਪੱਖ ਉੱਚ-ਪੱਧਰੀ ਜਾਂਚ ਦੇ ਮਾਮਲਿਆਂ ਨੂੰ ਚੁੱਕਿਆ ਗਿਆ ਹੈ। ਇਸ ਤੋਂ ਇਲਾਵਾ ਅੰਦੋਲਨਕਾਰੀ ਕਿਸਾਨਾਂ, ਮਜ਼ਦੂਰਾਂ, ਨੌਜਵਾਨਾਂ ਤੇ ਵਿਰੋਧੀ ਧਿਰਾਂ ‘ਤੇ ਦਰਜ ਝੂਠੇ ਪਰਚੇ ਰੱਦ ਕਰਨ, ਪੁਲਿਸ ਹਿਰਾਸਤ ਵਿੱਚ ਹੋ ਰਹੀਆਂ ਮੌਤਾਂ ‘ਤੇ ਰੋਕ ਅਤੇ ਦੋਸ਼ੀ ਅਧਿਕਾਰੀਆਂ ‘ਤੇ ਕਾਰਵਾਈ ਦੀ ਗੱਲ ਰੱਖੀ ਗਈ ਹੈ।
ਡਾ. ਅਵਤਾਰ ਸਿੰਘ ਕਰੀਮਪੁਰੀ ਨੇ ਕਿਹਾ ਕਿ ਚੰਡੀਗੜ੍ਹ ‘ਤੇ ਪੰਜਾਬ ਦਾ ਹੱਕ ਹੈ। ਚੰਡੀਗੜ੍ਹ ਨੂੰ ਬਿਨਾਂ ਸ਼ਰਤ ਤੁਰੰਤ ਪੰਜਾਬ ਦੇ ਹਵਾਲੇ ਕੀਤਾ ਜਾਵੇ। 1966 ਵੇਲੇ ਬਾਹਰ ਛੱਡੇ ਗਏ ਪੰਜਾਬੀ ਇਲਾਕਿਆਂ ਨੂੰ ਵਾਪਸ ਪੰਜਾਬ ਵਿੱਚ ਸ਼ਾਮਲ ਕੀਤਾ ਜਾਵੇ। ਬੀਐਸਐਫ ਦਾ ਸੀਮਾ ਅਧਿਕਾਰ 50 ਕਿਲੋਮੀਟਰ ਕਰਨ ਦਾ ਫ਼ੈਸਲਾ ਵਾਪਸ ਹੋਵੇ। ਐਸਵਾਈਐਲ ਨੂੰ ਰੱਦ ਕਰਕੇ ਪੰਜਾਬ ਦੇ ਪਾਣੀਆਂ ਦੀ ਲੁੱਟ ਬੰਦ ਕੀਤੀ ਜਾਵੇ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਵਾਲਿਆਂ ਲਈ ਉਮਰ ਕੈਦ ਦਾ ਪ੍ਰਬੰਧ ਹੋਵੇ ਤੇ ਸਜ਼ਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਦੀ ਤੁਰੰਤ ਰਿਹਾਈ ਹੋਵੇ। ਫ਼ਸਲਾਂ ਦੇ ਘੱਟੋ-ਘੱਟ ਸਮਰਥਨ ਮੁੱਲ ਦਾ ਕਾਨੂੰਨ ਬਣਾਇਆ ਜਾਵੇ। ਰੁਕੇ ਹੋਏ ਕੇਂਦਰੀ ਫੰਡ ਤੁਰੰਤ ਜਾਰੀ ਹੋਣ।
ਕੈਂਸਰ ਬੈਲਟ ਅਤੇ ਧਰਤੀ ਹੇਠਲੇ ਪਾਣੀ ਲਈ ਪੈਕੇਜ, ਵਾਤਾਵਰਣ ਅਤੇ ਸਿਹਤ ਸੰਕਟ ਲਈ ਕੇਂਦਰੀ ਮੁਆਵਜ਼ਾ ਮਿਲੇ।
ਨੌਜਵਾਨੀ ਦਾ ਪਲਾਇਨ ਰੋਕਣ ਲਈ ਪੰਜਾਬ ਵਿੱਚ ਉਦਯੋਗਿਕ ਪੈਕੇਜ ਦੇ ਕੇ ਸਥਾਨਕ ਰੁਜ਼ਗਾਰ ਪੈਦਾ ਕੀਤਾ ਜਾਵੇ।
ਡਾ. ਅਵਤਾਰ ਸਿੰਘ ਕਰੀਮਪੁਰੀ ਨੇ ਜ਼ੋਰ ਦੇ ਕੇ ਕਿਹਾ ਕਿ ਹੁਣ ਤੱਕ ਦੀਆਂ ਸਰਕਾਰਾਂ ਨੇ ਪੰਜਾਬ ਨੂੰ ਆਰਥਿਕ, ਧਾਰਮਿਕ ਅਤੇ ਸਮਾਜਿਕ ਤੌਰ ‘ਤੇ ਕੰਗਾਲ ਕੀਤਾ ਹੈ। ਪੰਜਾਬ ਦੀ ਗੁਆਚੀ ਸ਼ਾਨ ਨੂੰ ਬਹਾਲ ਕਰਨ, ਨਸ਼ਾ-ਮੁਕਤ ਪੰਜਾਬ ਬਣਾਉਣ, ਬਹੁਜਨ-ਦਲਿਤ-ਕਿਸਾਨ-ਮਜ਼ਦੂਰ ਏਕਤਾ ਕਾਇਮ ਕਰਨ ਅਤੇ ਇੱਕ ਆਤਮ-ਨਿਰਭਰ ਤੇ ਖੁਸ਼ਹਾਲ ਪੰਜਾਬ ਦੇ ਨਿਰਮਾਣ ਲਈ ਮਾਯੂਸ ਹੋ ਚੁੱਕੇ ਪੰਜਾਬੀਆਂ ਕੋਲ ਬਸਪਾ ਦੀ ‘ਪੰਜਾਬ ਸੰਭਾਲੋ ਮੁਹਿੰਮ’ ਹੀ ਇੱਕੋ-ਇੱਕ ਸੱਚਾ ਅਤੇ ਇਮਾਨਦਾਰ ਵਿਕਲਪ ਹੈ। ਉਨ੍ਹਾਂ ਪੰਜਾਬ ਦੇ 117 ਹਲਕਿਆਂ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸੂਬੇ ਨੂੰ ਬਚਾਉਣ ਲਈ ਬਸਪਾ ਦੇ ਝੰਡੇ ਹੇਠ ਇੱਕਜੁੱਟ ਹੋਣ ਅਤੇ ਪੰਜਾਬ ਦੀ ਆਣ, ਬਾਣ ਤੇ ਸ਼ਾਨ ਲਈ ਇਸ ਅੰਦੋਲਨ ਦਾ ਹਿੱਸਾ ਬਣਨ।


