ਜਲੰਧਰ (ਜਸਪਾਲ ਕੈਂਥ)- ਪਿਛਲੇ ਕੁੱਝ ਦਿਨਾਂ ਤੋਂ ਰਾਵੀ ਅਤੇ ਸਤਲੁਜ ਨਦੀਆਂ ਦੇ ਬੰਨ੍ਹ ਟੁੱਟਣ ਕਰਕੇ ਸੂਬੇ ਦੇ ਸਰਹੱਦੀ ਇਲਾਕਿਆਂ ਵਿੱਚ ਵੱਡੀ ਤਬਾਹੀ ਮਚੀ ਹੋਈ ਹੈ। ਮਾਝਾ ਅਤੇ ਦੋਆਬਾ ਖੇਤਰਾਂ ਵਿੱਚ ਹੜ੍ਹ ਵਾਲੀ ਸਥਿਤੀ ਬਣੀ ਹੋਈ ਹੈ। ਲਗਾਤਾਰ ਵੱਸ ਰਹੀ ਬਾਰਿਸ਼ ਨੇ ਪੰਜਾਬ ਨੂੰ ਇੱਕ ਵੱਡੇ ਸਮੁੰਦਰ ਵਾਂਗ ਬਣਾ ਦਿੱਤਾ ਹੈ। ਰਣਜੀਤ ਸਾਗਰ ਡੈੱਮ, ਭਾਖੜਾ ਅਤੇ ਪੌਂਗ ਡੈੱਮ ਵਰਗੇ ਵੱਡੇ ਡੈੱਮਾਂ ਤੋਂ ਪਾਣੀ ਛੱਡੇ ਜਾਣ ਨਾਲ ਸਤਲੁਜ ਅਤੇ ਰਾਵੀ ਨੇ ਆਪਣੇ ਕੰਢੇ ਤੋੜ ਕੇ ਹਜ਼ਾਰਾਂ ਏਕੜ ਝੋਨੇ ਦੀ ਫਸਲ ਨੂੰ ਨਿਗਲ ਲਿਆ ਹੈ। ਗੁਰਦਾਸਪੁਰ, ਪਠਾਨਕੋਟ, ਅੰਮ੍ਰਿਤਸਰ, ਤਰਨਤਾਰਨ ਅਤੇ ਫਿਰੋਜ਼ਪੁਰ ਵਰਗੇ ਜ਼ਿਲ੍ਹੇ ਸਭ ਤੋਂ ਵੱਧ ਪ੍ਰਭਾਵਿਤ ਹੋਏ ਹਨ। ਡੇਰਾ ਬਾਬਾ ਨਾਨਕ ਵਿੱਚ ਰਾਵੀ ਨੇ ਕਰਤਾਰਪੁਰ ਕੋਰੀਡੋਰ ਦੇ ਨੇੜੇ ਧੁੱਸੀ ਬੰਨ੍ਹ ਤੋੜ ਦਿੱਤਾ ਹੈ, ਜਿਸ ਨਾਲ ਪਿੰਡ ਪੱਖੋਕੇ ਟਾਹਲੀ ਸਾਹਿਬ ਅਤੇ ਆਲੇ-ਦੁਆਲੇ ਦੇ ਇਲਾਕੇ ਪਾਣੀ ਵਿੱਚ ਡੁੱਬ ਗਏ ਹਨ। ਰਸਤੇ ਬੰਦ ਹੋ ਗਏ ਹਨ, ਆਵਾਜਾਈ ਠੱਪ ਪਈ ਹੈ ਅਤੇ ਪਿੰਡਾਂ ਨੂੰ ਟਾਪੂ ਵਾਂਗ ਬਣਾ ਦਿੱਤਾ ਗਿਆ ਹੈ। ਭਾਰੀ ਬਾਰਿਸ਼ ਨੇ ਹਿਮਾਚਲ ਤੋਂ ਆਉਂਦੇ ਪਾਣੀ ਨੂੰ ਹੋਰ ਵਧਾ ਦਿੱਤਾ ਹੈ, ਜਿਸ ਨਾਲ ਨਦੀਆਂ ਦੇ ਪੱਧਰ ਖਤਰੇ ਦੀ ਹੱਦ ਨੂੰ ਪਾਰ ਕਰ ਚੁੱਕੇ ਹਨ।
ਲੋਕ ਆਪਣੇ ਘਰਾਂ ਨੂੰ ਛੱਡ ਕੇ ਉੱਚੀਆਂ ਥਾਵਾਂ ਵੱਲ ਭੱਜ ਰਹੇ ਹਨ। ਪਸ਼ੂਆਂ ਲਈ ਚਾਰਾ ਨਹੀਂ ਮਿਲ ਰਿਹਾ, ਬੱਚੇ ਸਕੂਲ ਨਹੀਂ ਜਾ ਸਕਦੇ ਅਤੇ ਕਿਸਾਨਾਂ ਦੀਆਂ ਫਸਲਾਂ ਪਾਣੀ ਵਿੱਚ ਡੁੱਬ ਕੇ ਤਬਾਹ ਹੋ ਚੁੱਕੀਆਂ ਹਨ। ਤਰਨਤਾਰਨ ਅਤੇ ਫਿਰੋਜ਼ਪੁਰ ਵਿੱਚ ਹਜ਼ਾਰਾਂ ਏਕੜ ਝੋਨੇ ਦੀ ਫਸਲ ਤਬਾਹ ਹੋ ਗਈ ਹੈ, ਜੋ ਨਾ ਸਿਰਫ਼ ਖੇਤੀ ਨੂੰ ਮਾਰ ਰਹੀ ਹੈ ਬਲਕਿ ਸੂਬੇ ਦੀ ਆਰਥਿਕਤਾ ਨੂੰ ਵੀ ਡੋਬ ਰਹੀ ਹੈ।
ਬੀਤੇ ਸਮੇਂ ਵਿੱਚ ਹੜ੍ਹ ਦੀ ਚਪੇਟ ਵਿੱਚ ਆਏ ਪਿੰਡਾਂ ਜਿਵੇਂ ਬਰਾਮਪੁਰ, ਬਾਮਨੀ, ਝਬਕਰਾ, ਮਰਾੜਾ, ਚੱਕ ਮਕੌੜਾ, ਨਵਾਂ ਚੰਡੀਗੜ੍ਹ, ਦਬੋਰਜੀ, ਜੋਗਰ, ਭੂਤਨਾ ਜੋਗਰ, ਦੌਲਤਗੜ੍ਹ, ਕੋਠੇ ਐਵੇ, ਚਿਟੀ, ਚੱਕ ਰਾਮ ਸਹਾਏ, ਨਵਾਂ ਤਕਲਾ, ਧੀਰਾ ਘਾਰਾ, ਮਲਕਪੁਰ ਅਤੇ ਹੋਰ ਟਾਣੀਆਂ ਵਿੱਚ ਕਲਗੀਧਰ ਟਰੱਸਟ ਬੜੂ ਸਾਹਿਬ ਵੱਲੋਂ ਹੜ੍ਹ ਪੀੜਤਾਂ ਨੂੰ ਘਰੋਂ-ਘਰੀ ਲੰਗਰ, ਦੁੱਧ, ਪਾਣੀ, ਰਾਹਤ ਕਿੱਟਾਂ ਅਤੇ ਪਸ਼ੂਆਂ ਲਈ ਚਾਰਾ ਆਦਿ ਬੇੜੀਆਂ ਰਾਹੀਂ ਵੰਡਿਆ ਜਾ ਰਿਹਾ ਹੈ। ਇਹਨਾਂ ਪਿੰਡਾਂ ਵਿੱਚੋਂ ਹੁਣ ਤੱਕ 128 ਤੋਂ ਵੱਧ ਵਿਅਕਤੀਆਂ ਨੂੰ ਰੈਸਕਿਊ ਕਰਕੇ ਸੁਰੱਖਿਅਤ ਜਗ੍ਹਾ ਤੇ ਪਹੁੰਚਾਇਆ ਗਿਆ ਹੈ। ਇਹ ਟੀਮ ਸਥਾਨਕ ਲੋਕਾਂ ਦੀਆਂ ਜ਼ਰੂਰਤਾਂ ਪੂਰੀਆਂ ਕਰਨ ਨੂੰ ਪੁੱਜੀ ਪਹਿਲੀ ਟੀਮ ਹੈ, ਜੋ ਲੰਗਰ ਦੇ ਨਾਲ-ਨਾਲ ਹੋਰ ਵੀ ਜ਼ਰੂਰੀ ਵਸਤਾਂ ਨੂੰ ਪੂਰੀਆਂ ਕਰਨ ਲਈ ਹਰ ਸੰਭਵ ਕੋਸ਼ਿਸ਼ ਕਰ ਰਹੀ ਹੈ।
ਇਸ ਸਬੰਧ ਵਿੱਚ ਜਾਣਕਾਰੀ ਦਿੰਦਿਆਂ ਕਲਗੀਧਰ ਟਰੱਸਟ ਬੜੂ ਸਾਹਿਬ ਦੇ ਪ੍ਰਧਾਨ ਡਾ: ਦਵਿੰਦਰ ਸਿੰਘ ਜੀ ਅਤੇ ਉੱਪ-ਪ੍ਰਧਾਨ ਭਾਈ ਜਗਜੀਤ ਸਿੰਘ ਕਾਕਾ ਵੀਰ ਜੀ ਨੇ ਭਰੋਸਾ ਦਿੱਤਾ ਕਿ ਜਿਹੜੇ ਖੇਤਰਾਂ ਵਿੱਚ ਪਾਣੀ ਭਰ ਜਾਣ ਨਾਲ ਹੜ੍ਹ ਵਰਗੀ ਸਥਿਤੀ ਬਣੀ ਹੋਈ ਹੈ, ਉਹਨਾਂ ਲੋਕਾਂ ਨੂੰ ਬਾਹਰ ਕੱਢਣ ਲਈ ਟਰੱਸਟ ਵੱਲੋਂ ਰਾਹਤ ਕਿੱਟਾਂ ਪੀੜਤ ਲੋਕਾਂ ਤੱਕ ਪਹੁੰਚਾਈਆਂ ਜਾ ਰਹੀਆਂ ਹਨ ਅਤੇ ਇਹਨਾਂ ਹੜ੍ਹ ਪੀੜਤਾਂ ਦੀ ਹਰ ਸੰਭਵ ਮੱਦਦ ਕੀਤੀ ਜਾਵੇਗੀ ਅਤੇ ਲੋੜੀਦਾ ਸਮਾਨ ਮੁਹੱਈਆ ਕਰਵਾਇਆ ਜਾਵੇਗਾ। ਇਸ ਨਾਲ ਹੀ ਘੱਗਰ ਨਦੀ ਅਤੇ ਸਤਲੁਜ ਨਦੀ ਵਿੱਚ ਵੱਧ ਰਹੇ ਪਾਣੀ ਦੇ ਪੱਧਰ ਕਰਕੇ ਅੰਮ੍ਰਿਤਸਰ, ਫਿਰੋਜ਼ਪੁਰ, ਫਾਜ਼ਿਲਕਾ, ਤਰਨਤਾਰਨ, ਪਟਿਆਲਾ ਅਤੇ ਮਾਨਸਾ ਜ਼ਿਲ੍ਹਿਆਂ ਵਿੱਚ ਵੀ ਹੜ੍ਹ ਆਉਣ ਦੀ ਸੰਭਾਵਨਾ ਬਣੀ ਹੋਈ ਹੈ। ਇਥੇ ਜ਼ਿਕਰਯੋਗ ਹੈ ਕਿ ਕਲਗੀਧਰ ਟਰੱਸਟ ਬੜੂ ਸਾਹਿਬ ਵਿੱਦਿਅਕ ਖੇਤਰ ਵਿੱਚ ਤਾਂ ਕੰਮ ਕਰਦਾ ਹੀ ਹੈ ਪਰ ਜਦੋਂ ਵੀ ਦੇਸ਼ ਵਿੱਚ ਕਿਸੇ ਤਰ੍ਹਾਂ ਦੀ ਕੁਦਰਤੀ ਆਫ਼ਤ ਆਈ ਹੈ ਤਾਂ ਟਰੱਸਟ ਦੇ ਸੇਵਾਦਾਰਾਂ ਨੇ ਮੱਦਦ ਲਈ ਅੱਗੇ ਹੋ ਕੇ ਆਪਣੀ ਜਿੰਮੇਵਾਰੀ ਨਿਭਾਈ ਹੈ। ਟਰੱਸਟ ਵੱਲੋਂ ਸਭ ਦੀ ਚੜ੍ਹਦੀਕਲਾ ਲਈ ਅਰਦਾਸ ਕੀਤੀ ਜਾਂਦੀ ਹੈ।
ਪਰਮਿੰਦਰ ਪਾਲ ਸਿੰਘ ਖਾਲਸਾ ਨੇ ਅੱਗੇ ਦੱਸਿਆ ਕਿ ਹੜ੍ਹ ਠੱਲ੍ਹਣ ਬਾਅਦ ਸਿਖ ਸੇਵਕ ਸੁਸਾਇਟੀ ਇੰਟਰਨੈਸ਼ਨਲ ਅਤੇ ਗੁਰਦੁਆਰਾ ਨੌਵੀਂ ਪਾਤਸ਼ਾਹੀ ਵੱਲੋਂ ਦੋਆਬੇ ਦੇ ਪਿੰਡਾਂ ਵਿੱਚ ਮੈਡੀਕਲ ਕੈਂਪ ਲਗਾਏ ਜਾਣਗੇ ਤਾਂ ਜੋ ਲੋਕਾਂ ਨੂੰ ਬਿਮਾਰੀਆਂ ਤੋਂ ਬਚਾਇਆ ਜਾ ਸਕੇ। ਉਹਨਾਂ ਨੇ ਮੰਗ ਕੀਤੀ ਕਿ ਕੇਂਦਰ ਅਤੇ ਸੂਬਾ ਸਰਕਾਰਾਂ ਨੂੰ ਸਾਂਝੇ ਉਪਰਾਲੇ ਕਰਨੇ ਚਾਹੀਦੇ ਹਨ।
ਸਿਖ ਸੇਵਕ ਸੁਸਾਇਟੀ ਇੰਟਰਨੈਸ਼ਨਲ ਅਤੇ ਕਲਗੀਧਰ ਟਰੱਸਟ ਬੜੂ ਸਾਹਿਬ ਵੱਲੋਂ ਅਪੀਲ ਕੀਤੀ ਜਾਂਦੀ ਹੈ ਕਿ ਸਮੂਹ ਪੰਜਾਬ ਵਾਸੀ ਅਤੇ ਵਿਦੇਸ਼ ਵਸਦੇ ਪੰਜਾਬੀ ਭਾਈਚਾਰੇ ਨੂੰ ਇਸ ਮੁਸੀਬਤ ਵਿੱਚ ਅੱਗੇ ਆ ਕੇ ਮੱਦਦ ਕਰਨੀ ਚਾਹੀਦੀ ਹੈ। ਰਾਹਤ ਸਮੱਗਰੀ ਭੇਜਣ ਲਈ ਸੰਪਰਕ ਕੀਤਾ ਜਾ ਸਕਦਾ ਹੈ। ਇਸ ਵੱਡੀ ਆਫ਼ਤ ਵਿੱਚ ਇੱਕਜੁੱਟ ਹੋ ਕੇ ਖੜ੍ਹਨ ਨਾਲ ਹੀ ਅਸੀਂ ਇਸ ਨੂੰ ਪਾਰ ਕਰ ਸਕਾਂਗੇ। ਟਰੱਸਟ ਵੱਲੋਂ ਹੜ੍ਹ ਪੀੜਤਾਂ ਲਈ ਨਿਰੰਤਰ ਸੇਵਾ ਜਾਰੀ ਰੱਖੀ ਜਾਵੇਗੀ ਅਤੇ ਹਰ ਤਰ੍ਹਾਂ ਦੀ ਮੱਦਦ ਪਹੁੰਚਾਈ ਜਾਵੇਗੀ।ਇਸ ਮੌਕੇ ,ਦਵਿੰਦਰ ਸਿੰਘ ਅਨੰਦ ,ਸੰਤੋਖ ਸਿੰਘ ਦਿਲੀ ਪੇਂਟ,ਸੰਦੀਪ ਸਿੰਘ ਚਾਵਲਾ,ਕੰਵਲਜੀਤ ਸਿੰਘ ਟੋਨੀ ਐਕਟਿੰਗ ਪ੍ਰਧਾਨ ,ਮਨਜੀਤ ਸਿੰਘ ਠੁਕਰਾਲ, ਹਰਦੇਵ ਸਿੰਘ ਗਰਚਾ,ਅਰਿੰਦਰਜੀਤ ਸਿੰਘ ਚਡਾ ਆਦਿ ਹਾਜਰ ਸਨ।