ਜਲੰਧਰ (ਜਸਪਾਲ ਕੈਂਥ)-ਜਥੇਦਾਰ ਪਰਮਿੰਦਰ ਪਾਲ ਸਿੰਘ ਖਾਲਸਾ, ਸੂਬਾ ਪ੍ਰਧਾਨ, ਸਿੱਖ ਸੇਵਕ ਸੁਸਾਇਟੀ ਇੰਟਰਨੈਸ਼ਨਲ ਨੇ ਕਿਹਾ ਕਿ ਪੰਜਾਬੀ ਯੂਨੀਵਰਸਿਟੀ ਵਿਚ ਬੈਠੇ ਸਿਖ ਵਿਰੋਧੀ ,ਕੁਝ ਖਬੇ ਪਖੀ ਗਿਰੋਹਾਂ ਨੇ ਮਹਾਨ ਕੋਸ਼ ਤੇ ਸਿਖ ਵਿਰਾਸਤੀ ਸਾਹਿਤਕ ਤੇ ਇਤਿਹਾਸਕ ਖਜਾਨੇ ਨੂੰ ਤਬਾਹ ਤੇ ਸਿੱਖ ਕੌਮ ਦੀ ਅਮੋਲਕ ਵਿਰਾਸਤ ਨੂੰ ਤਬਾਹ ਕਰਨ ਦੀਆਂ ਸਾਜ਼ਿਸ਼ਾਂ ਬੁਣੀਆਂ ਜਾ ਰਹੀਆਂ ਹਨ। ਇਸ ਬਾਰੇ ਘਟਗਿਣਤੀ ਕੌਮੀ ਕਮਿਸ਼ਨ ਨੋਟਿਸ ਲੈਕੇ ਕਾਰਵਾਈ ਕਰੇ ਤੇ ਸ੍ਰੋਮਣੀ ਕਮੇਟੀ ਕਨੂੰਨੀ ਰਸਤਾ ਅਖਤਿਆਰ ਕਰੇ।
ਉਨ੍ਹਾਂ ਕਿਹਾ ਕਿ ਹੁਣੇ ਜਿਹੇ ਮਹਾਨ ਸਿੱਖ ਵਿਦਵਾਨ ਭਾਈ ਕਾਨ੍ਹ ਸਿੰਘ ਨਾਭਾ ਦੀ ਅਮਰ ਰਚਨਾ, ਗੁਰਸ਼ਬਦ ਰਤਨਾਕਰ ਮਹਾਨ ਕੋਸ਼, ਜੋ ਸਿੱਖ ਇਤਿਹਾਸ, ਸਭਿਆਚਾਰ ਅਤੇ ਗੁਰਮਤਿ ਦਾ ਅਨਮੋਲ ਖ਼ਜ਼ਾਨਾ ਹੈ, ਨੂੰ ਯੂਨੀਵਰਸਿਟੀ ਦੇ ਅਧਿਕਾਰੀਆਂ ਨੇ ਫੂਕਕੇ ਤਬਾਹ ਕਰਨ ਦੀ ਕੋਸ਼ਿਸ਼ ਕੀਤੀ ਤਾਂ ਗਲਤ ਛਪਾਈ ਦੇ ਸਬੂਤ ਮਿਟਾਏ ਜਾ ਸਕਣ। ਜਥੇਦਾਰ ਪਰਮਿੰਦਰ ਪਾਲ ਸਿੰਘ ਖਾਲਸਾ, ਨੇ ਇਸ ਅਤਿ ਨਿੰਦਣਯੋਗ ਕਾਰਵਾਈ ਦਾ ਸਖ਼ਤ ਨੋਟਿਸ ਲੈਂਦਿਆਂ, ਇਸ ਨੂੰ ਸਿੱਖ ਕੌਮ ਦੀ ਅਣਖ਼ ‘ਤੇ ਸਿੱਧਾ ਵਾਰ ਕਰਾਰ ਦਿਤਾ।ਉਨ੍ਹਾਂ ਦਸਿਆ ਕਿ ਪੰਜਾਬੀ ਯੂਨੀਵਰਸਿਟੀ ਦੇ ਮੌਜੂਦਾ ਵਾਈਸ ਚਾਂਸਲਰ ‘ਤੇ ਇਸ ਮਹਾਨ ਕੋਸ਼ ਨੂੰ ਰੌਲਣ ਦਾ ਦੋਸ਼ ਲੱਗਾ ਹੈ। ਉਸ ਉਪਰ ਵਿਰਾਸਤ ਤਬਾਹੀ ,ਸਬੂਤ ਮਿਟਾਉਣ ਦਾ ਕੇਸ ਚਲਣਾ ਚਾਹੀਦਾ। ਅਸਲ ਵਿੱਚ, ਇਹ ਕੋਸ਼, ਜੋ 550 ਰੈਫਰੈਂਸ ਕਿਤਾਬਾਂ ਦੇ ਮੁਕਾਬਲੇ ਬਜ਼ਾਰ ਲਾਗਤ ਤੋਂ ਮਹਿੰਗਾ ਛਪਵਾਇਆ ਗਿਆ ਸੀ, 25,000 ਤੋਂ 30,000 ਕਾਪੀਆਂ ਵਿੱਚ ਛਾਪਿਆ ਗਿਆ ਸੀ। ਇਸ ਦੀ ਛਪਾਈ ‘ਤੇ 2.5 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਆਈ ਸੀ, ਪਰ ਇਸ ਵਿਚ 3,000 ਤੋਂ ਵੱਧ ਛਪਾਈ ਗਲਤੀਆਂ, ਗਲਤ ਤੱਥ ਅਤੇ ਮੂਲ ਅਰਥਾਂ ਨਾਲ ਹੇਰਫੇਰ ਸੀ! ਮਹਿੰਗੀ ਪਰੂਫ ਰੀਡਿੰਗ ਦੇ ਬਾਵਜੂਦ, ਅਰਥਾਂ ਨੂੰ ਤੋੜਮਰੋੜ ਕਰਕੇ ਸਿੱਖ ਵਿਰਾਸਤ ਨੂੰ ਰੋਲਣ ਤੇ ਤਬਾਹ ਕਰਨ ਦੀ ਕੋਸ਼ਿਸ਼ ਕੀਤੀ ਗਈ।
ਉਨ੍ਹਾਂ ਦਸਿਆ ਕਿ ਇਸ ਮਸਲੇ ਦੀ ਜੜ੍ਹ ਸਿਰਫ਼ ਵਾਈਸ ਚਾਂਸਲਰ ਤੱਕ ਸੀਮਤ ਨਹੀਂ। ਇਹ ਇੱਕ ਵੱਡੇ ਸਿੰਡੀਕੇਟ ਦੀ ਕਰਤੂਤ ਹੈ, ਜਿਸ ਵਿੱਚ ਛਪਾਈ ਤੋਂ ਲੈਕੇ ਪਰੂਫ ਰੀਡਿੰਗ ਅਤੇ ਫੰਡਾਂ ਦੇ ਗਬਨ ਤੱਕ ਦਾ ਖੇਡ ਸ਼ਾਮਲ ਹੈ। ਖਬੇ ਪਖੀ ਵਿਚਾਰਧਾਰਾ ਵਾਲੇ ਲੋਕ ਜੋ ਸਿਖ ਵਿਰੋਧੀ ਹਨ, ਨੇ ਪੰਜਾਬੀ ਯੂਨੀਵਰਸਿਟੀ ਨੂੰ ਆਪਣਾ ਮੱਠ ਬਣਾ ਲਿਆ ਹੈ, ਜਿੱਥੇ ਪ੍ਰੋਫੈਸਰਾਂ ਦਾ ਇੱਕ ਵੱਡਾ ਸਮੂਹ ਇਸ ਕਾਂਡ ਵਿਚ ਸ਼ਾਮਿਲ ਹੈ। ਇਨ੍ਹਾਂ ਦੀਆਂ ਖਬੇ ਪਖੀ ਯੂਨੀਅਨਾਂ ਬਾਂਦਰ ਵਾਂਗ ਰੌਲਾ ਪਾ ਕੇ ਦੋਸ਼ੀਆਂ ਨੂੰ ਬਚਾਉਣ ਲਈ ਸਰਗਰਮ ਹੋ ਜਾਂਦੀਆਂ ਹਨ। ਉਨ੍ਹਾਂ ਕਿਹਾ ਕਿ ਪੰਜਾਬੀ ਦੇ ਨਾਂ ‘ਤੇ ਬਣੀ ਇਸ ਯੂਨੀਵਰਸਿਟੀ ‘ਤੇ ਆਪਣੇ ਹੀ ਕੋਸ਼ ਦੀ ਬੇਅਦਬੀ ਦਾ ਕਾਲਾ ਟਿੱਕਾ ਲੱਗ ਗਿਆ ਹੈ।
ਉਨ੍ਹਾਂ ਦਸਿਆ ਕਿ ਇਹ ਪਹਿਲੀ ਵਾਰ ਨਹੀਂ ਜਦੋਂ ਪੰਜਾਬੀ ਯੂਨੀਵਰਸਿਟੀ ਦੀਆਂ ਨਾਜਾਇਜ਼ ਕਰਤੂਤਾਂ ਸਾਹਮਣੇ ਆਈਆਂ ਹਨ। ਡਾ. ਗੰਡਾ ਸਿੰਘ ਪੰਜਾਬੀ ਰੈਫਰੈਂਸ ਲਾਇਬ੍ਰੇਰੀ ਵਿੱਚ ਦੁਰਲੱਭ ਸਿੱਖ ਸਾਹਿਤ ਦੀ ਸੰਭਾਲ ਦਾ ਮਾੜਾ ਹਾਲ ਸਾਹਮਣੇ ਆ ਚੁੱਕਾ ਹੈ। ਕੁਝ ਪੁਸਤਕਾਂ ਗੁਆਚ ਗਈਆਂ, ਕੁਝ ਸਿਉਂਕ ਕਾਰਨ ਬਰਬਾਦ ਹੋਈਆਂ, ਅਤੇ ਡਿਜੀਟਲੀਕਰਨ ਵਰਗਾ ਜ਼ਰੂਰੀ ਕਦਮ ਨਹੀਂ ਚੁੱਕਿਆ ਗਿਆ। ਸਿਖ ਧਰਮ ਨਾਲ ਸਬੰਧਿਤ ਪੁਰਾਤਨ ਸਾਹਿਤ ਤੇ ਇਤਿਹਾਸ ਨੂੰ ਸੁਰੱਖਿਅਤ ਰੱਖਣ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸਹਿਯੋਗ ਵੀ ਨਹੀਂ ਲਿਆ ਗਿਆ। ਇਸੇ ਤਰ੍ਹਾਂ, ਸਿੱਖ ਇਤਿਹਾਸਕਾਰ ਕ੍ਰਿਪਾਲ ਸਿੰਘ ਦੀ ਨਿੱਜੀ ਲਾਇਬ੍ਰੇਰੀ ਦਾ ਵੀ ਇਹੀ ਸਾਜਿਸ਼ੀ ਵਰਤਾਰਾ ਕੀਤਾ ਜਾ ਰਿਹਾ ਹੈ। ਇਹ ਸਭ ਸਿੱਖ ਵਿਰਾਸਤ ਨੂੰ ਜਾਣਬੁੱਝ ਕੇ ਤਬਾਹ ਕਰਨ ਦੀ ਸਾਜ਼ਿਸ਼ ਦਾ ਹਿੱਸਾ ਹੈ।
ਉਨ੍ਹਾਂ ਕਿਹਾ ਕਿ ਯੂਨੀਵਰਸਿਟੀ ਦੀ ਲਾਇਬ੍ਰੇਰੀ ਵਿੱਚ ਮੌਜੂਦ ਪੁਰਾਤਨ ਹੱਥ-ਲਿਖਤਾਂ, ਗ੍ਰੰਥਾਂ ਅਤੇ ਦੁਰਲੱਭ ਪੁਸਤਕਾਂ ਦੀ ਸੰਭਾਲ ਦਾ ਹਾਲ ਵੀ ਚੰਗਾ ਨਹੀਂ। ਸਿੱਖ ਕੌਮ ਨੂੰ ਇਸ ਗੱਲ ਦੀ ਡੂੰਘੀ ਚਿੰਤਾ ਹੈ ਕਿ ਮਹਾਨ ਸਿੱਖ ਵਿਦਵਾਨਾਂ ਦੀਆਂ ਨਿੱਜੀ ਲਾਇਬ੍ਰੇਰੀਆਂ, ਜੋ ਯੂਨੀਵਰਸਿਟੀ ਦੇ ਹਵਾਲੇ ਹਨ, ਕੀ ਸੁਰੱਖਿਅਤ ਹਨ? ਯੂਨੀਵਰਸਿਟੀ ਪ੍ਰਸ਼ਾਸਨ ਨੂੰ ਇਹ ਸਪੱਸ਼ਟ ਕਰਨਾ ਚਾਹੀਦਾ ਕਿ ਇਨ੍ਹਾਂ ਦੀ ਸਾਂਭ-ਸੰਭਾਲ ਲਈ ਕੀ ਕਦਮ ਚੁੱਕੇ ਜਾ ਰਹੇ ਹਨ।
ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੂੰ ਇਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰਕੇ ਦੋਸ਼ੀਆਂ ਨੂੰ ਸਖ਼ਤ ਸਜ਼ਾ ਦੇਣੀ ਚਾਹੀਦੀ। ਇਸ ਮਸਲੇ ਦੀ ਸ਼ੁਰੂਆਤ ਤੋਂ ਅਖੀਰ ਤੱਕ ਪੜਤਾਲ ਹੋਣੀ ਚਾਹੀਦੀ। ਛਪਾਈ ਦੀਆਂ ਗਲਤੀਆਂ, ਅਰਥਾਂ ਨਾਲ ਹੇਰਫੇਰ ਅਤੇ ਫੰਡਾਂ ਦੀ ਦੁਰਵਰਤੋਂ ਦੇ ਜਿੰਮੇਵਾਰ ਸਾਰੇ ਲੋਕਾਂ ‘ਤੇ ਕਾਰਵਾਈ ਹੋਵੇ। ਨਾਲ ਹੀ, ਗ਼ਲਤ ਛਪਾਈ ‘ਤੇ ਖਰਚਿਆ 2.5 ਕਰੋੜ ਰੁਪਏ ਦੋਸ਼ੀਆਂ ਤੋਂ ਵਸੂਲ ਕੀਤੀ ਜਾਵੇ।
ਉਨ੍ਹਾਂ ਕਿਹਾ ਕਿ ਯੂਨੀਵਰਸਿਟੀ ਦੀ ਲਾਇਬ੍ਰੇਰੀ ਵਿੱਚ ਮੌਜੂਦ ਸਿੱਖ ਸਾਹਿਤ ਅਤੇ ਹੱਥ-ਲਿਖਤਾਂ ਦੀ ਸੰਭਾਲ ਲਈ ਡਿਜੀਟਲੀਕਰਨ ਅਤੇ ਸੁਰੱਖਿਆ ਦੇ ਪੁਖ਼ਤਾ ਇੰਤਜ਼ਾਮ ਕੀਤੇ ਜਾਣ ਤੇ ਇਸ ਦੀਆਂ ਕਾਪੀਆਂ ਸ੍ਰੋਮਣੀ ਕਮੇਟੀ ਨੂੰ ਦਿਤੀਆਂ ਜਾਣ ਤਾਂ ਜੋ ਦੁਬਾਰਾ ਛਪਾਈ ਕੀਤੀ ਜਾ ਸਕੇ ਤੇ ਡਿਜਟਲੀਕਰਨ ਕਰਾਕੇ ਸੁਰਖਿਅਤ ਰਖਿਆ ਜਾ ਸਕੇ।