ਜਲੰਧਰ (ਜਸਪਾਲ ਕੈਂਥ)- ਜਲੰਧਰ ਨਗਰ ਨਿਗਮ ਦੇ ਅਧੀਨ ਪੈਂਦੇ ਮੁਹੱਲਾ ਸੰਤੋਖਪੁਰਾ ਪਠਾਨਕੋਟ ਚੌਂਕ ਨੇੜੇ ਰਾਧਾ ਸੁਆਮੀ ਸਤਿਸੰਗ ਘਰ ਦੇ ਇਲਾਕੇ ਵਿੱਚ ਇੱਕ ਗੈਰ ਕਾਨੂੰਨੀ ਕਲੋਨੀ ਕੱਟਣ ਦਾ ਮਾਮਲਾ ਸਾਹਮਣੇ ਆਇਆ ਹੈ , ਨਜਾਇਜ਼ ਕਲੋਨੀ ਕੱਟ ਕੇ ਕਲੋਨਾਈਜ਼ਰ ਨੇ ਪੰਜਾਬ ਸਰਕਾਰ ਨੂੰ ਵੱਡੇ ਪੱਧਰ ਤੇ ਚੂਨਾ ਲਗਾਇਆ ਹੈ। ਜਾਣਕਾਰੀ ਅਨੁਸਾਰ, ਕਲੋਨਾਈਜ਼ਰ ਵੱਲੋਂ ਨਾਂ ਕੇਵਲ ਪਲਾਟ ਕੱਟੇ ਗਏ ਹਨ, ਸਗੋਂ ਗੈਰ ਕਾਨੂੰਨੀ ਤਰੀਕੇ ਨਾਲ ਸੀਵਰੇਜ ਪਾਈਪਾਂ ਦੀ ਲਾਈਨ ਵੀ ਪਾ ਦਿੱਤੀ ਗਈ ਹੈ। ਇਸ ਤੋਂ ਇਲਾਵਾ, ਟਾਈਲਾਂ ਬਿਛਾ ਕੇ ਵੱਡੀ ਸੜਕ ਤਿਆਰ ਕੀਤੀ ਗਈ ਹੈ ਅਤੇ ਸੜਕਾਂ ‘ਤੇ ਲਾਈਟਾਂ ਵੀ ਲਗਾਈਆਂ ਗਈਆਂ ਹਨ।
ਇਹ ਕਲੋਨੀ ਲਗਭਗ ਇੱਕ ਏਕੜ ਜ਼ਮੀਨ ‘ਤੇ ਦੱਸੀ ਜਾ ਰਹੀ ਹੈ, ਜਿੱਥੇ ਪ੍ਰਤੀ ਮਰਲਾ 7 ਲੱਖ ਰੁਪਏ ਦੀ ਕੀਮਤ ਰੱਖੀ ਗਈ ਹੈ। ਇਸੇ ਸਬੰਧ ਵਿੱਚ ਜਦੋਂ ਕਲੋਨੀ ਦਾ ਮਾਲਕ ਜੋ ਕਿ ਇੱਕ ਸਿਆਸੀ ਪਾਰਟੀ ਦਾ ਲੀਡਰ ਹੈ ਅਤੇ ਜਲੰਧਰ ਛਾਉਣੀ ਦਾ ਰਹਿਣ ਵਾਲਾ ਹੈ ਨਾਲ ਸੰਪਰਕ ਕੀਤਾ ਗਿਆ ਤਾਂ ਉਸ ਨੇ ਦੱਸਿਆ ਕਿ ਇਹ ਕੋਈ ਕਲੋਨੀ ਨਹੀਂ ਹੈ, ਬਲਕਿ ਉਸਦੀ ਫੈਕਟਰੀ ਦੀ ਨਿੱਜੀ ਜ਼ਮੀਨ ਹੈ। ਹਾਲਾਂਕਿ, ਇਹ ਗੱਲਬਾਤ ਅਧੂਰੀ ਹੀ ਰਹਿ ਗਈ ਕਿਉਂਕਿ ਉਸਨੇ ਫੋਨ ਕੱਟ ਦਿੱਤਾ।
ਦੂਜੇ ਪਾਸੇ ਨਗਰ ਨਿਗਮ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਗੈਰ ਕਾਨੂੰਨੀ ਕਲੋਨੀ ਦੇ ਖਿਲਾਫ ਜਲਦੀ ਹੀ ਸਭ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ, ਤਾਂ ਜੋ ਸ਼ਹਿਰ ਵਿੱਚ ਬੇਕਾਬੂ ਢੰਗ ਨਾਲ ਫੈਲ ਰਹੀਆਂ ਨਾਜਾਇਜ਼ ਕਾਲੋਨੀਆਂ ਨੂੰ ਰੋਕਿਆ ਜਾ ਸਕੇ।