*ਜਲੰਧਰ ਦਿਹਾਤੀ ਐਸਐਸਪੀ ਹਰਵਿੰਦਰ ਸਿੰਘ ਵਿਰਕ ਨੇ ਧੱਕੇਸ਼ਾਹੀ ਦਾ ਨਿਵੇਕਲਾ ਉਦਾਹਰਣ ਸੈੱਟ ਕੀਤਾ ,ਡੀਜੀਪੀ ਪੰਜਾਬ ਰਾਹੀਂ ਬੇਗੁਨਾਹ ਦਿੱਤੇ ਲੋਕਾਂ ਦਾ ਥਾਣਾ ਮਕਸੂਦਾਂ ਰਾਹੀਂ ਦੋਸ਼ੀ ਬਣਾ ਕੇ ਚਲਾਨ ਪੇਸ਼ ਕਰਵਾਇਆ*

देश पंजाब
Spread the love

ਜਲੰਧਰ (ਜਸਪਾਲ ਕੈਂਥ)-ਬਹੁਜਨ ਸਮਾਜ ਪਾਰਟੀ (ਬਸਪਾ) ਦੇ ਲੀਗਲ ਸੈਲ ਦੇ ਐਡਵੋਕੇਟ ਦੀਪਕ ਤੇ ਜ਼ਿਲ੍ਹਾ ਜਲੰਧਰ ਦੇ ਕੋਆਰਡੀਨੇਟਰ ਕਮਲ ਬਾਦਸ਼ਾਹਪੁਰ ਨੇ ਅੱਜ ਵੀਰਵਾਰ ਨੂੰ ਇੱਥੇ ਪ੍ਰੈਸ ਕਲੱਬ ਵਿੱਚ ਕੀਤੀ ਪ੍ਰੈਸ ਕਾਨਫਰੰਸ ਦੌਰਾਨ ਕਿਹਾ ਕਿ ਆਪ ਸਰਕਾਰ ਵਿੱਚ ਜਲੰਧਰ ਦੇਹਾਤੀ ਦੇ ਪੁਲਿਸ ਮੁਖੀ ਐਸਐਸਪੀ ਹਰਵਿੰਦਰ ਸਿੰਘ ਵਿਰਕ ਵੱਲੋਂ ਥਾਣਾ ਮਕਸੂਦਾਂ ਵਿੱਚ ਦਰਜ ਇੱਕ ਝੂਠੇ ਮੁਕੱਦਮੇ (85/23) ਵਿੱਚ 42 ਬੇਗੁਨਾਹ ਲੋਕਾਂ ਖਿਲਾਫ ਚਾਲਾਨ ਦਿੱਤਾ ਗਿਆ ਹੈ, ਜੋ ਕਿ ਡੀਜੀਪੀ ਪੰਜਾਬ ਰਾਹੀਂ ਕਰਵਾਈ ਜਾਂਚ ਵਿੱਚ ਬੇਗੁਨਾਹ ਦਿੱਤੇ ਗਏ ਹਨ। ਉਨ੍ਹਾਂ ਇਸ ਤਰ੍ਹਾਂ ਕਰਕੇ ਧੱਕੇਸ਼ਾਹੀ ਦੀ ਇੱਕ ਨਿਵੇਕਲੀ ਉਦਾਹਣ ਸੈਟ ਕੀਤੀ ਹੈ।

ਐਡਵੋਕੇਟ ਦੀਪਕ ਨੇ ਦੱਸਿਆ ਕਿ ਥਾਣਾ ਮਕਸੂਦਾਂ ਜਲੰਧਰ ਤਹਿਤ ਆਉਂਦੇ ਪਿੰਡਾਂ ਵਿੱਚ ਫੈਲੇ ਨਸ਼ੇ ਤੇ ਉਸ ਕਾਰਨ ਹੋ ਰਹੀਆਂ ਮੌਤਾਂ ਦੇ ਖਿਲਾਫ ਪੀੜਤ ਲੋਕਾਂ ਵੱਲੋਂ ਮਿਤੀ 23 ਜੁਲਾਈ 2023 ਨੂੰ ਪਠਾਨਕੋਟ ਰੋਡ ਸਥਿਤ ਨੂਰਪੁਰ ਅੱਡੇ ’ਤੇ ਪ੍ਰਦਰਸ਼ਨ ਕੀਤਾ ਗਿਆ ਸੀ। ਇਸ ਵਿੱਚ ਬਸਪਾ ਆਗੂ ਐਡਵੋਕੇਟ ਬਲਵਿੰਦਰ ਕੁਮਾਰ, ਜੋ ਕਿ ਹਲਕੇ ਦੇ ਲੋਕਾਂ ਦੀ ਨੁਮਾਇੰਦਗੀ ਕਰਦੇ ਹਨ, ਵੀ ਸ਼ਾਮਿਲ ਹੋਏ ਸਨ। ਲੋਕਾਂ ਵੱਲੋਂ ਥਾਣਾ ਖੇਤਰ ਵਿੱਚ ਫੈਲੇ ਨਸ਼ੇ ਤੇ ਉਸ ਕਾਰਨ ਹੋ ਰਹੀਆਂ ਮੌਤਾਂ ਦੇ ਮੁੱਦੇ ’ਤੇ ਸ਼ਾਂਤੀਪੂਰਨ ਪ੍ਰਦਰਸ਼ਨ ਕੀਤਾ ਗਿਆ ਤੇ ਕੋਈ ਹਾਈਵੇਅ ਜਾਮ ਨਹੀਂ ਕੀਤਾ ਗਿਆ। ਇਸਦੀ ਵੀਡੀਓਗ੍ਰਾਫੀ ਵੀ ਮੌਜ਼ੂਦ ਹੈ, ਜੋ ਕਿ ਉਸ ਸਮੇਂ ਕਵਰੇਜ ਲਈ ਪਹੁੰਚੇ ਮੀਡੀਆ ਚੈਨਲ ਵੱਲੋਂ ਕੀਤੀ ਗਈ ਸੀ। ਪਰ ਉਸ ਸਮੇਂ ਦੇ ਥਾਣਾ ਮਕਸੂਦਾਂ ਮੁਖੀ ਸਿਕੰਦਰ ਸਿੰਘ ਵਿਰਕ ਵੱਲੋਂ ਉਨ੍ਹਾਂ ਦੀ ਆਵਾਜ਼ ਦਬਾਉਣ ਦੇ ਲਈ ਸਾਜਿਸ਼ਨ ਆਪਣੇ ਮੁਲਾਜ਼ਮਾਂ ਤੋਂ ਖੁਦ ਹੀ ਹਾਈਵੇਅ ’ਤੇ ਚਲਦੇ ਟ੍ਰੈਫਿਕ ਨੂੰ ਜਾਮ ਕਰਵਾ ਕੇ ਪ੍ਰਦਰਸ਼ਨ ਕਰਨ ਵਾਲੇ ਲੋਕਾਂ ’ਤੇ ਹਾਈਵੇ ਜਾਮ ਕਰਨ ਤੇ ਸਰਕਾਰੀ ਸੰਪਤੀ ਨੂੰ ਨੁਕਸਾਨ ਪਹੁੰਚਣ ਦਾ ਇੱਕ ਝੂਠਾ ਮੁਕੱਦਮਾ 85/23 ਦਰਜ ਕਰ ਦਿੱਤਾ ਗਿਆ। ਇਹ ਮੁਕੱਦਮਾ ਪਹਿਲਾਂ ਐਡਵੋਕੇਟ ਬਲਵਿੰਦਰ ਕੁਮਾਰ ਸਮੇਤ 13 ਲੋਕਾਂ ’ਤੇ ਨਾਂ ਸਹਿਤ ਅਤੇ 152 ਅਣਪਛਾਤੇ ਲੋਕਾਂ ’ਤੇ ਕੀਤਾ ਗਿਆ ਸੀ। ਇਸ ਦੇ ਖਿਲਾਫ ਅਸੀਂ ਡੀਜੀਪੀ ਪੰਜਾਬ ਨੂੰ ਮਿਲੇ ਤੇ ਉਨ੍ਹਾਂ ਆਪਣੀ ਨਿਗਰਾਨੀ ਹੇਠ ਇਸਦੀ ਇਨਕੁਆਰੀ ਐਸਐਸਪੀ ਹੁਸ਼ਿਆਰਪੁਰ ਨੂੰ 11 ਸਤੰਬਰ 2024 ਨੂੰ ਭੇਜੀ ਤੇ ਉਨ੍ਹਾਂ ਫੇਰ ਇਸਦੀ ਜਾਂਚ ਐਸਪੀ (ਹੈੱਡਕੁਆਰਟਰ) ਕੋਲ ਕਾਰਵਾਈ ਤੇ ਉਨ੍ਹਾਂ ਪੁਲਿਸ ਤੇ ਸਾਡੇ ਦੋਵਾਂ ਧਿਰਾਂ ਦੇ ਬਿਆਨ ਲਏ। ਧਰਨਾ ਸਬੰਧੀ ਇਲੈਕਟ੍ਰੋਨਿਕ ਮੀਡੀਆ ਦੀ ਵੀਡੀਓ ਦੇਖੀ। ਇਸ ਦੇ ਆਧਾਰ ’ਤੇ ਉਨ੍ਹਾਂ ਆਪਣੀ ਜਾਂਚ ਵਿੱਚ ਕਿਹਾ ਕਿ ਮੁਕੱਦਮੇ ਵਿੱਚ ਨਾਮਜ਼ਦ ਲੋਕਾਂ ਨੇ ਕੋਈ ਹਾਈਵੇ ਜਾਮ ਨਹੀਂ ਕੀਤਾ, ਇਹ ਬੇਗੁਨਾਹ ਹਨ। ਉਨ੍ਹਾਂ ਇਹ ਮੁਕੱਦਮਾ ਰੱਦ ਕਰਨ ਦੀ ਸਿਫਾਰਿਸ਼ ਕੀਤੀ। ਇਹ ਰਿਪੋਰਟ ਡੀਜੀਪੀ ਪੰਜਾਬ ਨੂੰ ਭੇਜੀ ਤੇ ਉਨ੍ਹਾਂ ਇਹ ਰਿਪੋਰਟ ਡਾਇਰੈਕਟਰ ਪੀਬੀਆਈ ਨੂੰ ਭੇਜੀ ਤੇ ਉਨ੍ਹਾਂ ਨੇ ਜਲੰਧਰ ਦਿਹਾਤੀ ਦੇ ਐਸਐਸਪੀ ਨੂੰ ਇਸ ਦੀ ਅਖਰਾਜ ਰਿਪੋਰਟ ਕੋਰਟ ਵਿੱਚ ਪੇਸ਼ ਕਰਨ ਲਈ ਕਿਹਾ। ਪਰ ਮੌਜ਼ੂਦਾ ਐਸਐਸਪੀ ਹਰਵਿੰਦਰ ਸਿੰਘ ਵਿਰਕ ਦੇ ਕਹਿਣ ’ਤੇ ਮੌਜੂਦਾ ਥਾਣਾ ਮਕਸੂਦਾਂ ਮੁਖੀ ਬਿਕਰਮ ਸਿੰਘ ਨੇ ਖੁਦ ਹੀ ਪਹਿਲੇ ਥਾਣਾ ਮੁਖੀ ਸਿਕੰਦਰ ਸਿੰਘ ਵਿਰਕ, ਜਿਸਨੇ ਇਹ ਝੂਠਾ ਮੁਕਦਮਾ ਦਰਜ ਕੀਤਾ ਸੀ, ਉਸਦੇ ਇੱਕਤਰਫਾ ਬਿਆਨ ਲੈ ਕੇ ਆਪਣੇ ਤੌਰ ’ਤੇ ਇਹ ਰਿਪੋਰਟ ਬਣਾ ਦਿੱਤੀ ਕਿ ਮੁਕੱਦਮੇ ਵਿੱਚ ਨਾਮਜ਼ਦ ਲੋਕ ਦੋਸ਼ੀ ਹਨ। ਐਸਐਸਪੀ ਹਰਵਿੰਦਰ ਸਿੰਘ ਵਿਰਕ ਨੇ 42 ਲੋਕਾਂ ਨੂੰ ਜਿਨ੍ਹਾਂ ਨੂੰ ਪਹਿਲਾਂ ਡੀਜੀਪੀ ਦੀ ਜਾਂਚ ਰਾਹੀਂ ਬੇਗੁਨਾਹ ਦਿੱਤਾ ਜਾ ਚੁੱਕਾ ਹੈ, ਉਨ੍ਹਾਂ ਦਾ ਚਲਾਨ 2 ਸਤੰਬਰ 2025 ਨੂੰ ਕੋਰਟ ਵਿੱਚ ਪੇਸ਼ ਕਰਵਾ ਦਿੱਤਾ, ਜੋ ਕਿ ਇਨ੍ਹਾਂ ਵੱਲੋਂ ਸਿੱਧੀ ਧੱਕੇਸ਼ਾਹੀ ਹੈ। ਇਨ੍ਹਾਂ 42 ਲੋਕਾਂ ਵਿੱਚੋਂ ਜਿਆਦਾਤਰ ਪਿੰਡ ਨੂਰਪੁਰ, ਨੰਗਲ, ਨੂਰਪੁਰ ਕਲੋਨੀ, ਬੁਲੰਦਪੁਰ ਦੇ ਦਲਿਤ, ਮਜ਼ਦੂਰ ਲੋਕ ਹਨ, ਜੋ ਉਨ੍ਹਾਂ ਦੇ ਇਲਾਕੇ ਵਿੱਚ ਫੈਲੇ ਨਸ਼ੇ ਤੋਂ ਪੀੜਤ ਸਨ। ਅਸੀਂ ਡੀਜੀਪੀ ਪੰਜਾਬ ਨੂੰ ਕਹਿਣਾ ਚਾਹੁੰਦੇ ਹਾਂ ਕਿ ਉਹ ਇਸ ਮਾਮਲੇ ਦਾ ਨੋਟਿਸ ਲੈਣ, ਕਿਉਂਕਿ ਇਹ ਮਾਮਲਾ ਪਹਿਲਾਂ ਹੀ ਉਨ੍ਹਾਂ ਦੇ ਧਿਆਨ ਵਿੱਚ ਹੈ। ਡੀਜੀਪੀ ਪੰਜਾਬ ਇਸ ਮਾਮਲੇ ਵਿੱਚ ਇਨਸਾਫ ਕਰਨ ਤੇ ਉਕਤ ਅਧਿਕਾਰੀਆਂ ਖਿਲਾਫ ਕਾਰਵਾਈ ਕੀਤੀ ਜਾਵੇ। ਇਸ ਮੌਕੇ ਐਡਵੋਕੇਟ ਐਚ.ਡੀ. ਸਾਂਪਲਾ, ਐਡਵੋਕੇਟ ਜਸਵਿੰਦਰ ਪਾਲ, ਬਸਪਾ ਆਗੂ ਬਾਬੂ ਮੁਨੀ ਲਾਲ, ਬਸਪਾ ਆਗੂ ਪਾਲੀ ਹੁਸੈਨਪੁਰ, ਬਸਪਾ ਆਗੂ ਬਿੰਦਰ ਹੁਸੈਨਪੁਰ ਤੇ ਬਸਪਾ ਆਗੂ ਰਾਕੇਸ਼ ਕੇਸ਼ਾ ਆਦਿ ਵੀ ਮੌਜ਼ੂਦ ਸਨ।

Leave a Reply

Your email address will not be published. Required fields are marked *