ਦੀਪਕ ਠਾਕੁਰ
ਤਲਵਾਡ਼ਾ,27 ਅਗਸਤ-ਗੌਰਮਿੰਟ ਟੀਚਰਜ਼ ਯੂਨੀਅਨ (ਜੀਟੀਯੂ) ਪੰਜਾਬ ਜ਼ਿਲ੍ਹਾ ਹੁਸ਼ਿਆਰਪੁਰ ਨੇ ਸਿੱਖਿਆ ਮੰਤਰੀ ਤੋਂ ਸਤੰਬਰ ਮਹੀਨੇ ਦੀਆਂ ਪ੍ਰੀਖਿਆਵਾਂ ਮੁਲਤਵੀ ਕਰਨ ਦੀ ਮੰਗ ਕੀਤੀ ਹੈ। ਜੀਟੀਯੂ ਨੇ ਇਹ ਪ੍ਰੀਖਿਆਵਾਂ ਸਤੰਬਰ ਦੇ ਆਖ਼ਿਰ ’ਚ ਕਰਵਾਉਣ ਦੀ ਮੰਗ ਕੀਤੀ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਪ੍ਰਧਾਨ ਪ੍ਰਿੰ.ਅਮਨਦੀਪ ਸ਼ਰਮਾ ਅਤੇ ਜਨਰਲ ਸਕੱਤਰ ਜਸਵੀਰ ਤਲਵਾਡ਼ਾ ਨੇ ਦਸਿਆ ਕਿ ਪੰਜਾਬ ਦੇ ਅੱਧੇ ਤੋਂ ਵਧ ਜ਼ਿਲ੍ਹੇ ਹਡ਼੍ਹਾਂ ਦੀ ਮਾਰ ਝੱਲ ਰਹੇ ਹਨ, ਗਰਮੀਆਂ ਦੀ ਛੁੱਟੀਆਂ ਤੋਂ ਬਾਅਦ ਬਹੁਤ ਸਾਰੇ ਪ੍ਰਾਇਮਰੀ ਅਤੇ ਅਪੱਰ ਪ੍ਰਾਇਮਰੀ ਸਕੂਲ ਲਗਾਤਾਰ ਬੰਦ ਚੱਲ ਰਹੇ ਹਨ। ਹਿਮਾਚਲ ਪ੍ਰਦੇਸ਼ ’ਚ ਲਗਾਤਾਰ ਬਾਰਿਸ਼ ਹੋ ਰਹੀ ਹੈ, ਅਤੇ ਡੈਮਾਂ ਤੋਂ ਪਾਣੀ ਛੱਡੇ ਜਾਣ ਕਾਰਨ ਪੰਜਾਬ ਦੇ ਅਨੇਕਾਂ ਇਲਾਕੇ ਡੱੁਬੇ ਹੋਏ ਹਨ। ਅਜਿਹੇ ਹਾਲਾਤਾਂ ’ਚ ਪੰਜਾਬ ਸਰਕਾਰ ਨੂੰ ਇੱਕ ਵਾਰ ਫ਼ਿਰ ਅਨੇਕਾਂ ਸਕੂਲ ਬੰਦ ਕਰਨੇ ਪੈ ਗਏ ਹਨ। ਅਗਸਤ ਮਹੀਨੇ ਦੇ ਆਖ਼ਿਰ ’ਚ ਅਪੱਰ ਪ੍ਰਾਇਮਰੀ ਸਕੂਲਾਂ ਦੀਆਂ ਜੋਨ ਅਤੇ ਜ਼ਿਲ੍ਹਾ ਪੱਧਰੀ ਖੇਡਾਂ ਸ਼ੁਰੂ ਹੋ ਗਈਆਂ ਹਨ, ਜਿਸ ਦੇ ਮੱਦੇਨਜ਼ਰ ਸਕੂਲਾਂ ’ਚ ਪਡ਼੍ਹਾਈ ਦਾ ਸ਼ਡਿਊਲ ਵਿਗਡ਼ ਗਿਆ ਹੈ, ਉੱਥੇ ਹੀ ਸਿੱਖਿਆ ਵਿਭਾਗ ਦੇ ਉਚ ਅਧਿਕਾਰੀਆਂ ਵੱਲੋਂ ਬੱਚਿਆਂ ਦੀਆਂ ਸਤੰਬਰ ਪ੍ਰੀਖਿਆਵਾਂ ਪਹਿਲੀ ਤਾਰੀਕ ਤੋਂ ਸ਼ੁਰੂ ਕੀਤੀਆਂ ਜਾ ਰਹੀਆਂ ਹਨ। ਜਦਕਿ ਦੂਜੇ ਪਾਸੇ ਪਹਿਲੀ ਸਤੰਬਰ ਤੋਂ ਹੀ ਪੰਜਾਬ ਸਰਕਾਰ ਵੱਲੋਂ ਬੱਚਿਆਂ ਦੀਆਂ ‘ਖੇਡਾਂ ਵਤਨ ਪੰਜਾਬ ਦੀਆਂ’ ਸ਼ੁਰੂ ਕੀਤੀਆਂ ਜਾ ਰਹੀਆਂ ਹਨ। ਨਾਲ ਹੀ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੇ ਨਵੇਂ ਪ੍ਰਾਜੈਕਟ ‘ਸਮਰੱਥ’ ਅਧੀਨ ਅਧਿਆਪਕਾਂ ਦੇ ਸੈਮੀਨਾਰ ਸ਼ੁਰੂ ਹੋ ਰਹੇ ਹਨ। ਜੀਟੀਯੂ ਨੇ ਸਿੱਖਿਆ ਮੰਤਰੀ ਪੰਜਾਬ ਤੋਂ ਬੱਚਿਆਂ ਦੀ ਪਡ਼੍ਹਾਈ ’ਚ ਆਈਆਂ ਰੁਕਾਵਟਾਂ ਨੂੰ ਮੁੱਖ ਰੱਖਦਿਆਂ ਸਤੰਬਰ ਦੀ ਪ੍ਰੀਖਿਆ ਹਾਲ ਦੀ ਘਡ਼ੀ ਮੁਲਤਵੀ ਕਰਨ ਅਤੇ ਪ੍ਰੀਖਿਆ ਮਹੀਨੇ ਦੇ ਆਖ਼ਿਰੀ ਹਫ਼ਤੇ ’ਚ ਕਰਵਾਉਣ ਦੀ ਮੰਗ ਕੀਤੀ ਹੈ। ਤਾਂ ਜੋ ਵਿਦਿਆਰਥੀ ਖੇਡਾਂ ਤੋਂ ਵਿਹਲੇ ਹੋ ਕੇ ਅਤੇ ਅਧਿਆਪਕ ਸੈਮੀਨਾਰਾਂ ਤੋਂ ਵਾਪਸ ਆ ਕੇ ਇਹ ਪ੍ਰੀਖਿਆ ਸੁਚੱਜੇ ਢੰਗ ਨਾਲ ਆਪਣੇ ਸਕੂਲਾਂ ’ਚ ਕਰਵਾ ਸਕਣ। ਹੋਰਨਾਂ ਤੋਂ ਇਲਾਵਾ ਇਸ ਮੌਕੇ ਜੀਟੀਯੂ ਦੇ ਜ਼ਿਲ੍ਹਾ ਆਗੂ ਲੈਕ ਅਮਰ ਸਿੰਘ, ਪ੍ਰਿਤਪਾਲ ਸਿੰਘ ਚੌਟਾਲਾ, ਲੈਕ ਹਰਵਿੰਦਰ ਸਿੰਘ, ਜਸਵੰਤ ਮੁਕੇਰੀਆਂ, ਵਰਿੰਦਰ ਵਿੱਕੀ, ਮਨਜੀਤ ਮੁਕੇਰੀਆਂ, ਸੰਜੀਵ ਧੂਤ, ਸ਼ਾਮ ਸੁੰਦਰ ਕਪੂਰ, ਸਤਵਿੰਦਰ ਸਿੰਘ ਮਾਹਿਲਪੁਰ, ਕਮਲਦੀਪ ਭੂੰਗਾ ਆਦਿ ਹਾਜ਼ਰ ਸਨ।





