ਜਲੰਧਰ( ਜਸਪਾਲ ਕੈਂਥ)-ਪੁੱਡਾ ਦੇ ਅਧੀਨ ਪੈਂਦੇ ਪਿੰਡ ਲਿੱਧੜਾਂ ਵਿਖੇ ਇੱਕ ਗਿੱਲ ਨਾਮਕ ਕਲੋਨਾਜ਼ਰ ਵੱਲੋਂ ਦੋ ਨਜਾਇਜ਼ ਕਲੋਨੀਆਂ ਕੱਟ ਕੇ ਸਰਕਾਰ ਨੂੰ ਵੱਡੇ ਪੱਧਰ ’ਤੇ ਚੂਨਾ ਲਗਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਅਨੁਸਾਰ, ਇਸ ਕਲੋਨਾਜ਼ਰ ਨੇ ਪਹਿਲਾਂ ਪਿੰਡ ਲਿੱਧੜਾਂ ਵਿੱਚ ਹੀ ਇੱਕ ਗੈਰਕਾਨੂੰਨੀ ਕਲੋਨੀ ਕੱਟੀ, ਜਿਸ ਤੋਂ ਬਾਅਦ ਹੁਣ ਸੂਰਾਨੁਸੀ–ਲਿੱਧੜਾਂ ਰੋਡ ’ਤੇ ਦੂਜੀ ਨਜਾਇਜ਼ ਕਲੋਨੀ ਦੀ ਸ਼ੁਰੂਆਤ ਕਰ ਦਿੱਤੀ ਗਈ ਹੈ।

ਸੂਤਰਾਂ ਮੁਤਾਬਕ, ਕਲੋਨਾਜ਼ਰ ਵੱਲੋਂ ਲੋਕਾਂ ਨੂੰ ਇਹ ਕਹਿ ਕੇ ਗੁਮਰਾਹ ਕੀਤਾ ਜਾ ਰਿਹਾ ਹੈ ਕਿ ਉਸ ਦੀ ਕਲੋਨੀ ਪੁੱਡਾ ਤੋਂ ਪਾਸ ਹੈ ਅਤੇ ਪਲਾਟਾਂ ਦੀ ਰਜਿਸਟਰੀ ਕਰਵਾਉਣ ਵਿੱਚ ਕਿਸੇ ਕਿਸਮ ਦੀ ਕੋਈ ਰੁਕਾਵਟ ਨਹੀਂ ਆਵੇਗੀ। ਪਤਾ ਲੱਗਾ ਹੈ ਕਿ ਪਹਿਲੀ ਕਲੋਨੀ ਵਿੱਚ ਵੀ ਲੋਕਾਂ ਨੂੰ ਇਹੀ ਝਾਂਸਾ ਦੇ ਕੇ ਪਲਾਟ ਵੇਚੇ ਗਏ ਸਨ, ਜਿਸ ਕਾਰਨ ਅੱਜ ਕਈ ਲੋਕ ਗੰਭੀਰ ਮੁਸ਼ਕਲਾਂ ਦਾ ਸਾਹਮਣਾ ਕਰ ਰਹੇ ਹਨ।
ਹੈਰਾਨੀ ਦੀ ਗੱਲ ਇਹ ਹੈ ਕਿ ਪਹਿਲੀ ਨਜਾਇਜ਼ ਕਲੋਨੀ ਦੇ ਮਾਮਲੇ ਹਾਲੇ ਨਿਪਟੇ ਵੀ ਨਹੀਂ ਸਨ ਕਿ ਸੰਬੰਧਿਤ ਕਲੋਨਾਜ਼ਰ ਨੇ ਬਿਨਾਂ ਕਿਸੇ ਮਨਜ਼ੂਰੀ ਦੇ ਸੂਰਾਨੁਸੀ–ਲਿੱਧੜਾਂ ਰੋਡ ’ਤੇ ਦੂਜੀ ਕਲੋਨੀ ਕੱਟਣ ਦਾ ਕੰਮ ਸ਼ੁਰੂ ਕਰ ਦਿੱਤਾ।
ਇਸ ਮਾਮਲੇ ਸਬੰਧੀ ਜਲੰਧਰ ਦੇ ਇੱਕ ਆਰਟੀਆਈ ਐਕਟੀਵਿਸਟ ਵੱਲੋਂ ਪੁੱਡਾ ਅਥਾਰਟੀ ਨੂੰ ਲਿਖਤੀ ਸ਼ਿਕਾਇਤ ਦਰਜ ਕਰਵਾਈ ਗਈ ਹੈ। ਸ਼ਿਕਾਇਤ ਵਿੱਚ ਮੰਗ ਕੀਤੀ ਗਈ ਹੈ ਕਿ ਨਜਾਇਜ਼ ਕਲੋਨੀ ਕੱਟਣ ਵਾਲੇ ਵਿਅਕਤੀ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ ਅਤੇ ਗੈਰਕਾਨੂੰਨੀ ਤੌਰ ’ਤੇ ਬਣਾਈ ਗਈ ਕਲੋਨੀ ਨੂੰ ਢਹਿ-ਢੇਰੀ ਕੀਤਾ ਜਾਵੇ, ਤਾਂ ਜੋ ਭੋਲੇ-ਭਾਲੇ ਲੋਕਾਂ ਨਾਲ ਹੋ ਰਹੀ ਠੱਗੀ ਨੂੰ ਰੋਕਿਆ ਜਾ ਸਕੇ।
ਹੁਣ ਦੇਖਣਾ ਇਹ ਹੈ ਕਿ ਪੁੱਡਾ ਅਤੇ ਜ਼ਿਲ੍ਹਾ ਪ੍ਰਸ਼ਾਸਨ ਇਸ ਗੰਭੀਰ ਮਾਮਲੇ ’ਚ ਕਿੰਨੀ ਜਲਦੀ ਅਤੇ ਕਿੰਨੀ ਸਖ਼ਤੀ ਨਾਲ ਕਾਰਵਾਈ ਕਰਦਾ ਹੈ।





