ਦੀਪਕ ਠਾਕੁਰ
ਤਲਵਾਡ਼ਾ,24 ਜਨਵਰੀ-ਮਾਈਨਿੰਗ ਵਿਭਾਗ ਨੇ ਥਾਣਾ ਤਲਵਾਡ਼ਾ ਅਧੀਨ ਆਉਂਦੇ ਪਿੰਡ ਚੱਕਮੀਰਪੁਰ ਵਿਖੇ ਬਿਆਸ ਦਰਿਆ ’ਚ ਲੱਗੇ ਗੋਲਡਨ ਸਟੋਨ ਕਰੱਸ਼ਰ ਖ਼ਿਲਾਫ਼ ਨਾਜਾਇਜ਼ ਖਣਨ ਦੇ ਦੋਸ਼ ਹੇਠ ਮਾਮਲਾ ਦਰਜ ਕੀਤਾ ਹੈ। ਇਹ ਜਾਣਕਾਰੀ ਦਿੰਦੇ ਹੋਇਆਂ ਮਾਈਨਿੰਗ ਵਿਭਾਗ ਦੇ ਜੇਈ ਕਮ ਮਾਈਨਿੰਗ ਇੰਸਪੈਕਟਰ ਦੀਪਕ ਛਾਬਡ਼ਾ ਨੇ ਦੱਸਿਆ ਕਿ ਜ਼ਿਲ੍ਹਾ ਪੁਲੀਸ ਮੁਖੀ ਦੇ ਨਿਰਦੇਸ਼ਾਂ ’ਤੇ ਸੀਆਈਏ ਸਟਾਫ਼ ਦੀ ਟੀਮ ਨੇ ਬੀਤੇ ਦਿਨ ਗੋਲਡਨ ਕਰਮਜੋਤ ਸਟੋਨ ਕਰੱਸ਼ਰ ’ਤੇ ਰੇਡ ਕੀਤੀ ਸੀ। ਮੌਕੇਹ ’ਤੇ ਤਲਵਾਡ਼ਾ ਪੁਲੀਸ ਦੇ ਸਹਿਯੋਗ ਨਾਲ ਗੈਰਕਾਨੂੰਨੀ ਮਾਈਨਿੰਗ ‘ਚ ਲੱਗੀ ਮਸ਼ੀਨਰੀ ਨੂੰ ਕਾਬੂ ਕੀਤਾ ਹੈ। ਜਿਸ ਵਿਚ ਦੋ ਪੋਕਲੇਨ ਮਸ਼ੀਨ, ਇੱਕ ਟਿੱਪਰ, ਜੇਸੀਬੀ ਮਸ਼ੀਨ ਆਦਿ ਸ਼ਾਮਲ ਹਨ। ਮਾਈਨਿੰਗ ਵਿਭਾਗ ਨੇ ਮਾਈਨਰ ਮਿਨਰਲ ਐਕਟ-1957 ਤਹਿਤ ਕਰੱਸ਼ਰ ਮਾਲਕ ਗੋਲਡਨ ਕਰਮਜੋਤ ਸਟੋਨ ਕਰੱਸ਼ਰ, ਚਾਲਕ ਭੁਪਿੰਦਰ ਸਿੰਘ ਵਾਸੀ ਗਗਡ਼, ਰਾਜੇਸ਼ ਕੁਮਾਰ ਵਾਸੀ ਚੰਗਡ਼ਵਾ ਅਤੇ ਇੱਕ ਅਣਪਛਾਤੇ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਆਰੰਭ ਦਿੱਤੀ ਹੈ।
ਜ਼ਿਕਰਯੋਗ ਹੈ ਕਿ ਤਲਵਾਡ਼ਾ ਅਤੇ ਹਾਜੀਪੁਰ ਖ਼ੇਤਰ ’ਚ ਵੱਡੇ ਪੱਧਰ ’ਤੇ ਕਥਿਤ ਮਾਈਨਿੰਗ ਦਾ ਕਾਰੋਬਾਰ ਚੱਲ ਰਿਹਾ ਹੈ। ਮਾਈਨਿੰਗ ਵਿਭਾਗ ਵੱਲੋਂ ਨਾਜਾਇਜ਼ ਖਣਨ ’ਤੇ ਨਕੇਲ ਕੱਸਣ ਦੇ ਦਾਅਵੇ ਕੀਤੇ ਜਾ ਰਹੇ ਹਨ। ਮਾਈਨਿੰਗ ਵਿਭਾਗ ਦੇ ਜੇਈ ਦੀਪਕ ਛਾਬਡ਼ਾ ਨੇ ਦਸਿਆ ਕਿ ਲੰਘੇ ਇੱਕ ਸਾਲ ’ਚ ਉਨ੍ਹਾ ਉਪ ਮੰਡਲ ਦਸੂਹਾ ਅਧੀਨ 40 ਤੋਂ ਵਧ ਨਾਜਾਇਜ਼ ਮਾਈਨਿੰਗ ਦੇ ਮਾਮਲੇ ਦਰਜ ਕੀਤੇ ਹਨ। ਲਗਭਗ ਡੇਢ ਕਰੋਡ਼ ਰੁਪਏ ਦੀ ਵਸੂਲੀ ਕੀਤੀ ਗਈ ਹੈ। ਖ਼ੇਤਰ ’ਚ ਨਾਜਾਇਜ਼ ਖਣਨ ਨੂੰ ਰੋਕਣ ਲਈ ਵਿਭਾਗ ਚੌਕਸ ਹੈ। ਨਵੀਆਂ ਹਦਾਇਤਾਂ ਮੁਤਾਬਕ ਪਹਾਡ਼ਾਂ ’ਚ ਖੁਦਾਈ ਨਹੀਂ ਕੀਤੀ ਜਾ ਸਕਦੀ।





