*ਘਾਹ ਮੰਡੀ ਨੇੜੇ ਡੋਲੀ ਪੈਲਸ ਢਾਹ ਕੇ ਨਜਾਇਜ਼ ਕਲੋਨੀ ਕੱਟਣ ਦਾ ਮਾਮਲਾ ਸਾਹਮਣੇ ਆਇਆ , ਐਲਸੀਡੀਆ ਵੇਚਣ ਵਾਲਾ ਅਤੇ ਅਰਜ਼ੀ ਨਵੀਸ਼ ਕਲੋਨੀ ਦਾ ਮਾਲਕ*

देश पंजाब
Spread the love

ਜਲੰਧਰ (ਜਸਪਾਲ ਕੈਂਥ )-ਸ਼ਹਿਰ ਦੀ ਘਾਹ ਮੰਡੀ ਦੇ ਨਜ਼ਦੀਕ ਸਥਿਤ ਡੋਲੀ ਪੈਲਸ ਨੂੰ ਢਾਹ ਕੇ ਨਜਾਇਜ਼ ਤੌਰ ’ਤੇ ਕਲੋਨੀ ਕੱਟਣ ਦਾ ਗੰਭੀਰ ਮਾਮਲਾ ਸਾਹਮਣੇ ਆਇਆ ਹੈ। ਪ੍ਰਾਪਤ ਜਾਣਕਾਰੀ ਮੁਤਾਬਕ ਇਹ ਨਜਾਇਜ਼ ਕਲੋਨੀ ਲਗਭਗ ਇਕ ਏਕੜ ਰਕਬੇ ’ਚ ਵਿਕਸਿਤ ਕੀਤੀ ਜਾ ਰਹੀ ਹੈ, ਜਿਸ ਨਾਲ ਸਰਕਾਰ ਦੇ ਮਾਲੀਏ ਨੂੰ ਵੱਡੇ ਪੱਧਰ ’ਤੇ ਚੂਨਾ ਲਗਾਇਆ ਜਾ ਰਿਹਾ ਹੈ।

ਸੂਤਰਾਂ ਅਨੁਸਾਰ, ਇਸ ਕਲੋਨੀ ਨੂੰ ਕੱਟਣ ਵਾਲੇ ਵਿਅਕਤੀ ਤਹਿਸੀਲ ਕੰਪਲੈਕਸ ਵਿੱਚ ਅਰਜ਼ੀ ਨਿਵਿਸ਼ ਕਰਨ ਅਤੇ ਉਥੇ ਹੀ ਐਲਸੀਡੀਜ਼ ਵੇਚਣ ਦੇ ਕੰਮ ਨਾਲ ਜੁੜੇ ਹੋਏ ਦੱਸੇ ਜਾ ਰਹੇ ਹਨ। ਦੋਵੇਂ ਹਿੱਸੇਦਾਰ ਆਪਸੀ ਮਿਲੀਭਗਤ ਨਾਲ ਨਜਾਇਜ਼ ਤੌਰ ’ਤੇ ਕਲੋਨੀ ਵਿਕਸਿਤ ਕਰ ਰਹੇ ਹਨ।

ਜਾਣਕਾਰੀ ਅਨੁਸਾਰ, ਬੀਤੇ ਦਿਨ ਡੋਲੀ ਪੈਲਸ ਨੂੰ ਪੂਰੀ ਤਰ੍ਹਾਂ ਢਾਹ ਦਿੱਤਾ ਗਿਆ ਅਤੇ ਉਸਦੀ ਚਾਰਦੀਵਾਰੀ ’ਚ ਵੱਡਾ ਗੇਟ ਲਗਾ ਕੇ ਅੰਦਰ ਤੇਜ਼ੀ ਨਾਲ ਨਜਾਇਜ਼ ਕਲੋਨੀ ਕੱਟਣ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ। ਅੱਜ ਪੱਤਰਕਾਰਾਂ ਵੱਲੋਂ ਮੌਕੇ ’ਤੇ ਦੌਰਾ ਕਰਨ ਦੌਰਾਨ ਦੇਖਿਆ ਗਿਆ ਕਿ ਕਲੋਨੀ ਦਾ ਵਿਕਾਸ ਬੜੀ ਤੇਜ਼ੀ ਨਾਲ ਕੀਤਾ ਜਾ ਰਿਹਾ ਹੈ ਅਤੇ ਅੰਦਰ ਸੀਵਰੇਜ ਲਾਈਨ ਵੀ ਪਾਈ ਜਾ ਚੁੱਕੀ ਹੈ। ਜਾਣਕਾਰੀ ਮਿਲੀ ਹੈ ਕਿ ਇਸ ਸੀਵਰੇਜ ਨੂੰ ਰਾਤੋਂ-ਰਾਤ ਨਗਰ ਨਿਗਮ ਦੀ ਮੁੱਖ ਸੀਵਰੇਜ ਲਾਈਨ ਨਾਲ ਗੈਰਕਾਨੂੰਨੀ ਤੌਰ ’ਤੇ ਜੋੜਨ ਦੀ ਤਿਆਰੀ ਹੈ।

ਇਸ ਤੋਂ ਇਲਾਵਾ, ਕਲੋਨੀ ਦੇ ਮਾਲਕਾਂ ਵੱਲੋਂ ਲੋਕਾਂ ਨੂੰ ਇਹ ਕਹਿ ਕੇ ਗੁਮਰਾਹ ਕੀਤਾ ਜਾ ਰਿਹਾ ਹੈ ਕਿ ਕਲੋਨੀ ਪਾਸ ਹੈ ਅਤੇ ਇਸ ਵਿੱਚ ਪਲਾਟਾਂ ਦੀ ਰਜਿਸਟਰੀ ਕਰਵਾਉਣ ਵਿੱਚ ਕੋਈ ਮੁਸ਼ਕਲ ਨਹੀਂ ਆਵੇਗੀ, ਜਿਸ ਨਾਲ ਨਿਰਦੋਸ਼ ਲੋਕਾਂ ਨੂੰ ਹਨੇਰੇ ਵਿੱਚ ਰੱਖਿਆ ਜਾ ਰਿਹਾ ਹੈ।

ਇਥੇ ਇਹ ਵੀ ਜ਼ਿਕਰਯੋਗ ਹੈ ਕਿ ਪੰਜਾਬ ਸਰਕਾਰ ਵੱਲੋਂ ਸਪਸ਼ਟ ਬਿਆਨ ਜਾਰੀ ਕੀਤਾ ਗਿਆ ਸੀ ਕਿ ਜਿਹੜਾ ਵੀ ਵਿਅਕਤੀ ਨਜਾਇਜ਼ ਕਲੋਨੀ ਕੱਟਦਾ ਪਾਇਆ ਗਿਆ, ਉਸ ਖਿਲਾਫ ਪਾਪਰਾ ਐਕਟ ਅਧੀਨ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ ਅਤੇ 25 ਕਰੋੜ ਰੁਪਏ ਤੱਕ ਦਾ ਜੁਰਮਾਨਾ ਵੀ ਲਗਾਇਆ ਜਾ ਸਕਦਾ ਹੈ। ਪਰ ਇਸ ਦੇ ਬਾਵਜੂਦ ਕਲੋਨਾਈਜ਼ਰ ਸਰਕਾਰੀ ਹੁਕਮਾਂ ਨੂੰ ਟਿੱਚ ਨਾ ਜਾਣਦੇ ਹੋਏ ਬੇਖੌਫ਼ ਕੰਮ ਕਰ ਰਹੇ ਹਨ।

ਇਸ ਮਾਮਲੇ ਸਬੰਧੀ ਜਲੰਧਰ ਦੇ ਇੱਕ ਆਰਟੀਆਈ ਐਕਟਿਵਿਸਟ ਵੱਲੋਂ ਸਰਕਾਰ ਕੋਲ ਅਧਿਕਾਰਿਕ ਸ਼ਿਕਾਇਤ ਦਰਜ ਕਰਵਾਉਣ ਦੀ ਪੂਰੀ ਤਿਆਰੀ ਕਰ ਲਈ ਗਈ ਹੈ। ਪ੍ਰਸਤਾਵਿਤ ਸ਼ਿਕਾਇਤ ਵਿੱਚ ਮੰਗ ਕੀਤੀ ਗਈ ਹੈ ਕਿ ਨਜਾਇਜ਼ ਕਲੋਨੀ ਕੱਟਣ ਵਾਲਿਆਂ ਖਿਲਾਫ ਪਾਪਰਾ ਐਕਟ ਅਧੀਨ ਕੇਸ ਦਰਜ ਕਰਕੇ ਕਲੋਨੀ ਨੂੰ ਤੁਰੰਤ ਢਾਹਿਆ ਜਾਵੇ।

Leave a Reply

Your email address will not be published. Required fields are marked *