*ਘਾਹ ਮੰਡੀ ਨੇੜੇ ਡੋਲੀ ਪੈਲਸ ਢਾਹ ਕੇ ਨਜਾਇਜ਼ ਕਲੋਨੀ ਕੱਟਣ ਦਾ ਮਾਮਲਾ, ਆਰਟੀਆਈ ਐਕਟੀਵਿਸਟ ਵੱਲੋਂ ਨਗਰ ਨਿਗਮ ਨੂੰ ਸ਼ਿਕਾਇਤ*

पंजाब
Spread the love

ਜਲੰਧਰ (ਜਸਪਾਲ ਕੈਂਥ)- ਸ਼ਹਿਰ ਦੀ ਘਾਹ ਮੰਡੀ ਦੇ ਨਜ਼ਦੀਕ ਸਥਿਤ ਡੋਲੀ ਪੈਲਸ ਨੂੰ ਢਾਹ ਕੇ ਨਜਾਇਜ਼ ਤੌਰ ’ਤੇ ਕਲੋਨੀ ਕੱਟਣ ਦਾ ਗੰਭੀਰ ਮਾਮਲਾ ਬੀਤੇ ਦਿਨ ਸਾਹਮਣੇ ਆਇਆ ਸੀ। ਇਸ ਮਾਮਲੇ ਨੂੰ ਲੈ ਕੇ ਅੱਜ ਜਲੰਧਰ ਦੇ ਇੱਕ ਆਰਟੀਆਈ ਐਕਟੀਵਿਸਟ ਵੱਲੋਂ ਨਗਰ ਨਿਗਮ ਜਲੰਧਰ ਕੋਲ ਲਿਖਤੀ ਸ਼ਿਕਾਇਤ ਦਰਜ ਕਰਵਾ ਦਿੱਤੀ ਗਈ ਹੈ।

ਸ਼ਿਕਾਇਤ ਵਿੱਚ ਮੰਗ ਕੀਤੀ ਗਈ ਹੈ ਕਿ ਨਜਾਇਜ਼ ਕਲੋਨੀ ਕੱਟਣ ਵਾਲੇ ਵਿਅਕਤੀ ਖਿਲਾਫ ਤੁਰੰਤ ਅਤੇ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ। ਆਰਟੀਆਈ ਐਕਟੀਵਿਸਟ ਵੱਲੋਂ ਇਹ ਵੀ ਦਰਜ ਕਰਵਾਇਆ ਗਿਆ ਹੈ ਕਿ ਇਸ ਮਾਮਲੇ ਵਿੱਚ ਪੰਜਾਬ ਅਪਾਰਟਮੈਂਟ ਅਤੇ ਪ੍ਰਾਪਰਟੀ ਰੈਗੂਲੇਸ਼ਨ ਐਕਟ (ਪਾਪਰਾ ਐਕਟ) 1995 ਦੇ ਅਧੀਨ ਪਰਚਾ ਦਰਜ ਕੀਤਾ ਜਾਵੇ। ਨਾਲ ਹੀ ਸਰਕਾਰ ਵੱਲੋਂ ਨਜਾਇਜ਼ ਕਲੋਨੀਆਂ ਖਿਲਾਫ ਜਾਰੀ ਨਵੇਂ ਆਦੇਸ਼ਾਂ ਅਨੁਸਾਰ ਦੋਸ਼ੀ ’ਤੇ 25 ਕਰੋੜ ਰੁਪਏ ਤੱਕ ਜੁਰਮਾਨਾ ਲਗਾਉਣ ਅਤੇ ਫੌਜਦਾਰੀ ਕਾਰਵਾਈ ਕਰਨ ਦੀ ਧਾਰਾ ਵੀ ਸ਼ਾਮਲ ਕਰਨ ਦੀ ਮੰਗ ਕੀਤੀ ਗਈ ਹੈ।

ਸ਼ਿਕਾਇਤ ਵਿੱਚ ਇਹ ਵੀ ਦੋਸ਼ ਲਗਾਇਆ ਗਿਆ ਹੈ ਕਿ ਸੰਬੰਧਤ ਕਲੋਨਾਈਜ਼ਰ, ਜੋ ਕਿ ਇਲੈਕਟ੍ਰਾਨਿਕ ਸਮਾਨ ਵੇਚਣ ਦੇ ਕਾਰੋਬਾਰ ਨਾਲ ਜੁੜਿਆ ਹੋਇਆ ਹੈ, ਪਹਿਲਾਂ ਵੀ ਵੱਖ-ਵੱਖ ਥਾਵਾਂ ’ਤੇ ਨਜਾਇਜ਼ ਕੋਠੀਆਂ ਅਤੇ ਉਸਾਰੀਆਂ ਕਰਕੇ ਸਰਕਾਰ ਨੂੰ ਵੱਡੇ ਪੱਧਰ ’ਤੇ ਨੁਕਸਾਨ ਪਹੁੰਚਾ ਚੁੱਕਾ ਹੈ। ਦਿਨੋਂ-ਦਿਨ ਇਸ ਤਰ੍ਹਾਂ ਦੀਆਂ ਧੋਖਾਧੜੀਆਂ ਕਰਕੇ ਉਸ ਨੇ ਵੱਡਾ ਕਾਰੋਬਾਰੀ ਅੰਪਾਇਰ ਖੜਾ ਕਰ ਲਿਆ ਹੈ।

ਜ਼ਿਕਰਯੋਗ ਹੈ ਕਿ ਬੀਤੇ ਦਿਨ ਡੋਲੀ ਪੈਲਸ ਨੂੰ ਪੂਰੀ ਤਰ੍ਹਾਂ ਢਾਹ ਦਿੱਤਾ ਗਿਆ ਸੀ ਅਤੇ ਉਸਦੀ ਚਾਰਦੀਵਾਰੀ ਵਿੱਚ ਵੱਡਾ ਗੇਟ ਲਗਾ ਕੇ ਅੰਦਰ ਨਜਾਇਜ਼ ਕਲੋਨੀ ਕੱਟਣ ਦਾ ਕੰਮ ਤੇਜ਼ੀ ਨਾਲ ਸ਼ੁਰੂ ਕਰ ਦਿੱਤਾ ਗਿਆ। ਜਾਣਕਾਰੀ ਮੁਤਾਬਕ ਅੰਦਰ ਸੀਵਰੇਜ ਲਾਈਨ ਵੀ ਪਾਈ ਜਾ ਚੁੱਕੀ ਹੈ ਅਤੇ ਇਸਨੂੰ ਰਾਤੋਂ-ਰਾਤ ਨਗਰ ਨਿਗਮ ਦੀ ਮੁੱਖ ਸੀਵਰੇਜ ਲਾਈਨ ਨਾਲ ਗੈਰਕਾਨੂੰਨੀ ਤੌਰ ’ਤੇ ਜੋੜਨ ਦੀ ਤਿਆਰੀ ਕੀਤੀ ਜਾ ਰਹੀ ਹੈ।

ਇਸ ਤੋਂ ਇਲਾਵਾ, ਕਲੋਨੀ ਦੇ ਮਾਲਕਾਂ ਵੱਲੋਂ ਲੋਕਾਂ ਨੂੰ ਇਹ ਕਹਿ ਕੇ ਗੁਮਰਾਹ ਕੀਤਾ ਜਾ ਰਿਹਾ ਹੈ ਕਿ ਕਲੋਨੀ ਪਾਸ ਹੈ ਅਤੇ ਇੱਥੇ ਪਲਾਟਾਂ ਦੀ ਰਜਿਸਟਰੀ ਕਰਵਾਉਣ ਵਿੱਚ ਕੋਈ ਸਮੱਸਿਆ ਨਹੀਂ ਆਵੇਗੀ। ਇਸ ਨਾਲ ਨਿਰਦੋਸ਼ ਲੋਕਾਂ ਨੂੰ ਹਨੇਰੇ ਵਿੱਚ ਰੱਖ ਕੇ ਵੱਡੀ ਠੱਗੀ ਮਾਰੇ ਜਾਣ ਦਾ ਖ਼ਤਰਾ ਬਣਿਆ ਹੋਇਆ ਹੈ।

ਹੁਣ ਸਭ ਦੀਆਂ ਨਿਗਾਹਾਂ ਨਗਰ ਨਿਗਮ ਅਤੇ ਪ੍ਰਸ਼ਾਸਨ ਦੀ ਕਾਰਵਾਈ ’ਤੇ ਟਿਕੀਆਂ ਹੋਈਆਂ ਹਨ ਕਿ ਇਸ ਗੰਭੀਰ ਮਾਮਲੇ ਵਿੱਚ ਕਦੋਂ ਅਤੇ ਕਿਹੋ ਜਿਹੀ ਸਖ਼ਤ ਕਾਰਵਾਈ ਅਮਲ ਵਿੱਚ ਲਿਆਈ ਜਾਂਦੀ ਹੈ।

Leave a Reply

Your email address will not be published. Required fields are marked *