ਹੁਸ਼ਿਆਰਪੁਰ (ਜਸਪਾਲ ਕੈਂਥ)-ਪੰਜਾਬ ਅਰਬਨ ਪਲਾਨਿੰਗ ਐਂਡ ਡਿਵੈਲਪਮੈਂਟ ਅਥਾਰਟੀ (ਪੁੱਡਾ) ਦੇ ਅਧੀਨ ਪੈਂਦੇ ਹੁਸ਼ਿਆਰਪੁਰ ਜ਼ਿਲ੍ਹੇ ਦੇ ਪਿੰਡ ਬਜਵਾੜਾ ਵਿਖੇ ਉਨਾ ਰੋਡ ਦੇ ਨਜ਼ਦੀਕ ਇੱਕ ਕਲੋਨਾਈਜ਼ਰ ਵੱਲੋਂ ਨਜਾਇਜ਼ ਤੌਰ ’ਤੇ ਕਲੋਨੀ ਕੱਟੇ ਜਾਣ ਦਾ ਗੰਭੀਰ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਅਨੁਸਾਰ ਇਹ ਕਲੋਨੀ ਲਗਭਗ ਇੱਕ ਖੇਤ ਦੇ ਬਰਾਬਰ ਜ਼ਮੀਨ ’ਤੇ ਵਿਕਸਤ ਕੀਤੀ ਜਾ ਰਹੀ ਹੈ, ਜਿਸ ਕਾਰਨ ਸਰਕਾਰ ਨੂੰ ਵੱਡੇ ਪੱਧਰ ’ਤੇ ਵਿੱਤੀ ਨੁਕਸਾਨ ਪਹੁੰਚ ਰਿਹਾ ਹੈ।
ਸੂਤਰਾਂ ਮੁਤਾਬਕ ਕਲੋਨਾਈਜ਼ਰ ਵੱਲੋਂ ਬਿਨਾਂ ਕਿਸੇ ਮਨਜ਼ੂਰੀ ਦੇ ਲੋਕਾਂ ਨੂੰ ਪਲਾਟ ਵੇਚੇ ਜਾ ਰਹੇ ਹਨ ਅਤੇ ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਕਲੋਨੀ “ਖਾਸ” ਹੈ ਅਤੇ ਇਸ ਦੀ ਰਜਿਸਟਰੀ ਕਰਵਾਉਣ ਵਿੱਚ ਕਿਸੇ ਕਿਸਮ ਦੀ ਕੋਈ ਸਮੱਸਿਆ ਨਹੀਂ ਆਵੇਗੀ। ਕਲੋਨਾਈਜ਼ਰ ਵੱਲੋਂ ਇਸ ਨਜਾਇਜ਼ ਕਲੋਨੀ ਵਿੱਚ ਪ੍ਰਤੀ ਮਰਲਾ ਪਲਾਟ ਦਾ ਰੇਟ ਲਗਭਗ ਡੇਢ ਲੱਖ ਰੁਪਏ ਤੈਅ ਕੀਤਾ ਗਿਆ ਹੈ।
ਹੈਰਾਨੀਜਨਕ ਗੱਲ ਇਹ ਹੈ ਕਿ ਇਸ ਕਲੋਨੀ ਵਿੱਚ ਨਾ ਤਾਂ ਸੀਵਰੇਜ ਦੀ ਕੋਈ ਵ੍ਯਵਸਥਾ ਹੈ ਅਤੇ ਨਾ ਹੀ ਪੀਣ ਵਾਲੇ ਪਾਣੀ ਦੀ ਕੋਈ ਸਹੂਲਤ ਉਪਲਬਧ ਕਰਵਾਈ ਗਈ ਹੈ। ਸਿਰਫ਼ ਦਿਖਾਵੇ ਵਜੋਂ ਕੱਚੀਆਂ ਸੜਕਾਂ ਪਾ ਕੇ ਧੜੱਲੇ ਨਾਲ ਪਲਾਟਾਂ ਦੀ ਵਿਕਰੀ ਕੀਤੀ ਜਾ ਰਹੀ ਹੈ, ਜਿਸ ਨਾਲ ਨਿਰਦੋਸ਼ ਲੋਕਾਂ ਨੂੰ ਭਟਕਾਇਆ ਜਾ ਰਿਹਾ ਹੈ।
ਇਸ ਸਬੰਧੀ ਜਲੰਧਰ ਦੇ ਇੱਕ ਆਰਟੀਆਈ ਐਕਟੀਵਿਸਟ ਵੱਲੋਂ ਸੰਬੰਧਿਤ ਵਿਭਾਗਾਂ ਕੋਲ ਸ਼ਿਕਾਇਤ ਦਰਜ ਕਰਵਾਉਣ ਦੀ ਪੂਰੀ ਤਿਆਰੀ ਕਰ ਲਈ ਗਈ ਹੈ। ਪ੍ਰਸਤਾਵਿਤ ਸ਼ਿਕਾਇਤ ਵਿੱਚ ਮੰਗ ਕੀਤੀ ਗਈ ਹੈ ਕਿ ਨਜਾਇਜ਼ ਤੌਰ ’ਤੇ ਕੱਟੀ ਗਈ ਇਸ ਕਲੋਨੀ ਨੂੰ ਤੁਰੰਤ ਢਹਿ ਢੇਰੀ ਕੀਤਾ ਜਾਵੇ ਅਤੇ ਦੋਸ਼ੀ ਕਲੋਨਾਈਜ਼ਰ ਖ਼ਿਲਾਫ ਕੜੀਆਂ ਧਾਰਾਵਾਂ ਅਧੀਨ ਮਾਮਲਾ ਦਰਜ ਕਰਕੇ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ।