ਜਲੰਧਰ (ਜਸਪਾਲ ਕੈਂਥ)-ਸਿਖ ਚਿੰਤਕਾਂ ਸਰਦਾਰ ਗੁਰਤੇਜ ਸਿੰਘ ਆਈਏਐਸ,ਪਰਮਿੰਦਰ ਪਾਲ ਸਿੰਘ ਖਾਲਸਾ ਸੂਬਾ ਪ੍ਰਧਾਨ ਸਿਖ ਸੇਵਕ ਸੁਸਾਇਟੀ ਇੰਟਰਨੈਸ਼ਨਲ, ਭਾਈ ਹਰਸਿਮਰਨ ਸਿੰਘ ਅਨੰਦਪੁਰ ਸਾਹਿਬ, ਪ੍ਰੋਫੈਸਰ ਬਲਵਿੰਦਰ ਪਾਲ ਸਿੰਘ, ਡਾਕਟਰ ਪਰਮਜੀਤ ਸਿੰਘ ਮਾਨਸਾ ਪੀਐਚਡੀ ,ਭਾਈ ਮਨਜੀਤ ਸਿੰਘ ਗਤਕਾ ਮਾਸਟਰ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੇ ਇਸ ਵਾਰ ਪੰਜਾਬ ਦੇ ਚਾਰ ਵਿਧਾਨ ਸਭਾ ਹਲਕਿਆਂ ਵਿਚ ਜ਼ਿਮਨੀ ਚੋਣਾਂ ਨਾ ਲੜਨ ਦਾ ਫ਼ੈਸਲਾ ਸ੍ਰੋਮਣੀ ਅਕਾਲੀ ਦਲ ਦੇ ਅੰਤ ਦਾ ਚਿੰਨ ਹੈ ਜਿਸਦਾ ਜਿੰਮੇਵਾਰ ਸੁਖਬੀਰ ਸਿੰਘ ਬਾਦਲ ਪ੍ਰਧਾਨ ਸ੍ਰੋਮਣੀ ਅਕਾਲੀ ਦਲ,ਬਾਦਲ ਪਰਿਵਾਰ ਤੇ ਇਨ੍ਹਾਂ ਦਾ ਸਲਾਹਕਾਰ ਲਿਬਰਲ ਲਾਣਾ ਹੈ ਜੋ ਖਾਲਸਾ ਪੰਥ ਤੇ ਸ੍ਰੋਮਣੀ ਅਕਾਲੀ ਦਲ ਦੀਆਂ ਪਰੰਪਰਾਵਾਂ ਵਿਰੁਧ ਖੜਾ ਇਤਿਹਾਸ ਨੂੰ ਹੁਣ ਤਕ ਪੁਠਾ ਗੇੜਾ ਦੇ ਰਿਹਾ ਹੈ।ਉਨ੍ਹਾਂ ਕਿਹਾ ਕਿ ਆਪਣੀ ਹਾਰ ਨੂੰ ਦੇਖਦੇ ਹੋਏ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਉਪਰ ਕੂੜ ਹਮਲੇ ਕਰ ਰਹੇ ਸਨ ਕਿ ਜਥੇਦਾਰ ਨੇ ਅਕਾਲੀ ਦਲ ਨੂੰ ਤਨਖਾਹੀਆ ਕਰਾਰ ਦੇਕੇ ਚੋਣ ਲੜਨ ਤੋਂ ਰੋਕਿਆ ਹੈ।ਪਰ ਜਥੇਦਾਰ ਜੀ ਨੇ ਸਪਸ਼ਟ ਦਿਤਾ ਹੈ ਕਿ ਸੁਖਬੀਰ ਸਿੰਘ ਬਾਦਲ ਤੋਂ ਇਲਾਵਾ ਅਕਾਲੀ ਦਲ ਦੇ ਹੋਰ ਕਿਸੇ ਵੀ ਆਗੂ ਦੇ ਚੋਣ ਲੜਨ ’ਤੇ ਕੋਈ ਪਾਬੰਦੀ ਨਹੀਂ ਹੈ । ਜੇਕਰ ਅਕਾਲੀ ਦਲ ਕੋਲ ਸੁਖਬੀਰ ਬਾਦਲ ਦੇ ਤਨਖਾਹੀਆ ਹੋਣ ਕਰਕੇ ਜਿਮਨੀ ਚੋਣ ਨਹੀਂ ਲੜ ਰਹੇ ਤਾਂ ਸ੍ਰੋਮਣੀ ਕਮੇਟੀ ਵਿਚ ਕਿਉਂ ਭਾਗ ਲੈ ਰਹੇ ਹਨ?
ਉਨ੍ਹਾਂ ਕਿਹਾ ਕਿ ਬਾਦਲ ਦਲ ਦੇ ਮਹਾਰਥੀਆਂ ਦੀ ਇਸ ਡਗਮਗਾਈ ਝੋਲ ਖਾਣ ਵਾਲੀ ਨੀਤੀ ਕਾਰਣ ਅਕਾਲੀ ਕੇਡਰ ਭਾਜਪਾ ,ਆਪ,ਕਾਂਗਰਸ ਵਲ ਖਿਸਕਣਾ ਸ਼ੁਰੂ ਹੋ ਗਿਆ ਜੋ ਵਾਪਸ ਨਹੀਂ ਪਰਤੇਗਾ। ਸਿਆਸੀ ਹਲਕਿਆਂ ਵਿਚ ਹੁਣ ਇਸ ਸੁਆਲ ’ਤੇ ਚਰਚਾ ਸਿਖ਼ਰਾਂ ’ਤੇ ਹੈ ਕਿ ‘‘ਕੀ ਹੁਣ ਸ਼੍ਰੋਮਣੀ ਅਕਾਲੀ ਦਲ ਦਾ ਪੂਰੀ ਤਰ੍ਹਾਂ ਭੋਗ ਪੈ ਚੁਕਾ ਹੈ?’ ਉਨ੍ਹਾਂ ਕਿਹਾ ਕਿ ਮੌਜੂਦਾ ਸਿਆਸੀ ਹਾਲਾਤ ਤੋਂ ਇਹ ਅੰਦਾਜ਼ਾ ਸਹਿਜੇ ਹੀ ਲਾਇਆ ਜਾ ਸਕਦਾ ਹੈ ਕਿ ਸਾਲ 2027 ਦੀਆਂ ਚੋਣਾਂ ਵਿਚ ਬਾਦਲ ਅਕਾਲੀ ਦਲ ਦਾ ਕੀ ਹਾਲ ਹੋ ਸਕਦਾ ਹੈ।
ਉਨ੍ਹਾਂ ਕਿਹਾ ਕਿ ਇਸ ਸੰਕਟ ਦਾ ਹੱਲ ਸਿਰਫ ਅਕਾਲ ਤਖਤ ਕੋਲ ਹੈ ਜਿਥੋਂ ਅਕਾਲੀ ਦਲ ਪੰਥਕ ਲੀਹਾਂ ਉਪਰ ਸਿਰਜਿਆ ਗਿਆ ਸੀ ਜੋ ਸਿਖ ਪੰਥ ਦੀ ਸਿਰਮੌਰ ਸਿਆਸੀ ਜਥੇਬੰਦੀ ਸੀ। ਸਿੰਘ ਸਾਹਿਬਾਨ ਅਕਾਲ ਤਖਤ ਸਾਹਿਬ ਵਲੋਂ ਦੀਵਾਲੀ ਤੋਂ ਬੁਲਾਈ ਜਾਣ ਵਾਲੀ ਮੀਟਿੰਗ ਵਿਚ ਨੁਮਾਇੰਦਾ ਪੰਥਕ ਇਕਠ ਬੁਲਾਉਣ ਦੀ ਤਾਰੀਕ ਤੈਅ ਕਰਨ ਤੇ ਸਭ ਤੋਂ ਜਰੂਰੀ ਬਾਦਲ ਦਲ ਤੇ ਪਰਿਵਾਰ ਵਲੋਂ ਖਤਮ ਕੀਤੇ ਸ੍ਰੋਮਣੀ ਅਕਾਲੀ ਦਲ ਨੂੰ ਪੁਨਰਜੀਵਤ ਕਰਨ ਲਈ ਇਤਿਹਾਸਕ ਦਿਸ਼ਾ ਨਿਰਦੇਸ਼ ਦੇਣ ਜਿਵੇ ਜਥੇਦਾਰ ਦਰਬਾਰਾ ਸਿੰਘ ਨੇ ਪੰਥਕ ਧੜਿਆਂ ਨੂੰ ਇਕਠਾ ਕਰਕੇ ਦਲ ਖਾਲਸਾ ਦੀ ਸਥਾਪਨਾ ਕੀਤੀ ਸੀ ਤੇ 1799 ਵਿਚ ਵਿਸਾਖੀ ਵਾਲੇ ਦਿਨ ਬਾਬਾ ਸਾਹਿਬ ਸਿੰਘ ਬੇਦੀ ਜਥੇਦਾਰ ਅਕਾਲ ਤਖਤ ਸਾਹਿਬ ਨੇ ਅਕਾਲ ਤਖਤ ਸਾਹਿਬ ਤੋਂ ਸਭ ਮਿਸਲਾਂ ਨੂੰ ਇਕਠਾ ਕਰਕੇ ਸਿਰਦਾਰ ਰਣਜੀਤ ਸਿੰਘ ਨੂੰ ਵਾਗਡੋਰ ਦਿਤੀ ਸੀ।
ਸਿਖ ਚਿੰਤਕਾਂ ਨੇ ਕਿਹਾ ਕਿ ਅਕਾਲੀ ਦਲ ਨੂੰ ਪੁਨਰ ਜੀਵਤ ਕਰਨ ਲਈ ਸਿੱਖ ਪੰਥ ਵਿੱਚੋਂ ਕੁਝ ਨਿਰਪੱਖ ਪੰਥਕ ਸਖਸ਼ੀਅਤਾਂ ਅਤੇ ਪੰਥਕ ਮਾਹਿਰਾਂ ਆਧਾਰਿਤ ਇੱਕ ਤਾਲਮੇਲ ਕਮੇਟੀ ਬਣਾਈ ਜਾਏ ਜਿਹਨਾਂ ਦਾ ਕਾਰਜ ਸਮੁਚੇ ਪੰਥਕ ਧੜਿਆਂ ਨੂੰ ਅਕਾਲੀ ਦਲ ਦੀ ਅਗਵਾਈ ਵਿਚ ਇਕਠਾ ਕਰਨਾ,ਦੁਬਾਰਾ ਨਵੀਂ ਭਰਤੀ ਕਰਨਾ ਹੋਵੇ।ਉਸ ਤੋਂ ਬਾਕੀ ਸੂਬਿਆਂ ਦੇ ਸਿੱਖਾਂ ਨੂੰ ਨੁਮਾਇੰਦਗੀ ਦੇਣਾ ਹੋਵੇ ਇਸ ਦੀ ਕੌਮਾਂਤਰੀ ਸ਼ਾਖ ਵੀ ਹੋਵੇ।ਉਨ੍ਹਾਂ ਕਿਹਾ ਕਿ ਭਰਤੀ ਹੋਏ ਮੈਂਬਰਾਂ ਦੀ ਪਿੰਡ ਦੀ ਇਕਾਈ ਤੋਂ ਲੈ ਕੇ ਜ਼ੋਨ, ਜ਼ਿਲ੍ਹਾ ਅਤੇ ਸੂਬਾਈ ਪੱਧਰ ਤੱਕ ਦੇ ਡੈਲੀਗੇਟ ਚੁਣੇ ਜਾਣ। ਇਨ੍ਹਾਂ ਡੈਲੀਗੇਟਾਂ ਅਧਾਰਿਤ ਬਣਨ ਵਾਲੇ ਡੈਲੀਗੇਟ ਹਾਊਸ ਦੀ ਨਿਰਪੱਖ ਤੇ ਨਿਰਭੈ ਹੋ ਕੇ ਆਪਣੇ ਪ੍ਰਧਾਨ, ਅਹੁਦੇਦਾਰਾਂ ਅਤੇ ਕਾਰਜਕਾਰਨੀ ਆਦਿ ਦੀ ਚੋਣ ਕਰਨ ਦੀ ਜ਼ਿੰਮੇਵਾਰੀ ਹੋਵੇ।
ਉਨ੍ਹਾਂ ਕਿਹਾ ਕਿ ਅਕਾਲੀ ਦਲ ਦਾ ਸਿੱਖ ਵਿਚਾਰਧਾਰਾ ਅਨੁਸਾਰ ਇੱਕੋ ਸਮੇਂ ਪੰਜਾਬ ਅਤੇ ਪੰਥ ਦੀ ਇਸ ਨਵ-ਉਸਾਰੀ ਲਈ ਏਜੰਡਾ ਨਿਰਧਾਰਿਤ ਕਰਨਾ ਵੀ ਜਰੂਰੀ ਹੈ, ਇਸ ਬਾਰੇ ਵੀ ਇਹ ਕਮੇਟੀ ਆਪਣੀਆਂ ਜ਼ਿੰਮੇਵਾਰੀਆਂ ਨਿਭਾਏ।
ਸਿੱਖ ਬੁਧੀਜੀਵੀਆਂ ਨੇ ਕਿਹਾ ਕਿ ਇਹ ਬਾਦਲ ਦਲ ਦਾ ਵਡਾ ਝੂਠ ਕਿ ਅਕਾਲ ਤਖਤ ਸਾਹਿਬ ਅਕਾਲੀ ਦਲ ਦੀ ਪੁਨਰ ਉਸਾਰੀ ਦਾ ਦਿਸ਼ਾ ਨਿਰਦੇਸ਼ ਨਹੀਂ ਦੇ ਸਕਦਾ। ਉਨ੍ਹਾਂ ਕਿਹਾ ਕਿ ਕੁਝ ਕਾਨੂੰਨੀ ਪਹਿਲੂਆਂ ਨੂੰ ਧਿਆਨ ਵਿੱਚ ਰੱਖਦਿਆਂ ਇਸ ਕਾਰਜ ਬਾਰੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਬੁਧੀਜੀਵੀਆਂ ਦੇ ਸਹਿਯੋਗ ਨਾਲ ਇੱਕ ਵੱਡੀ ਪਹਿਲ ਕਦਮੀ ਕਰਨੀ ਹੋਵੇਗੀ। ਉਨ੍ਹਾਂ ਇਹ ਵੀ ਕਿਹਾ ਕਿ ਗੁਨਾਹਗਾਰ ਲੀਡਰਸ਼ਿਪ ਦੇ ਫੈਸਲੇ ਪੰਥ ਦੇ ਨੁਮਾਇੰਦਾ ਇਕਠ ਦੀ ਸਲਾਹ ਨਾਲ ਲਏ ਜਾਣ ਤਾਂ ਜੋ ਦੁਸ਼ਟ ਆਤਮਾਵਾਂ ਪੰਥ ਨੂੰ ਚੰਦਰੀਆਂ ਆਤਮਾਵਾਂ ਵਾਂਗ ਚੰਬੜੀਆਂ ਹਨ ਸਿੰਘ ਸਾਹਿਬਾਨ ਦੇ ਫੈਸਲਿਆਂ ਉਪਰ ਕਿੰਤੂ ਪ੍ਰੰਤੂ ਨਾ ਕਰ ਸਕਣ।ਉਨ੍ਹਾਂ ਇਹ ਵੀ ਕਿਹਾ ਕਿ ਗੁਨਾਹਗਾਰ ਲੀਡਰਸ਼ਿਪ ਦੇ ਫੈਸਲੇ ਤੋਂ ਪਹਿਲਾਂ ਸਾਬਕਾ ਅਕਾਲ ਤਖਤ ਦੇ ਜਥੇਦਾਰ ਗੁਰਬਚਨ ਸਿੰਘ, ਗਿਆਨੀ ਗੁਰਮੁਖ ਸਿੰਘ, ਗਿਆਨੀ ਇਕਬਾਲ ਸਿੰਘ ਨੂੰ ਤਲਬ ਕੀਤਾ ਜਾਵੇ।





