*ਕਲੋਨਾਈਜ਼ਰ ਐਸ. ਭਵਾਨੀ ਵੱਲੋਂ ਲਸੂੜੀ ਮਹੱਲਾ ਵਿਖੇ ਨਜਾਇਜ਼ ਕਲੋਨੀ ਦੀ ਉਸਾਰੀ, ਸਰਕਾਰ ਨੂੰ ਮੁੜ ਲੱਗਿਆ ਚੂਨਾ*

देश पंजाब
Spread the love

ਜਲੰਧਰ (ਜਸਪਾਲ ਕੈਂਥ): ਸ਼ਹਿਰ ਵਿੱਚ ਨਜਾਇਜ਼ ਕਲੋਨੀਆਂ ਦਾ ਮਾਮਲਾ ਇੱਕ ਵਾਰ ਫਿਰ ਚਰਚਾ ਵਿੱਚ ਆ ਗਿਆ ਹੈ। ਜਾਣਕਾਰੀ ਅਨੁਸਾਰ ਕਲੋਨਾਈਜ਼ਰ ਐਸ. ਭਵਾਨੀ ਵੱਲੋਂ ਲਸੂੜੀ ਮਹੱਲਾ ਦੀ ਬੈਕ ਸਾਈਡ ਤੇ ਦੋ ਅਲੱਗ-ਅਲੱਗ ਜ਼ਮੀਨਾਂ ‘ਤੇ ਕਲੋਨੀਆਂ ਵਿਕਸਿਤ ਕੀਤੀਆਂ ਜਾ ਰਹੀਆਂ ਹਨ, ਜਿਨ੍ਹਾਂ ਵਿੱਚੋਂ ਇੱਕ ਕਲੋਨੀ ਨੂੰ ਲੈ ਕੇ ਗੰਭੀਰ ਬੇਨਿਯਮਤੀਆਂ ਦੇ ਦੋਸ਼ ਸਾਹਮਣੇ ਆਏ ਹਨ।

ਸੂਤਰਾਂ ਮੁਤਾਬਕ, ਉਕਤ ਕਲੋਨਾਈਜ਼ਰ ਪਹਿਲਾਂ ਵੀ ਕਈ ਨਜਾਇਜ਼ ਕਲੋਨੀਆਂ ਕੱਟ ਕੇ ਸਰਕਾਰ ਨੂੰ ਵੱਡੇ ਪੱਧਰ ‘ਤੇ ਰੇਵਨਿਊ ਦਾ ਨੁਕਸਾਨ ਪਹੁੰਚਾ ਚੁੱਕਾ ਹੈ। ਦੱਸਿਆ ਜਾ ਰਿਹਾ ਹੈ ਕਿ ਕਾਲਾ ਸੰਘਿਆਂ ਰੋਡ ‘ਤੇ ਬਣ ਰਹੀਆਂ ਦੋ ਕਲੋਨੀਆਂ ਵਿੱਚੋਂ ਇੱਕ ਲਈ ਸੰਬੰਧਿਤ ਵਿਭਾਗ ਕੋਲ ਕਾਗਜ਼ਾਤ ਜਮ੍ਹਾਂ ਕਰਵਾਏ ਗਏ ਹਨ, ਜਦਕਿ ਦੂਜੀ ਕਲੋਨੀ ਪੂਰੀ ਤਰ੍ਹਾਂ ਨਜਾਇਜ਼ ਤਰੀਕੇ ਨਾਲ ਵਿਕਸਿਤ ਕੀਤੀ ਜਾ ਰਹੀ ਹੈ।

ਮਿਲੀ ਜਾਣਕਾਰੀ ਅਨੁਸਾਰ ਇਸ ਤੋਂ ਪਹਿਲਾਂ ਵੀ ਐਸ. ਭਵਾਨੀ ਸ਼ੇਰ ਸਿੰਘ ਕਲੋਨੀ ਵਿੱਚ ਨਜਾਇਜ਼ ਕਲੋਨੀ ਕੱਟਣ ਦੇ ਮਾਮਲੇ ਵਿੱਚ ਚਰਚਾ ਵਿੱਚ ਰਹਿ ਚੁੱਕਾ ਹੈ। ਉਸ ਸਮੇਂ ਵੀ ਨਗਰ ਨਿਗਮ ਦੀ ਢਿੱਲੀ ਕਾਰਗੁਜ਼ਾਰੀ ਕਾਰਨ ਕੋਈ ਢੁੱਕਵੀਂ ਅਤੇ ਸਖ਼ਤ ਕਾਰਵਾਈ ਨਹੀਂ ਕੀਤੀ ਗਈ ਸੀ, ਜਿਸ ਦੇ ਨਤੀਜੇ ਵਜੋਂ ਉਹ ਕਲੋਨੀ ਅੱਜ ਪੂਰੀ ਤਰ੍ਹਾਂ ਵਿਕਸਿਤ ਹੋ ਚੁੱਕੀ ਹੈ। ਇਸ ਕਾਰਵਾਈ ਦੀ ਕਮੀ ਨੇ ਕਲੋਨਾਈਜ਼ਰ ਦੇ ਹੌਸਲੇ ਹੋਰ ਬੁਲੰਦ ਕਰ ਦਿੱਤੇ ਹਨ।

ਤਾਜ਼ਾ ਮਾਮਲੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਨਜਾਇਜ਼ ਕਲੋਨੀ ਵਿੱਚ ਕੱਚੀਆਂ ਸੜਕਾਂ ਤਿਆਰ ਕਰ ਦਿੱਤੀਆਂ ਗਈਆਂ ਹਨ ਅਤੇ ਹਰੇ-ਭਰੇ ਖੇਤੀਬਾੜੀ ਵਾਲੇ ਖੇਤਰ ਨੂੰ ਨੁਕਸਾਨ ਪਹੁੰਚਾ ਕੇ ਪਲਾਟ ਕੱਟੇ ਜਾ ਰਹੇ ਹਨ। ਸਥਾਨਕ ਵਸਨੀਕਾਂ ਨੇ ਵੀ ਇਸ ਗਤੀਵਿਧੀ ‘ਤੇ ਚਿੰਤਾ ਪ੍ਰਗਟਾਈ ਹੈ।

ਇਸ ਸੰਬੰਧੀ ਜਲੰਧਰ ਦੇ ਇੱਕ ਆਰਟੀਆਈ ਐਕਟਿਵਿਸਟ ਵੱਲੋਂ ਸੰਬੰਧਿਤ ਵਿਭਾਗਾਂ ਨੂੰ ਲਿਖਤੀ ਸ਼ਿਕਾਇਤ ਦਿੱਤੀ ਗਈ ਹੈ। ਸ਼ਿਕਾਇਤ ਵਿੱਚ ਮੰਗ ਕੀਤੀ ਗਈ ਹੈ ਕਿ ਕਲੋਨਾਈਜ਼ਰ ਖ਼ਿਲਾਫ਼ ਤੁਰੰਤ ਕਾਨੂੰਨੀ ਕਾਰਵਾਈ ਕੀਤੀ ਜਾਵੇ ਅਤੇ ਨਜਾਇਜ਼ ਤੌਰ ‘ਤੇ ਬਣ ਰਹੀ ਕਲੋਨੀ ਨੂੰ ਢਾਅ ਦਿੱਤਾ ਜਾਵੇ।

ਫਿਲਹਾਲ ਪ੍ਰਸ਼ਾਸਨ ਵੱਲੋਂ ਇਸ ਮਾਮਲੇ ‘ਤੇ ਕੋਈ ਅਧਿਕਾਰਕ ਬਿਆਨ ਸਾਹਮਣੇ ਨਹੀਂ ਆਇਆ, ਪਰ ਸ਼ਹਿਰ ਵਿੱਚ ਨਜਾਇਜ਼ ਕਲੋਨੀਆਂ ਦੇ ਵਧਦੇ ਰੁਝਾਨ ਨੇ ਸਰਕਾਰੀ ਨਿਗਰਾਨੀ ਅਤੇ ਕਾਰਵਾਈ ‘ਤੇ ਇੱਕ ਵਾਰ ਫਿਰ ਸਵਾਲ ਖੜ੍ਹੇ ਕਰ ਦਿੱਤੇ ਹਨ।

Leave a Reply

Your email address will not be published. Required fields are marked *