ਜਲੰਧਰ (ਜਸਪਾਲ ਕੈਂਥ )-ਬਹੁਜਨ ਸਮਾਜ ਪਾਰਟੀ (ਬਸਪਾ) ਦੇ ਰਾਸ਼ਟਰੀ ਪ੍ਰਧਾਨ ਭੈਣ ਕੁਮਾਰੀ ਮਾਇਆਵਤੀ ਵੱਲੋਂ ਆਉਣ ਵਾਲੀਆਂ ਪੰਜਾਬ ਵਿਧਾਨਸਭਾ ਚੋਣਾਂ ਦੇ ਮੱਦੇਨਜ਼ਰ ਵੱਡੇ ਪੱਧਰ ‘ਤੇ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਇਸ ਨੂੰ ਲੈ ਕੇ ਪਾਰਟੀ ਦੇ ਸੰਗਠਨ ਢਾਂਚੇ ਵਿੱਚ ਫੇਰਬਦਲ ਕੀਤਾ ਜਾ ਰਿਹਾ ਹੈ। ਇਸੇ ਲੜੀ ਤਹਿਤ ਭੈਣ ਕੁਮਾਰੀ ਮਾਇਆਵਤੀ ਵੱਲੋਂ ਪਾਰਟੀ ਦੇ ਰਾਜਸਭਾ ਮੈਂਬਰ ਰਾਮਜੀ ਗੌਤਮ ਨੂੰ ਪੰਜਾਬ ਦਾ ਮੁੱਖ ਇੰਚਾਰਜ ਲਗਾਇਆ ਗਿਆ ਹੈ। ਉਨ੍ਹਾਂ ਤੋਂ ਇਲਾਵਾ ਵਿਪੁਲ ਕੁਮਾਰ ਨੂੰ ਪੰਜਾਬ ਦਾ ਕੇਂਦਰੀ ਸਟੇਟ ਇੰਚਾਰਜ ਨਿਯੁਕਤ ਕੀਤਾ ਗਿਆ ਹੈ। ਇਸੇ ਤਰ੍ਹਾਂ ਸੂਬੇ ਦੇ ਆਗੂਆਂ ਨੂੰ ਵੀ ਨਵੀਆਂ ਜ਼ਿੰਮੇਵਾਰੀਆਂ ਦਿੱਤੀਆਂ ਗਈਆਂ ਹਨ। ਇਨ੍ਹਾਂ ਵਿੱਚੋਂ ਪ੍ਰਜਾਪਤੀ ਅਜੀਤ ਸਿੰਘ ਭੈਣੀ ਤੇ ਕੁਲਦੀਪ ਸਿੰਘ ਸਰਦੂਲਗੜ੍ਹ ਨੂੰ ਪੰਜਾਬ ਦਾ ਇੰਚਾਰਜ ਲਗਾਇਆ ਗਿਆ ਹੈ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਬਸਪਾ ਦੇ ਸੂਬਾ ਪ੍ਰਧਾਨ ਡਾ. ਅਵਤਾਰ ਸਿੰਘ ਕਰੀਮਪੁਰੀ ਨੇ ਕਿਹਾ ਕਿ ਭੈਣ ਕੁਮਾਰੀ ਮਾਇਆਵਤੀ ਵੱਲੋਂ ਨਵੀਆਂ ਨਿਯੁਕਤੀਆਂ ਕੀਤੇ ਜਾਣ ਨਾਲ ਪਾਰਟੀ ਨੂੰ ਸੂਬੇ ਵਿੱਚ ਹੋਰ ਮਜ਼ਬੂਤੀ ਮਿਲੇਗੀ। ਉਨ੍ਹਾਂ ਨੇ ਇਨ੍ਹਾਂ ਨਿਯੁਕਤੀਆਂ ਲਈ ਭੈਣ ਕੁਮਾਰੀ ਮਾਇਆਵਤੀ ਦਾ ਧੰਨਵਾਦ ਕੀਤਾ ਹੈ। ਡਾ. ਅਵਤਾਰ ਸਿੰਘ ਕਰੀਮਪੁਰੀ ਨੇ ਕਿਹਾ ਕਿ ਰਾਮਜੀ ਗੌਤਮ ਤੇ ਵਿਪੁਲ ਕੁਮਾਰ ਨੂੰ ਮੁੱਖ ਇੰਚਾਰਜ ਤੇ ਕੇਂਦਰੀ ਸਟੇਟ ਇੰਚਾਰਜ ਲਗਾਏ ਜਾਣ ਦਾ ਉਹ ਸਵਾਗਤ ਕਰਦੇ ਹਨ। ਉਨ੍ਹਾਂ ਕਿਹਾ ਕਿ ਬਸਪਾ ਨੂੰ ਪੰਜਾਬ ਦੇ ਲੋਕ ਇੱਕ ਚੰਗੇ ਬਦਲ ਦੇ ਰੂਪ ਵਿੱਚ ਦੇਖ ਰਹੇ ਹਨ। 2027 ਵਿੱਚ ਬਸਪਾ ਪੰਜਾਬ ਵਿੱਚ ਸਰਕਾਰ ਬਣਾ ਕੇ ਲੋਕਾਂ ਨੂੰ ਚੰਗਾ ਪ੍ਰਬੰਧ ਦੇਵੇਗੀ।





