ਦੀਪਕ ਠਾਕੁਰ
ਤਲਵਾਡ਼ਾ,13 ਅਕਤੂਬਰ
ਫਾਸ਼ੀ ਹਮਲਿਆਂ ਵਿਰੋਧੀ ਫਰੰਟ ਨੇ ਨਵੀਂ ਦਿੱਲੀ ਵਿਖੇ ਨੌਜਵਾਨਾਂ ’ਤੇ ਮੋਦੀ ਸਰਕਾਰ ਦੇ ਇਸ਼ਾਰੇ ਉੱਤੇ ਪੁਲੀਸ,ਅਰਧ ਸੈਨਿਕ ਬਲਾਂ ਦੇ ਢਾਹੇ ਵਹਿਸ਼ੀ ਜ਼ਬਰ ਅਤੇ ਆਰ ਐਸ ਐਸ ਦੇ ਗੁੰਡਿਆਂ ਦੀ ਬੁਰਛਾਗਰਦੀ ਖ਼ਿਲਾਫ਼ ਜ਼ਿਲ੍ਹਾ ਹੈੱਡਕੁਆਟਰਾਂ ’ਤੇ 15 ਤੋਂ 18 ਤਾਰੀਕ ਤੱਕ ਰੋਸ ਮੁਜ਼ਾਹਰੇ ਕਰਨ ਦਾ ਐਲਾਨ ਕੀਤਾ ਹੈ। ਇਹ ਜਾਣਕਾਰੀ ਫਰੰਟ ਦੇ ਸੂਬਾਈ ਆਗੂ ਸਾਥੀ ਰਤਨ ਸਿੰਘ ਰੰਧਾਵਾ, ਪਰਗਟ ਸਿੰਘ ਜਾਮਾਰਾਏ, ਦਰਸ਼ਨ ਖਟਕਡ਼, ਕੁਲਵਿੰਦਰ ਸਿੰਘ ਵਡ਼ੈਚ, ਰਾਜਬਿੰਦਰ ਰਾਣਾ ਤੇ ਗੁਲਜ਼ਾਰ ਸਿੰਘ ਭੁੰਬਲੀ ਨੇ ਦਿੱਤੀ। ਫਰੰਟ ਦੇ ਫੈਸਲੇ ਮੁਤਾਬਕ ਇਹ ਅਕੈਸ਼ਨ ਪੰਜਾਬ ਭਰ ’ਚ ਕੀਤੇ ਜਾਣੇ ਹਨ। ਜਿਸ ਤਹਿਤ ਪੰਜਾਬ ਨੂੰ ਚਾਰ ਜ਼ੋਨਾਂ ’ਚ ਵੰਡਿਆ ਗਿਆ ਹੈ। ਸ਼ਹੀਦ ਭਗਤ ਸਿੰਘ ਨਗਰ (ਨਵਾਂ ਸ਼ਹਿਰ) ’ਚ 17 ਅਤੇ ਜ਼ਿਲ੍ਹਾ ਹੁਸ਼ਿਆਰਪੁਰ ’ਚ 18 ਤਾਰੀਕ ਨੂੰ ਰੋਸ ਰੈਲੀਆਂ ਕੀਤੀਆਂ ਜਾਣਗੀਆਂ। ਆਗੂਆਂ ਨੇ ਦਸਿਆ ਕਿ ਬੀਤੀ 10 ਅਤੇ 11 ਤਾਰੀਕ ਨੂੰ ਭਾਰਤ ਦੇ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਵੱਲੋਂ ਵੋਟਰ ਸੂਚੀਆਂ ਦੀ ਵਿਆਪਕ ਜਾਂਚ (ਐਸ ਆਈ ਆਰ) ਦੇ ਨਾਮ ਹੇਠ ਕਰੋਡ਼ਾਂ ਭਾਰਤੀਆਂ ਨੂੰ ਵੋਟ ਦੇ ਹੱਕ ਤੋਂ ਵਾਂਝਾ ਕਰਨ ਦੇ ਵਿਰੋਧ ’ਚ ਨਵੀਂ ਦਿੱਲੀ ਵਿਖੇ ਵਿਖੇ ਸ਼ਾਂਤੀਪੂਰਨ ਵਿਰੋਧ ਪ੍ਰਦਰਸ਼ਨ ਕਰਨ ਪਹੁੰਚੇ ਆਮ ਨਾਗਰਿਕਾਂ, ਨੌਜਵਾਨਾਂ, ਵਿਦਿਆਰਥੀਆਂ, ਪੱਤਰਕਾਰਾਂ, ਜਮਹੂਰੀ ਕਾਰਕੁੰਨਾਂ ਦੀ ਪੁਲੀਸ ਅਤੇ ਅਰਧ ਸੈਨਿਕ ਬਲਾਂ ਨੇ ਅਮਾਨਵੀ ਮਾਰ ਕੁੱਟ ਤੇ ਖਿੱਚ ਧੂਹ ਕੀਤੀ। ਆਰ.ਐਸ.ਐਸ. ਦੇ ਗੁੰਡਿਆਂ ਤੇ ਸਮਾਜ ਵਿਰੋਧੀ ਅਨਸਰਾਂ ਨੇ ਪੁਲੀਸ ਦੀ ਥਾਪਡ਼ੇ ਨਾਲ ਨੌਜਵਾਨਾਂ ਖਾਸ ਤੌਰਤੇ ਧੀਆਂ ਦੀਆਂ ਵਹਿਸ਼ੀਆਨਾ ਮਾਰ ਕੁੱਟ ਕੀਤੀ, ਉਨ੍ਹਾਂ ਦੇ ਕੱਪਡ਼ੇ ਪਾਡ਼ੇ ਅਤੇ ਉਨ੍ਹਾਂ ਦੀ ਬੇਹੁਰਮਤੀ ਕੀਤੀ। ਗਿਆਨੇਸ਼ ਕੁਮਾਰ ਦੀ ਪਿੱਠ ’ਤੇ ਖਡ਼੍ਹੀ ਮੋਦੀ ਸਰਕਾਰ ਵੱਲੋਂ ਸਵਿੰਧਾਨ ਦੀਆਂ ਧੱਜੀਆਂ ਉਡਾਉਂਦੇ ਹੋਇਆਂ ਦਿੱਲੀ ਪੁਲੀਸ ਤੇ ਅਰਧ ਸੈਨਿਕ ਬਲਾਂ ਦਾ ਪ੍ਰਯੋਗ ਸ਼ਾਂਤਮਈ ਪ੍ਰਦਰਸ਼ਨ ਕਰਦੇ ਲੋਕਾਂ ਦੀ ਆਵਾਜ਼ ਨੂੰ ਦਬਾਉਣ ਲਈ ਕੀਤੇ ਜਾਣ ਦੀ ਫਰੰਟ ਆਗੂਆਂ ਨੇ ਤਿੱਖੀ ਅਲੋਚਨਾ ਕੀਤੀ ਹੈ। ਆਗੂਆਂ ਨੇ ਲੋਕ ਰਾਜ ਤੇ ਸੰਵਿਧਾਨਕ ਕਦਰਾਂ ਕੀਮਤਾਂ ਨੂੰ ਪੈਰਾਂ ਹੇਠ ਮਧੋਲਣ ਵਾਲੇ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਨੂੰ ਤੁਰੰਤ ਅਹੁਦੇ ਤੋਂ ਹਟਾਉਣ ਦੀ ਮੰਗ ਕੀਤੀ ਹੈ। ਉੱਥੇ ਹੀ ਗਿਆਨੇਸ਼ ਕੁਮਾਰ ਦੇ ਅਨੈਤਿਕ ਕਾਰਿਆਂ ਦੇ ਸੂਤਰ ਧਾਰ ਮੋਦੀ ਸ਼ਾਹ ਨੂੰ ਅਸਤੀਫ਼ਾ ਦੇਣ, ਗੈਰ ਕਾਨੂੰਨੀ ਅਤੇ ਸਵਿੰਧਾਨ ਵਿਰੋਧੀ ਐਸ ਆਈ ਆਰ ਦੀ ਕੌਝੀ ਕਾਰਵਾਈ ਨੂੰ ਫੌਰੀ ਬੰਦ ਕਰਨ, ਕੱਟੀਆਂ ਸਮੱੁਚੀਆਂ ਵੋਟਾਂ ਬਹਾਲ ਕਰਨ, ਐਸ ਆਈ ਆਰ ਤੋਂ ਪਿੱਛੋਂ ਹੋਈਆਂ ਪੱਖਪਾਤੀ ਚੋਣਾਂ ਰਾਹੀਂ ਹੋਂਦ ’ਚ ਆਈਆਂ ਅਨੈਤਿਕ ਸਰਕਾਰਾਂ ਭੰਗ ਕਰ ਕੇ ਨਵੇਂ ਸਿਰਿਓਂ ਚੋਣਾਂ ਕਰਵਾਉਣ, ਭਵਿੱਖ ’ਚ ਹਰ ਪੱਧਰ ਦੀਆਂ ਵੋਟਾਂ ਈਵੀਐਮ ਦੀ ਥਾਂ ਬੈਲਟ ਪੇਪਰ ਨਾਲ ਕਰਵਾਉਣ ਅਤੇ ਲੋਕ ਤੰਤਰ ਦੀ ਬਹਾਲੀ ਲਈ ਲਡ਼ ਰਹੇ ਲੋਕਾਂ ਖਿਲਾਫ ਦੇਸ਼ ਭਰ ’ਚ ਦਰਜ ਕੀਤੇ ਪਰਚੇ ਖਾਰਜ ਕੀਤੇ ਜਾਣ ਦੀ ਮੰਗ ਕੀਤੀ ਹੈ।


