*ਦਿੱਲੀ ਪੁਲੀਸ ਵੱਲੋਂ ਪੱਤਰਕਾਰਾਂ ’ਤੇ ਹਮਲੇ ਖ਼ਿਲਾਫ਼ ਤਲਵਾਡ਼ਾ ਪ੍ਰੈੱਸ ਕਲੱਬ ਦਾ ਪੁਤਲਾ ਫੂਕ ਪ੍ਰਦਰਸ਼ਨ*

Uncategorized
Spread the love

ਦੀਪਕ ਠਾਕੁਰ

ਤਲਵਾਡ਼ਾ, 13 ਅਕਤੂਬਰ -ਸਥਾਨਕ ਮਹਾਰਾਣਾ ਪ੍ਰਤਾਪ ਚੌਂਕ ਵਿਖੇ ਪ੍ਰੈੱਸ ਕੱਲਬ ਤਲਵਾਡ਼ਾ ਨੇ ਦਿੱਲੀ ਪੁਲੀਸ ਵੱਲੋਂ ਪੱਤਰਕਾਰਾਂ ’ਤੇ ਹਮਲੇ ਖ਼ਿਲਾਫ਼ ਪੁਤਲਾ ਫੂਕ ਪ੍ਰਦਰਸ਼ਨ ਕੀਤਾ ਗਿਆ। ਪ੍ਰਿੰਟ ਅਤੇ ਡਿਜ਼ੀਟਲ ਮੀਡੀਆ ਤੋਂ ਸਥਾਨਕ ਪੱਤਰਕਾਰਾਂ ਵੱਲੋਂ ਦਿੱਲੀ ਵਿਖੇ ਪੁਲੀਸ ਦੀ ਕਥਿਤ ਮਾਰਕੁੱਟ ਦਾ ਸ਼ਿਕਾਰ ਪੱਤਰਕਾਰਾਂ ਨਾਲ ਇੱਕਜੁਟਤਾ ਜਾਹਿਰ ਕੀਤੀ ਗਈ। ਸੀਨੀਅਰ ਪੱਤਰਕਾਰ ਡੀ.ਸੀ. ਭਾਰਦਵਾਜ, ਰਾਕੇਸ਼ ਸ਼ਰਮਾ, ਰਾਜੀਵ ਓਸ਼ੋ, ਪਵਨ ਕੁਮਾਰ, ਜੋਤੀ ਗੌਤਮ ਆਦਿ ਨੇ ਦਸਿਆ ਕਿ ਕਾਕਰੌਚ ਜਨਤਾ ਪਾਰਟੀ (ਸੀਜੇਪੀ) ਨੇ ਵੋਟ ਚੌਰੀ ਅਤੇ ਵੋਟਰ ਸੂਚੀਆਂ ਦੀ ਵਿਆਪਕ ਸੁਧਾਈ (ਐਸਆਈਆਰ) ’ਚ ਕਥਿਤ ਬੇਨਿਯਮੀਆਂ ਨੂੰ ਲੈ ਕੇ ਲੰਘੀ 10 ਤਾਰੀਕ ਦਿੱਲੀ ਦੇ ਜੰਤਰ ਮੰਤਰ ਵਿਖੇ ਅੰਦੋਲਨ ਦਾ ਸੱਦਾ ਦਿੱਤਾ ਸੀ। ਸੀਜੇਪੀ ਐਸਆਈਆਰ ਨੂੰ ਰੱਦ ਅਤੇ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਦੇ ਅਸਤੀਫੇ ਦੀ ਮੰਗ ਕਰ ਰਹੀ ਹੈ। ਇਸ ਅੰਦੋਲਨ ਦੀ ਕਵਰੇਜ ਲਈ ਪ੍ਰਿੰਟ ਤੇ ਡਿਜੀਟਲ ਮੀਡੀਆ ਦੇ ਕਈ ਪੱਤਰਕਾਰ ਵੀ ਪਹੁੰਚੇ, ਜਿਸ ਵਿੱਚ ਮਹਿਲਾ ਪੱਤਰਕਾਰ ਵੀ ਸ਼ਾਮਲ ਸਨ। ਦਿੱਲੀ ਪੁਲੀਸ ਵੱਲੋਂ ਪੱਤਰਕਾਰਾਂ ਨੂੰ ਕਵਰੇਜ ਕਰਨ ਤੋਂ ਰੋਕਿਆ ਹੀ ਨਹੀਂ ਗਿਆ, ਬਲਕਿ ਕਈ ਪਤੱਰਕਾਰਾਂ ਨੂੰ ਗ੍ਰਿਫ਼ਤਾਰ ਕੀਤਾ, ਮਾਰਕੁੱਟ ਕੀਤੀ ਅਤੇ ਕੈਮਰੇ ਤੱਕ ਤੋਡ਼ ਦਿੱਤੇ, ਮਹਿਲਾ ਪੱਤਰਕਾਰਾਂ ਨਾਲ ਹੱਥੋਪਾਈ ਕੀਤੀ, ਉਨ੍ਹਾਂ ਦੇ ਕੱਪਡ਼ੇ ਪਾਡ਼ੇ ਅਤੇ ਬਦਸਲੂਕੀ ਦੀਆਂ ਦਿੱਲੀ ਪੁਲੀਸ ਨੇ ਸਾਰੀਆਂ ਹੱਦਾਂ ਪਾਰ ਕੀਤੀਆਂ। ਦਿੱਲੀ ਪੁਲੀਸ ਦੀ ਪੱਤਰਕਾਰਾਂ ਨਾਲ ਬਦਸਲੂਕੀ ਨੇ ਸਮੁੱਚੇ ਮੀਡੀਆ ਜਗਤ ਦਾ ਸਿਰ ਸ਼ਰਮਸਾਰ ਕੀਤਾ ਹੈ, ਸਰਕਾਰ ਅਤੇ ਪ੍ਰਸ਼ਾਸਨ ਦੀ ਕਾਰਗੁਜ਼ਾਰੀ ’ਤੇ ਵੀ ਸਵਾਲ ਉਠਾਏ ਹਨ। ਤਲਵਾਡ਼ਾ ਪ੍ਰੈਸੱ ਕਲੱਬ ਦੇ ਸਮੂਹ ਮੈਂਬਰਾਂ ਨੇ ਦਿੱਲੀ ਪੁਲੀਸ ਦੀ ਨਿਖੇਧੀ ਕੀਤੀ ਹੈ। ਸਰਕਾਰ ਅਤੇ ਪ੍ਰਸ਼ਾਸਨ ਤੋਂ ਘਟਨਾਂ ਦੀ ਜਾਂਚ ਕਰਵਾ ਕੇ ਦੋਸ਼ੀ ਪੁਲੀਸ ਅਧਿਕਾਰੀਆਂ/ਕਰਮਚਾਰੀਆਂ ਖ਼ਿਲਾਫ਼ ਬਣਦੀ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਹੈ। ਪੱਤਰਕਾਰ ਨਵਦੀਪ ਸਿੰਘ, ਜਸਵੀਰ ਸਿੰਘ, ਦੀਪਕ ਠਾਕੁਰ, ਦੇਸ ਰਾਜ, ਬਲਦੇਵ ਟੋਹਲੂ ਅਤੇ ਵਿਕਰਾਂਤ ਮਹਿਤਾ ਨੇ ਕਿਹਾ ਲੋਕਤੰਤਰ ’ਚ ਹਰ ਇੱਕ ਨੂੰ ਸ਼ਾਂਤਮਈ ਰੋਸ ਪ੍ਰਗਟਾਉਣ ਦਾ ਅਧਿਕਾਰ ਹੈ, ਉਸੇ ਤਰ੍ਹਾਂ ਮੀਡੀਆ ਲੋਕਤੰਤਰ ਦਾ ਚੌਥਾ ਥੰਮ੍ਹ ਹੈ। ਪਰ ਅਫ਼ਸੋਸ ਨਾਲ ਕਹਿਣਾ ਪੈ ਰਿਹਾ ਹੈ ਕਿ ਦੁਨੀਆ ਦੇ ਸਭ ਤੋਂ ਵੱਡੇ ਲੋਕਤੰਤਰ ’ਚ ਮੀਡੀਆ ’ਤੇ ਲਗਾਤਾਰ ਹਮਲੇ ਹੋ ਰਹੇ ਹਨ। ਮੀਡੀਆ ਦੀ ਆਜ਼ਾਦੀ ਦੇ ਇੰਡੈਕਸ ’ਚ ਭਾਰਤ ਹਰ ਵਰ੍ਹੇ ਹੇਠਾਂ ਵੱਲ ਜਾ ਰਿਹਾ ਹੈ। ਸਮੂਹ ਪੱਤਰਕਾਰ ਭਾਈਚਾਰੇ ਨੇ ਦਿੱਲੀ ਪੁਲੀਸ ਦੇ ਹਮਲੇ ’ਚ ਸ਼ਿਕਾਰ ਪੱਤਰਕਾਰਾਂ ਨਾਲ ਇੱਕਜੁਟਤਾ ਜਾਹਿਰ ਕੀਤੀ, ਉੱਥੇ ਹੀ ਸਰਕਾਰ ਅਤੇ ਪ੍ਰਸ਼ਾਸਨ ਤੋਂ ਮੀਡੀਆ ਕਰਮੀਆਂ ਦੀ ਸੁਰੱਖਿਆ ਯਕੀਨੀ ਬਣਾਉਣ ਦੀ ਅਪੀਲ ਕੀਤੀ ਹੈ। ਹੋਰਨਾਂ ਤੋਂ ਇਲਾਵਾ ਇਸ ਮੌਕੇ ਸ਼ਾਦੀ ਲਾਲ, ਬਲਬੀਰ ਸਿੰਘ ਬੱਲ, ਜਤਿੰਦਰ ਕੁਮਾਰ (ਜੱਗਾ), ਰਾਕੇਸ਼ ਘਈ, ਪ੍ਰਵੀਨ ਸੋਹਲ ਆਦਿ ਹਾਜ਼ਰ ਸਨ 

Leave a Reply

Your email address will not be published. Required fields are marked *