*ਸੁਖਬੀਰ ਸਿੰਘ ਬਾਦਲ ਨੇ ਬਿਆਸ ਦਰਿਆ ਦੇ ਪੁੱਲ ਨੇੜੇ ਵੱਡੇ ਪੱਧਰ ’ਤੇ ਗੈਰ ਕਾਨੁੰਨੀ ਮਾਇਨਿੰਗ ਕੀਤੀ ਬੇਨਕਾਬ*

पंजाब
Spread the love

ਅੰਮ੍ਰਿਤਸਰ, 30 ਜੂਨ (ਦਾ ਮਿਰਰ ਪੰਜਾਬ )ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਬਿਆਸ ਦਰਿਆ ਦੇ ਪੁੱਲ ਦੇ ਨੇੜੇ ਉਸ ਗੈਰ ਕਾਨੂੰਨੀ ਮਾਇਨਿੰਗ ਨੁੰ ਬੇਨਕਾਬ ਕੀਤਾ ਜਿਸ ਕਾਰਨ ਮਾਝਾ ਖਿੱਤੇ ਦੀ ਜੀਵਨ ਰੇਖਾ ਹੀ ਖ਼ਤਰੇ ਵਿਚ ਪੈ ਗਈ ਤੇ ਇਸਦੇ ਕੰਢੇ ਖੁਰਨ ਕਾਰਨ ਕਿਸਾਨਾਂ ਦੀਆਂ ਜ਼ਮੀਨਾਂ ਦਾ ਵੀ ਨੁਕਸਾਨ ਹੋ ਰਿਹਾ ਹੈ।
ਅਕਾਲੀ ਦਲ ਦੇ ਪ੍ਰਧਾਨ ਨੇ ਮੰਤਰੀ ਸੁਖਬਿੰਦਰ ਸਰਕਾਰੀ ਤੇ ਵਿਧਾਇਕ ਸੰਤੋਖ ਸਿੰਘ ਭਲਾਈਪੁਰ, ਸੁਖਪਾਲ ਭੁੱਲਰ, ਇੰਦਰਬੀਰ ਬੁਲਾਰੀਆ, ਰਮਨਜੀਤ ਸਿੰਘ ਸਿੱਕੀ ਤੇ ਕੁਲਬੀਰ ਸਿੰਘ ਜ਼ੀਰਾ ਅਤੇ ਮਾਇਨਿੰਗ ਦੇ ਮੁੱਖ ਕਿਰਦਾਰ ਅਸ਼ੋਕ ਚੰਡਕ, ਰਾਕੇਸ਼ ਚੌਧਰੀ ਤੇ ੋਹਨ ਲਾਲ ਦੇ ਖਿਲਾਫ ਬਿਆਸ ਪੁਲਿਸ ਥਾਣੇ ਵਿਚ ਸ਼ਿਕਾਇਤ ਵੀ ਦਰਜ ਕਰਵਾਈ। ਉਹਨਾਂ ਦੱਸਿਆ ਕਿ ਨੈਸ਼ਨਲ ਗ੍ਰੀਨ ਟ੍ਰਿਬਿਊਨਲ (ਐਨ ਜੀ ਟੀ) ਦੇ ਮੁਤਾਬਕ ਪੁੱਲ ਦੇ ਪੰਜ ਕਿਲੋਮੀਟਰ ਦੇ ਇਲਾਕੇ ਵਿਚ ਮਾਇਨਿੰਗ ਨਹੀਂ ਕੀਤੀ ਜਾ ਸਕਦੀ ਪਰ ਇਸ ਮਾਮਲੇ ਵਿਚ ਇਹ ਮਾਇਨਿੰਗ ਇਕ ਕਿਲੋਮੀਟਰ ਦੇ ਖੇਤਰ ਅੰਦਰ ਹੀਕੀਤੀ ਜਾ ਰਹੀ ਹੈ। ਉਹਨਾਂ ਕਿਹਾ ਕਿ ਇਸੇ ਤਰੀਕੇ ਗਾਰ ਕੱਢਣ ਦੇ ਦਾਅਵੇ ਵੀ ਗਲਤ ਹਨ ਕਿਉਂਕਿ ਚਲਦੇ ਪਾਣੀ ਵਿਚੋਂ ਗਾਰ ਨਹੀਂ ਕੱਢੀ ਜਾ ਸਕਦੀ।
ਟਰੱਕ ਡਰਾਈਵਰਾਂ ਜਿਹਨਾਂ ਤੋਂ 16000 ਰੁਪਏ ਪ੍ਰਤੀ ਟਰੱਕ ਗੁੰਡਾ ਟੈਕਸ ਵਸੂਲਿਆ ਜਾ ਰਿਹਾ ਹੈ, ਨੇ ਰੇਤ ਮਾਫੀਆ ਦੇ ਖਿਲਾਫ ਵੱਖਰੀ ਸ਼ਿਕਾਇਤ ਦਰਜ ਕਰਵਾਈ। ਇਸੇ ਤਰੀਕੇ ਪਿੰਡ ਵਾਲਿਆਂ ਨੇ ਵੀ ਵੱਖਰੀ ਸ਼ਿਕਾਇਤ ਦਰਜ ਕਰਵਾਈ ਤੇ ਕਿਹਾ ਕਿ ਪੰਚਾਇਤੀ ਜ਼ਮੀਨ ਤੋਂ ਮਾਫੀਆ ਬਿਨਾਂ ਪ੍ਰਵਾਨਗੀ ਮਾਇਨਿੰਗ ਕਰ ਰਿਹਾ ਹੈ।
ਸਰਦਾਰ ਬਾਦਲ ਨੇ ਮਾਇਨਿੰਗ ਮਾਫੀਆ ਵੱਲੋਂ ਉਹਨਾਂ ਅਤੇ ਵਿਰਸਾ ਸਿੰਘ ਵਲਟੋਹਾ ਤੇ ਅਮਰਪਾਲ ਸਿੰਘ ਬੋਨੀ ਅਜਨਾਲਾ ਸਮੇਤ ਅਕਾਲੀ ਲੀਡਰਸ਼ਿਪ ਦੇ ਖਿਲਾਫ ਸ਼ਿਕਾਇਤ ਦੇ ਕੇ ਆਪਣੇ ਅਪਰਾਧ ਤੋਂ ਧਿਆਨ ਪਾਸੇ ਕਰਨ ਦਾ ਯਤਨ ਕਰਨ ਦੀ ਵੀ ਨਿਖੇਧੀ ਕੀਤੀ। ਉਹਨਾਂ ਕਿਹਾ ਕਿ ਸਾਡਾ ਗੁਨਾਹ ਇਹ ਹੈ ਕਿ ਅਸੀਂ ਇਸ ਭ੍ਰਿਸ਼ਟ ਤੇ ਘੁਟਾਲਿਆਂ ਨਾਲ ਭਰੀ ਸਰਕਾਰ ਇਸਦੇ ਮਾਇਨਿੰਗ ਮਾਫੀਆ ਨੂੰ ਬੇਨਕਾਬ ਕਰ ਰਹੇ ਹਾਂ।
ਅਕਾਲੀ ਦਲ ਦੇ ਪ੍ਰਧਾਨ ਨੇ ਦਰਿਆਦੇ ਕੰਢੇ ਦਾ ਅਚਨਚੇਤ ਦੌਰਾ ਕੀਤਾ ਜਿਥੇ ਕੁਝ ਸੈਂਕੜੇ ਟਰੱਕ ਤੇ ਜੇ ਸੀ ਬੀ ਮਸ਼ੀਨਾਂ ਸਮੇਤ ਹੋਰ ਸਾਜੋ ਸਮਾਨ ਮਾਇਨਿੰਗ ਵਾਸਤੇ ਵਰਤਿਆ ਜਾ ਰਿਹਾ ਸੀ।
ਮੌਕੇ ’ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਹ ਕਿਹਾ ਕਿ ਹੈਰਾਨੀ ਵਾਲੀ ਗੱਲ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਰੇਤ ਮਾਫੀਆ ਨੁੰ ਕੌਮੀ ਸ਼ਾਹਮਾਰਗ ਤੋਂ ਇਕ ਕਿਲੋਮੀਟਰ ਦੀ ਦੂਰੀ ’ਤੇ ਸੂਬੇ ਦੇ ਸਰੋਤਾਂ ਦੀ ਖੁੱਲ੍ਹੀ ਲੁੱਟ ਦੀ ਆਗਿਆ ਦੇ ਰਹੇ ਹਨ। ਉਹਨਾਂ ਕਿਹਾ ਕਿ ਇਸ ਮਾਮਲੇ ਵਿਚ ਇਹ ਵੀ ਸਾਹਮਣੇ ਆਇਆ ਹੈ ਕਿ ਮੋਹਨ ਪਾਲ ਜੋ ਕਿ ਕਾਂਗਰਸੀ ਵਿਧਾਇਕ ਸੁਖਪਾਲ ਭੁੱਲਰ ਦਾ ਭਰਾ ਹੈ, ਉਹ ਹੋਰਨਾਂ ਦੇ ਨਾਲ ਰਲ ਕੇ ਮਾਇਨਿੰਗ ਕਰ ਰਿਹਾ ਹੈ। ਸਰਦਾਰ ਸੁਖਬੀਰ ਬਾਦਲ ਨੇ ਕਿਹਾ ਕਿ ਮੁੱਖ ਮੰਤਰੀ ਇਹਨਾਂ ਨੂੰ ਇਹ ਲੁੱਟ ਦੀ ਖੁੱਲ੍ਹੀ ਛੋਟ ਇਕ ਪਾਸੇ ਏ ਆਈ ਸੀ ਸੀ ਨੂੰ ਖੁਸ਼ ਕਰਨ ਵਾਸਤੇ ਤੇ ਦੂਜੀ ਵਾਸਤੇ ਉਹਨਾਂ ਦੇ ਖੂਨ ਦੇ ਪਿਆਸੇ ਵਿਧਾਇਕਾਂ ਨੁੰ ਖੁਸ਼ ਕਰਨ ਵਾਸਤੇ ਦੇ ਰਹੇ ਹਨ ਤਾ ਜੋ ਉਹਨਾਂ ਦੀ ਕੁਰਸੀ ਬਚੀ ਰਹੇ।
ਅਕਾਲੀ ਦਲ ਦੇ ਪ੍ਰਧਾਨ ਨੇ ਮੁੱਖ ਮੰਤਰੀ, ਮੰਤਰੀ ਸੁਖਬਿੰਦਰ ਸਰਕਾਰੀਆ ਤੇ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਤੇ ਅੰਮ੍ਰਿਤਸਰ ਦਿਹਾਤੀ ਦੇ ਐਸਐਸ ਪੀ ਨੂੰ ਕਿਹਾ ਕਿ ਉਹ ਪੰਜਾਬੀਆਂ ਨੂੰ ਦੱਸਣ ਕਿ ਮਾਇਨਿੰਗ ਮਾਫੀਆ ਦੇ ਖਿਲਾਫ ਕੋਈ ਕਾਰਵਾਈ ਕਿਉਂ ਨਹੀਂ ਕੀਤੀ ਜਾ ਰਹੀ। ਉਹਨਾਂ ਕਿਹਾ ਕਿ ਕਿਸਾਨਾਂ ਨੇ ਉਹਨਾਂ ਨੂੰ ਦੱਸਿਆ ਹੈ ਕਿ ਪੁਲਿਸ ਰੋਜ਼ ਮੌਕੇ ’ਤੇ ਆਪਣਾ ਹਿੱਸਾ ਲੈ ਜਾਂਦੀ ਹੈ। ਉਹਨਾਂ ਕਿਹਾ ਕਿ ਅੱਜ ਵੀ ਜਦੋਂ ਮੈਂ ਮੌਕੇ ਦਾ ਦੌਰਾ ਕੀਤਾ ਤੇ ਮੌਕੇ ’ਤੇ ਗੈਰ ਕਾਨੂੰਨੀ ਮਾਇਨਿੰਗ ਵੇਖੀ ਤਾਂ ਮੈਂ ਸਿਵਲ ਤੇ ਪੁਲਿਸ ਅਧਿਕਾਰੀਆਂ ਨੁੰ ਫੋਨ ਕਰ ਕੇ ਕਾਰਵਾਈ ਕਰਨ ਵਾਸਤੇ ਕਿਹਾ ਪਰ ਉਹਨਾਂ ਨੇ ਡੇਢ ਘੰਟੇ ਬਾਅਦ ਅਫਸਰ ਭੇਜੇ। ਉਹਨਾਂ ਕਿਹਾ ਕਿ ਇਹਨਾਂ ਅਫਸਰਾਂ ਨੁੰ ਵੀ ਪਹਿਲਾਂ ਹੀ ਸਿਖਾ ਕੇ ਭੇਜਿਆ ਗਿਆ ਸੀ ਤੇ ਸਥਾਨਕ ਮਾਇਨਿੰਗ ਅਫਸਰ ਨੇ ਗੈਰ ਕਾਨੁੰਨੀ ਮਾਇਨਿੰਗ ਨੂੰ ਸਹੀ ਠਹਿਰਾਉਣ ਲਈ ਤਰਕ ਦਿੱਤਾ ਕਿ ਸਿਰਫ ਮੌਕੇ ’ਤੇ ਗਾਰ ਕੱਢਣ ਦਾ ਕੰਮ ਚਲ ਰਿਹਾ ਹੈ।
ਸਰਦਾਰ ਬਾਦਲ ਨੇ ਜ਼ੋਰ ਦੇ ਕੇ ਕਿਹਾ ਕਿ ਇਹ ਹਾਲਾਤ ਸਿਰਫ ਇਕੇ ਹੀ ਨਹੀਂ ਬਲਕਿ ਸੂਬੇ ਭਰ ਵਿਚ ਆਮ ਹਨ। ਉਹਨਾਂ ਕਿਹਾ ਕਿ ਹੈਰਾਨੀ ਵਾਲੀ ਗੱਲ ਹੈ ਕਿ ਬਜਾਏ ਮਾਇਨਿੰਗ ਦੇ ਕਾਨੁੰਨੀ ਤੌਰ ’ਤੇ ਠੇਕੇ ਦੇਣ ਦੇ ਸਾਰਾ ਕੰਮ ਰਾਜਸਥਾਨ ਤੇ ਜੰਮੂ ਦੇ ਰੇਤ ਮਾਫੀਆ ਬਾਦਸ਼ਾਹਾਂ ਹਵਾਲੇ ਕਰ ਦਿੱਤਾ ਗਿਆ ਹੈ। ਉਹਨਾਂ ਕਿਹਾ ਕਿ ਇਹ ਲੋਕ ਕਾਂਗਰਸੀ ਐਮ ਪੀਜ਼, ਵਿਘਾਇਕਾਂ ਤੇ ਹੋਰ ਆਗੂਆਂ ਨਾਲ ਜੁੜੇ ਹੋਏ ਹਨ ਤੇ ਰਲ ਕੇ ਸੂਬੇ ਦੇ ਸਰੋਤਾਂ ਦੀ ਲੁੱਟ ਕੀਤੀ ਜਾ ਰਹੀ ਹੈ।
ਸਰਦਾਰ ਬਾਦਲ ਨੇ ਕਿਹਾ ਕਿ ਅਕਾਲੀ ਦਲ ਜਲਦੀ ਹੀ ਗੈਰ ਕਾਨੂੰਨੀ ਮਾਇਨਿੰਗ ਦੇ ਮਾਮਲੇ ’ਤੇ ਸੰਘਰਸ਼ ਵਿੱਢੇਗਾ ਅਤੇ ਕਾਂਗਰਸ ਸਰਕਾਰ ਨੁੰ ਰੇਤਾ ਵਾਜਬ ਰੇਟਾਂ ’ਤੇ ਲੋਕਾਂ ਨੁੰ ਮਿਲਣਾ ਯਕੀਨੀ ਬਣਾਉਣ ਲਈ ਮਜਬੂਰ ਕਰ ਦੇਵੇਗਾ। ਉਹਨਾਂ ਕਿਹਾ ਕਿ ਜੇਕਰ ਲੋੜ ਪਈ ਤਾਂ ਅਸੀਂ ਅਦਾਲਤਾਂ ਤੱਕ ਵੀ ਪਹੁੰਚ ਕਰਾਂਗੇ ਕਿਉਂਕਿ ਸੂਬੇ ਦਾ ਮਾਇਨਿੰਗ ਵਿਭਾਗ ਮਾਇਨਿੰਗ ਮਾਫੀਆ ਦੇ ਹੱਥਾਂ ਵਿਚ ਖੇਡ ਕੇ ਆਪਣਾ ਫਰਜ਼ ਪੂਰਾ ਨਹੀਂ ਕਰ ਰਿਹਾ।

Leave a Reply

Your email address will not be published. Required fields are marked *