ਤਲਵਾਡ਼ਾ,17 ਜੁਲਾਈ( ਦੀਪਕ ਠਾਕੁਰ)-ਇੱਥੇ ਨੀਮ ਪਹਾਡ਼ੀ ਕਸਬਾ ਕਮਾਹੀ ਦੇਵੀ ਅਧੀਨ ਆਉਂਦੇ ਪਿੰਡ ਪੁਹਾਰੀ ਵਿਖੇ ਟਰੈਕਟਰ ਟਰਾਲੀ ਦਾ ਸੰਤੁਲਨ ਵਿਗਡ਼ਨ ਕਾਰਨ ਵਾਪਰੇ ਹਾਦਸੇ ‘ਚ ਦੋ ਵਿਅਕਤੀਆਂ ਦੀ ਮੌਤ ਹੋ ਗਈ। ਤਲਵਾਡ਼ਾ ਪੁਲੀਸ ਨੇ ਟਰੈਕਟਰ ਚਾਲਕ ’ਤੇ ਲਾਪਰਵਾਹੀ ਦਾ ਮਾਮਲਾ ਦਰਜ ਕੀਤਾ ਹੈ।
ਤਲਵਾਡ਼ਾ ਪੁਲੀਸ ਕੋਲ ਦਲਜੀਤ ਕੁਮਾਰ (30) ਪੁੱਤਰ ਗੁਰਪਾਲ ਰਾਮ ਪਿੰਡ ਅਰਜਨੇਵਾਲ ਜ਼ਿਲ੍ਹਾ ਜਲੰਧਰ ਨੇ ਦਿੱਤੇ ਬਿਆਨਾਂ ‘ਚ ਦੱਸਿਆ ਕਿ ਲੰਘੇ ਕੱਲ੍ਹ ਉਸਦਾ ਪਿਤਾ ਗੁਰਪਾਲ ਰਾਮ ਅਤੇ ਭਜਨ ਸਿੰਘ ਪੁੱਤਰ ਊਧਮ ਸਿੰਘ ਵਾਸੀ ਪਿੰਡ ਹਰੀਪੁਰ ਥਾਣਾ ਆਦਮਪੁਰ ਜ਼ਿਲ੍ਹਾ ਜਲੰਧਰ, ਜੋਗਿੰਦਰ ਸਿੰਘ ਪੁੱਤਰ ਊਧਮ ਸਿੰਘ ਵਾਸੀ ਮੂਸਾਪੁਰ ਥਾਣਾ ਪਤਾਰਾ ਜਲੰਧਰ ਟਰੈਕਟਰ ਨੰਬਰ ਪੀਬੀ 08 ਏਐਸ 0949, ਜਿਸਨੂੰ ਕੁਲਦੀਪ ਸਿੰਘ ਪੁੱਤਰ ਪਾਖਰ ਸਿੰਘ ਵਾਸੀ ਪਿੰਡ ਉਚਾ ਥਾਣਾ ਪਤਾਰਾ ਜ਼ਿਲ੍ਹਾ ਜਲੰਧਰ ਚਲਾ ਰਿਹਾ ਸੀ, ਪਿੰਡ ਬਹਿ ਨੰਗਲ (ਕਮਾਹੀ ਦੇਵੀ) ਦੀ ਸਰਕਾਰੀ ਨਰਸਰੀ ਤੋਂ ਬਾਂਸ ਦੇ ਬੂਟੇ ਲੈਣ ਆਏ ਸਨ। ਦਲਜੀਤ ਕੁਮਾਰ ਨੇ ਦੱਸਿਆ ਕਿ ਉਹ ਮਹਿਕਮਾ ਜੰਗਲਾਤ ਵਿੱਚ ਸਰਕਾਰੀ ਨਰਸਰੀ ਡਰੋਲੀ ਕਲਾਂ ਵਿਖੇ ਡੇਲੀਵੇਜ਼ ’ਤੇ ਕੰਮ ਕਰਦਾ ਹੈ, ਆਪਣੇ ਨਿੱਜੀ ਕੰਮ ਲਈ ਆਪਣੇ ਦੋਸਤ ਮਹਿੰਦਰ ਪਾਲ ਨਾਲ ਮੋਟਰਸਾਈਕਲ ’ਤੇ ਕਮਾਹੀ ਦੇਵੀ ਆਇਆ ਹੋਇਆ ਸੀ, ਸ਼ਾਮ ਵਕਤ ਕਰੀਬ ਤਿੰਨ ਵਜੇ ਜਦੋਂ ਉਹ ਪਿੰਡ ਪੁਹਾਰੀ ਪੁੱਜੇ ਤਾਂ ਉਨ੍ਹਾਂ ਦੇ ਅੱਗੇ ਉਕੱਤ ਟਰੈਕਟਰ ਟਰਾਲੀ ਬਾਂਸ ਦੇ ਬੂਟੇ ਲੱਦ ਕੇ ਜਾ ਰਿਹਾ ਸੀ, ਟਰੈਕਟਰ ਚਾਲਕ ਕੁਲਦੀਪ ਸਿੰਘ ਟਰੈਕਟਰ ਅਣਗਹਿਲੀ ਨਾਲ ਚਲਾ ਰਿਹਾ ਸੀ, ਉਸਦੇ ਦੇਖਦਿਆਂ ਹੀ ਟਰੈਕਟਰ ਦਾ ਸੰਤੁਲਨ ਵਿਗਡ਼ ਗਿਆ ਅਤੇ ਟਰੈਕਟਰ ਸਡ਼ਕ ਦੇ ਦੂਜੇ ਪਾਸੇ ਡੂੰਗੀ ਖਾਈ ‘ਚ ਪਲਟ ਗਿਆ। ਹਾਦਸੇ ‘ਚ ਭਜਨ ਸਿੰਘ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦਕਿ ਗੰਭੀਰ ਰੂਪ ‘ਚ ਜਖ਼ਮੀ ਪਿਤਾ ਗੁਰਪਾਲ ਰਾਮ ਨੂੰ ਜੱਦੋਜਹਿਦ ਮਗਰੋਂ ਸਿਵਲ ਹਸਪਤਾਲ ਦਸੂਹਾ ਵਿਖੇ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ। ਤਲਵਾਡ਼ਾ ਪੁਲੀਸ ਨੇ ਪ੍ਰਤੱਖ ਦਰਸ਼ੀ ਅਤੇ ਮ੍ਰਿਤਕ ਗੁਰਪਾਲ ਰਾਮ ਦੇ ਪੁੱਤਰ ਦਲਜੀਤ ਕੁਮਾਰ ਦੇ ਬਿਆਨਾਂ ’ਤੇ ਟਰੈਕਟਰ ਚਾਲਕ ਕੁਲਦੀਪ ਸਿੰਘ ਖ਼ਿਲਾਫ਼ ਮਾਮਲਾ ਦਰਜ ਕਰ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।





