ਤਲਵਾਡ਼ਾ,8 ਨਵੰਬਰ(ਦੀਪਕ ਠਾਕੁਰ)-ਇੱਥੇ ਮਹੰਤ ਰਾਮ ਪ੍ਰਕਾਸ਼ ਦਾਸ ਸਰਕਾਰੀ ਆਰਟਸ ਤੇ ਸਾਇੰਸ ਕਾਲਜ ਵਿਖੇ ਗੈਸਟ ਫੈਕਲਟੀ ਸਹਾਇਕ ਲੈਕਚਰਾਰਾਂ ਦਾ ਆਪਣੀਆਂ ਮੰਗਾਂ ਨੂੰ ਲੈ ਕੇ ਧਰਨਾ ਪ੍ਰਦਰਸ਼ਨ 8ਵੇਂ ਦਿਨ ਵੀ ਜ਼ਾਰੀ ਰਿਹਾ। ਇਹ ਗੈਸਟ ਫੈਕਲਟੀ ਲੈਕਚਰਾਰ ਸਰਕਾਰ ਤੋਂ ਆਪਣੀਆਂ ਸੇਵਾਵਾਂ ਨੂੰ ਬਿਨ੍ਹਾਂ ਸ਼ਰਤ ਰੈਗੂਲਰ ਕਰਨ ਦੀ ਮੰਗ ਕਰ ਰਹੇ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪ੍ਰੋ ਦਲਵਿੰਦਰ ਪਾਲ ਸਿੰਘ, ਪ੍ਰੋ ਅਕਬਾਲ ਸਿੰਘ, ਡਾ ਨੀਨਾ ਭਾਰਦਵਾਜ, ਮੁਨੀਸ਼ ਕਸ਼ਿਯਪ ਆਦਿ ਨੇ ਦੱਸਿਆ ਕਿ ਉਹ ਕਰੀਬ 15 20 ਸਾਲ ਤੋਂ ਸਰਕਾਰੀ ਕਾਲਜਾਂ ‘ਚ ਨਿਗੂਣੀਆਂ ਤਨਖ਼ਾਹਾਂ ’ਤੇ ਸੇਵਾ ਨਿਭਾ ਰਹੇ ਹਨ, ਅੱਜ ਪੰਜਾਬ ਸਰਕਾਰ ਰੈਗੂਲਰ ਭਰਤੀ ਦੇ ਨਾਂ ਹੇਠਾਂ ਗੈਸਟ ਫੈਕਲਟੀ ਸਹਾਇਕ ਲੈਕਚਰਾਰਾਂ ਨੂੰ ਯੂਜੀਸੀ ਦੀਆਂ ਹਦਾਇਤਾਂ ਦੀ ਆਡ਼ ‘ਚ ਬਾਹਰ ਦਾ ਰਸਤਾ ਦਿਖਾਉਣ ਦੇ ਰਾਹ ਤੁਲੀ ਹੋਈ ਹੈ। ਸਰਕਾਰ ਦੇ ਫੈਸਲੇ ਦੇ ਵਿਰੋਧ ‘ਚ ਗੈਸਟ ਫੈਕਲਟੀ ਲੈਕਚਰਾਰ ਪਿਛਲੇ ਇੱਕ ਹਫ਼ਤੇ ਤੋਂ ਵਧ ਸਮੇਂ ਤੋਂ ਸੰਘਰਸ਼ ਦੇ ਰਾਹ ਪਏ ਹੋਏ ਹਨ। ਪ੍ਰੋ ਰੁਪਾਲੀ ਵਰਮਾ, ਪ੍ਰੋ ਰਣਜੀਤ ਸਿੰਘ, ਪ੍ਰੋ ਸੁਮਨ ਬਾਲਾ, ਪ੍ਰੋ ਕੁਲਦੀਪ ਚੰਦ ਨੇ ਦੱਸਿਆ ਕਿ ਬੀਤੇ ਦਿਨੀਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਗੈਸਟ ਫੈਕਲਟੀ ਸਹਾਇਕ ਲੈਕਚਰਾਰ ਦੀ ਸਾਂਝੀ ਮੀਟਿੰਗ ਕੀਤੀ ਗਈ, ਜਿਸ ਵਿੱਚ ਸੰਘਰਸ਼ ਨੂੰ ਪ੍ਰਚੰਡ ਅਤੇ ਨਿਰਣਾਇਕ ਅੰਜ਼ਾਮ ਤੱਕ ਲੈ ਜਾਣ ਲਈ ਵਿਉਂਤਬੰਦੀ ਘਡ਼ੀ ਗਈ। ਉਨ੍ਹਾਂ ਸਰਕਾਰ ਤੋਂ ਗੈਸਟ ਫੈਕਲਟੀ/ ਪਾਰਟ ਟਾਈਮ/ ਕੰਟਰੈਕਟ ਸਹਾਇਕ ਲੈਕਚਰਾਰਾਂ ਨੂੰ ਬਿਨ੍ਹਾਂ ਸ਼ਰਤ ਰੈਗੂਲਰ ਅਤੇ ਨਿਰੋਲ ਖਾਲੀ ਅਸਾਮੀਆਂ ’ਤੇ ਹੀ ਨਵੀਂ ਭਰਤੀ ਕਰਨ ਦੀ ਮੰਗ ਕੀਤੀ।





