*ਖਾਲਸਾ ਪੰਥ ਨੂੰ ਸਾਬੋਤਾਜ ਕਰਨ ਵਾਸਤੇ ਇੰਦਰਾ ਗਾਂਧੀ ਵਾਲੇ ਹੱਥਕੰਡੇ ਵਰਤੇ ਜਾ ਰਹੇ ਹਨ*

पंजाब
Spread the love

ਚੰਡੀਗੜ੍ਹ, 1 ਦਸੰਬਰ (ਦਾ ਮਿਰਰ ਪੰਜਾਬ )-ਸ਼੍ਰੋਮਣੀ ਅਕਾਲੀ ਦਲ ਨੇ ਅੱਜ ਮਨਜਿੰਦਰ ਸਿੰਘ ਸਿਰਸਾ ਦੇ ਭਾਜਪਾ ਵਿਚ ਸ਼ਾਮਲ ਹੋਣ ਨੁੰ ਖਾਲਸਾ ਪੰਥ ਦੀਆਂ ਦੁਸ਼ਮਣ ਤਾਕਤਾਂ ਵੱਲੋਂ ਸਾਜ਼ਿਸ਼ਾਂ ਰਚ ਕੇ ਉਹ ਕੁਝ ਹਾਸਲ ਕਰਨ ਦਾ ਯਤਨ ਕਰਾਰ ਦਿੱਤਾ ਜੋ ਉਹ ਸਿੱਖ ਕੌਮ ਦੀ ਮਰਜ਼ੀ ਨਾਲ ਹਾਸਲ ਨਹੀਂ ਕਰ ਸਕੀਆਂ।

ਇਹ ਸਿੱਖ ਕੌਮ ਦੇ ਖਿਲਾਫ ਇੰਦਰਾ ਗਾਂਧੀ ਵਾਲੇ ਹੱਥਕੰਡੇ ਵਰਤੇ ਜਾਣੇ ਤੇ ਸਰਕਾਰ ਦੀ ਤਾਕਤ ਦੀ ਦੁਰਵਰਤੋਂ ਤੇ ਝੂਠੇ ਕੇਸ ਦਰਜ ਕਰ ਕੇ ਖਾਲਸਾ ਪੰਥ ਦੀ ਧਾਰਮਿਕ ਪ੍ਰਭੂਸੱਤਾ ’ਤੇ ਇਕ ਹੋਰ ਸਿੱਧਾ ਹਮਲਾ ਹੈ। ਸਿੱਖ ਪੰਥ ਨੁੰ ਇਹ ਚੁਣੌਤੀ ਪ੍ਰਵਾਨ ਹੈ ਤੇ ਪੰਥ ਸਿੱਧਾ ਹੋ ਕੇ ਇਸਦਾ ਮੁਕਾਬਲਾ ਕਰੇਗਾ। 

ਸਰਦਾਰ ਮਨਜਿੰਦਰ ਸਿੰਘ ਸਿਰਸਾ, ਸ਼੍ਰੋਮਣੀ ਅਕਾਲੀ ਦਲ ਦਿੱਲੀ ਇਕਾਈ ਦੇ ਪ੍ਰਧਾਨ ਜਥੇਦਾਰ ਹਰਮੀਤ ਸਿੰਘ ਕਾਲਕਾ ਤੇ ਦਿੱਲੀ ਕਮੇਟੀ ਦੇ 11 ਹੋਰ ਮੈਂਬਰਾਂ ਦੇ ਖਿਲਾਫ ਕੇਸ ਦਰਜ ਕੀਤੇ ਗਏ ਸਨ। ਕਾਲਕਾ ਸਾਹਿਬ ਤੇ ਹੋਰ ਮੈਂਬਰ ਸਿੱਖ ਰਵਾਇਤਾਂ ’ਤੇ ਡਟੇ ਰਹੇ ਤੇ ਜ਼ਬਰ ਦਾ ਟਕਾਰਾ ਕੀਤਾ ਪਰ ਮੰਦਭਾਗੀ ਗੱਲ ਹੈ ਕਿ ਸਰਦਾਰ ਸਿਰਸਾ ਦਬਾਅ ਹੇਠ ਆ ਗਏ ਤੇ ਸਿੱਖ ਪੰਥ ਤੇ ਇਸਦੀ ਭਾਵਨਾ ਨਾਲ ਗੱਦਾਰੀ ਕੀਤੀ। 

ਇਥੇ ਪਾਰਟੀ ਦੇ ਮੁੱਖ ਦਫਤਰ ਤੋਂ ਜਾਰੀ ਕੀਤੇ ਇਕ ਬਿਆਨ ਵਿਚ ਕਿਹਾ ਗਿਆ ਕਿ ਖਾਲਸਾ ਪੰਥ ਕਿਸੇ ਇਕ ਵਿਅਕਤੀ ਨਾਲੋਂ ਬਹੁਤ ਜ਼ਿਆਦਾ ਵੱਡਾ ਹੈ। ਵਿਅਕਤੀ ਆਉਂਦੇ ਜਾਂਦੇ ਰਹਿੰਦੇ ਹਨ। ਖਾਲਸਾ ਪੰਥ ਹਮੇਸ਼ਾ ਚੜ੍ਹਦੀਕਲਾ ਵਿਚ ਰਿਹਾ ਹੈ ਤੇ ਹਮੇਸ਼ਾ ਰਹੇਗਾ। 

ਖਾਲਸਾ ਪੰਥ ਇਸਦੀ ਸਿਰਜਣਾ ਵੇਲੇ ਤੋਂ ਹਮਲਿਆਂ ਦਾ ਸ਼ਿਕਾਰ ਹੋਇਆ ਹੈ। ਆਧੁਨਿਕ ਦੌਰ ਵਿਚ ਪਹਿਲਾਂ ਅੰਗਰੇਜ਼ਾਂ ਨੇ ਤੇ ਫਿਰ ਇੰਦਰਾ ਗਾਂਧੀ ਤੇ ਹੋਰ ਕਾਂਗਰਸੀ ਸਰਕਾਰਾਂ ਨੇ ਸਾਜ਼ਿਸ਼ਾਂ ਰਚ ਕੇ ਜ਼ਬਰ ਕਰ ਕੇ ਤੇ ਸਾਬੋਤਾਜ ਕਰ ਕੇ ਸਿੱਖਾਂ ਦੀਆਂ ਧਾਰਮਿਕ ਸੰਸਥਾਵਾਂ ਨੂੰ ਢਹਿ ਢੇਰੀ ਕਰਨ ਦਾ ਯਤਨ ਕੀਤਾ ਹੈ। ਜਿਥੇ ਖਾਲਸਾ ਪੰਥ ਨੇ ਹਮੇਸ਼ਾ ਅਕਾਲੀ ਦਲ ਦੀ ਹਮਾਇਤ ਕੀਤੀ ਤੇ ਹਰ ਸਾਜ਼ਿਸ਼ਕਾਰ ਤੇ ਦੋਖੀ ਨੂੰ ਮਾਰ ਦਿੱਤੀ, ਉਥੇ ਹੀ ਸ਼੍ਰੋਮਣੀ ਕਮੇਟੀ ਤੇ ਦਿੱਲੀ ਗੁਰਦੁਆਰਾ ਕਮੇਟੀ ’ਤੇ ਪਿਛਲੇ ਦਰਵਾਜ਼ਿਓਂ ਕਬਜ਼ਾ ਕਰਨ ਦੇ ਯਤਨ ਹੋਏ। ਹੁਣ ਮੌਜੂਦਾ ਕੇਂਦਰ ਸਰਕਾਰ ਨੇ ਉਹਨਾਂ ਕਾਂਗਰਸੀ ਸਰਕਾਰਾਂ ਦੀ ਭੂਮਿਕਾ ਅਖ਼ਤਿਆਰ ਕਰ ਲਈ ਹੈ ਜੋ ਕੇਂਦਰ ਵਿਚ ਸੱਤਾ ਵਿਚ ਹੁੰਦਿਆਂ ਬੀਤੇ ਸਮੇਂ ਵਿਚ ਨਿਭਾਉਂਦੀਆਂ ਰਹੀਆਂ ਹਨ। ਪਰ ਖਾਲਸਾ ਪੰਥ ਨੇ ਪਹਿਲਾਂ ਵੀ ਇਹਨਾਂ ਸਾਜ਼ਿਸ਼ਾਂ ਨੂੰ ਮਾਤ ਪਾਈ ਹੈ ਤੇ ਹੁਣ ਵੀ ਇਹਨਾਂ ਸਾਜ਼ਿਸ਼ਾਂ ਦਾ ਮੂੰਹ ਤੋੜ ਜਵਾਬ ਦਿੱਤਾ ਜਾਵੇਗਾ। 

ਬਿਆਨ ਵਿਚ ਹੋਰ ਕਿਹਾ ਗਿਆ ਕਿ ਇਹ ਸਪਸ਼ਟ ਹੈ ਕਿ ਪੰਥ ਦੇ ਦੁਸ਼ਮਣ ਕਦੇ ਵੀ ਸਿੱਖ ਕੌਮ ’ਤੇ ਜਿੱਤ ਹਾਸਲ ਨਹੀਂ ਕਰ ਸਕਦੇ। ਇਸ ਲਈ ਉਹ ਹਮੇਸ਼ਾ ਅਜਿਹੀਆਂ ਸਾਜ਼ਿਸ਼ਾਂ ਨਾਲ ਕੌਮ ਨੁੰ ਕਮਜ਼ੋਰ ਕਰਨ ਦਾ ਯਤਨ ਕਰਦੇ ਰਹਿੰਦੇ ਹਨ। 

ਜਿਵੇਂ ਬੀਤੇ ਸਮੇਂ ਵਿਚ ਅਕਾਲ ਪੁਰਖ ਤੇ ਮਹਾਨ ਗੁਰੂ ਸਾਹਿਬਾਨ ਦੀ ਰਹਿਮਤ ਤੇ ਗੁਰੂ ਪੰਥ ਦੇ ਆਸ਼ੀਰਵਾਦ ਨਾਲ ਇਹ ਸਾਜ਼ਿਸ਼ਾਂ ਹਮੇਸ਼ਾਂ ਫੇਲ੍ਹ ਕੀਤੀਆਂ ਜਾਂਦੀਆਂ ਰਹਿੰਦੀਆਂ, ਭਵਿੱਖ ਵਿਚ ਵੀ ਇਹ ਬੇਨਕਾਬ ਹੁੰਦੀਆਂ ਰਹਿਣਗੀਆਂ ਤੇ ਇਹਨਾਂ ਨੁੰ ਮਾਤ ਪੈਂਦੀ ਰਹੇਗੀ।

Leave a Reply

Your email address will not be published. Required fields are marked *