ਪੈਰਿਸ 11 ਦਸੰਬਰ (ਭੱਟੀ ਫਰਾਂਸ ) ਪਿਛਲੇ ਇੱਕ ਸਾਲ ਤੋਂ ਕਿਸਾਨੀ ਅੰਦੋਲਨ ਦੀ ਲਗਾਤਾਰ ਪੈਰਵਾਈ ਕਰ ਰਹੇ ਹਰਜੀਤ ਸਿੰਘ ਗਿੱਲ ਹੌਲੈਂਡ ਨੇ ਕਿਹਾ ਕਿ ਹੁਣ ਕਿਸਾਨ ਅੰਦੋਲਨ ਫਤਹਿ ਹੋ ਗਿਆ ਹੈ ਅਤੇ ਇਸ ਬਾਰੇ ਸੰਯੁਕਤ ਮੋਰਚੇ ਦੇ ਅਹੁਦੇਦਾਰਾਂ ਵਲੋ ਬਕਾਇਦਾ ਐਲਾਨ ਵੀ ਕਰ ਦਿੱਤਾ ਗਿਆ ਹੈ । ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਵਾਲੇ ਦਿਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਸਾਨਾਂ ਨੂੰ ਤਿੰਨ ਕਾਲੇ ਕਾਨੂੰਨ ਵਾਪਸ ਲੈ ਕੇ ਮੋਰਚੇ ਨੂੰ ਖਤਮ ਕਰਨ ਦੀ ਅਪੀਲ ਕੀਤੀ ਸੀ। ਉਸਦੇ ਜਵਾਬ ਵਿੱਚ ਬੀਤੇ ਕੱਲ ਭਾਵ 9 ਦਸੰਬਰ ਨੂੰ ਸੰਯੁਕਤ ਮੇਰਚੇ ਵਲੋ ਪ੍ਰੈਸ ਕਾਨਫਰੰਸ ਕਰਕੇ ਮੋਰਚਾ ਖਤਮ ਕਰਨ ਦਾ ਐਲਾਨ ਕੀਤਾ ਗਿਆ । ਹੁਣ 11ਮਾਰਚ ਨੂੰ ਕਿਸਾਨ ਜਥੇਬੰਦੀਆਂ ਪੰਜਾਬ ਨੂੰ ਚਾਲੇ ਪਾਉਣਗੀਆ ਅਤੇ ਪੜਾਅਵਾਰ ਵਿਸ਼ਰਾਮ ਕਰਦੇ ਹੋਏ ਨਿਹੰਗ ਸਿੰਘ ਜਥੇਬੰਦੀਆਂ ਦੇ ਨਾਲ਼ ਨਾਲ਼, ਕਿਸਾਨ ਅਤੇ ਮਜਦੂਰ ਵੀ ਇਕੱਠੇ ਹੋ ਕੇ 15 ਨਵੰਬਰ ਨੂੰ ਦਰਬਾਰ ਸਾਹਿਬ ਸ਼੍ਰੀ ਹਰਿਮੰਦਰ ਸਾਹਿਬ ਅਤੇ ਸ਼੍ਰੀ ਅਕਾਲ ਤਖ਼ਤ ਸਾਹਿਬ ਉਪਰ ਨਤਮਸਤਕ ਹੋ ਕੇ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰਨਗੇ । ਇਸਤੋਂ ਬਿਨਾਂ ਨਿਹੰਗ ਸਿੰਘ ਜਥੇਬੰਦੀਆਂ ਵੱਖਰੇ ਤੌਰ ਤੇ ਫਤਹਿ ਮਾਰਚ ਦੇ ਰੂਪ ਵਿੱਚ ਸ਼੍ਰੀ ਅਕਾਲ ਤਖ਼ਤ ਸਾਹਿਬ ਉਪਰ ਅਰਦਾਸ ਕਰਨਗੀਆਂ । ਯਾਦ ਰਹੇ ਕੇ ਨਿਹੰਗ ਸਿੰਘ ਜਥੇਬੰਦੀਆਂ ਨੇ ਪੂਰਾ ਇਕ ਸਾਲ ਦਿੱਲੀ ਕਿਸਾਨ ਸ਼ੰਘਰਸ਼ ਵਿੱਚ ਹਿੱਸਾ ਪਾਇਆ ਹੋਇਆ ਹੈ । ਇਹ ਪੜਾਅਵਾਰ ਫਤਿਹ ਮਾਰਚ ਗਿਆਰਾਂ ਦਸੰਬਰ ਨੂੰ ਦਿੱਲੀ ਤੋ ਸ਼ੁਰੂ ਹੋ ਕੇ ਕਰਨਾਲ, ਫਤਿਹਗੜ੍ਹ ਸਾਹਿਬ ਅਤੇ ਕਰਤਾਰਪੁਰ ਹੁੰਦਾ ਹੋਇਆ ਪੰਦਰਾਂ ਦਸੰਬਰ ਨੂੰ ਸ਼੍ਰੀ ਅਕਾਲ ਤਖ਼ਤ ਸਾਹਿਬ ਉਪਰ ਅਰਦਾਸ ਕਰਕੇ ਸਮਾਪਤ ਹੋਵੇਗਾ ।





