ਜਲੰਧਰ (ਜਸਪਾਲ ਕੈਂਥ)- ਬਹੁਜਨ ਸਮਾਜ ਪਾਰਟੀ (ਬਸਪਾ) ਦੇ ਜਲੰਧਰ ਲੋਕਸਭਾ ਸੀਟ ਤੋਂ ਉਮੀਦਵਾਰ ਐਡਵਕੇਟ ਬਲਵਿੰਦਰ ਕੁਮਾਰ ਨੇ ਕਿਹਾ ਕਿ ਪ੍ਰਸ਼ਾਸਨ ਦਾ ਰਵੱਈਆ ਹਮੇਸ਼ਾ ਸਾਡੇ ਪ੍ਰਤੀ ਪੱਖਪਾਤੀ ਰਿਹਾ ਹੈ। ਉਨ੍ਹਾਂ ਕਿਹਾ ਕਿ ਸੂਬੇ ਦੀ ਮੌਜ਼ੂਦਾ ਆਪ ਸਰਕਾਰ ਤੇ ਪਿਛਲੀਆਂ ਰਹੀਆਂ ਸਰਕਾਰਾਂ ਨੇ ਪ੍ਰਸ਼ਾਸਨ ਨੂੰ ਸਾਡੇ ਖਿਲਾਫ ਤਿਆਰ ਕੀਤਾ ਹੈ ਤੇ ਪ੍ਰਸ਼ਾਸਨ ਵੱਲੋਂ ਲਗਾਤਾਰ ਸਾਡੇ ਖਿਲਾਫ ਪੱਖਪਾਤੀ ਢੰਗ ਨਾਲ ਕੰਮ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜਲੰਧਰ ਦੇ ਮੌਜ਼ੂਦਾ ਪੁਲਿਸ ਤੇ ਸਿਵਿਲ ਪ੍ਰਸ਼ਾਸਨ ਵੱਲੋਂ ਵੀ ਸਾਡੇ ਪ੍ਰਤੀ ਪੱਖਪਾਤੀ ਰਵੱਈਆ ਅਪਣਾਇਆ ਜਾ ਰਿਹਾ ਹੈ।
ਐਡਵੋਕੇਟ ਬਲਵਿੰਦਰ ਕੁਮਾਰ ਨੇ ਕਿਹਾ ਕਿ ਜਦੋਂ ਤੋਂ ਚੋਣ ਜਾਬਤਾ ਲੱਗਾ ਹੋਇਆ ਹੈ ਤੇ ਬਾਕੀ ਪਾਰਟੀਆਂ ਦੇ ਉਮੀਦਵਾਰਾਂ ਕੋਲ ਸੁਰੱਖਿਆ ਹੈ, ਉਸ ਸਮੇਂ ਬਸਪਾ ਦੇ ਹੀ ਉਮੀਦਵਾਰ ਨੂੰ ਪ੍ਰਸ਼ਾਸਨ ਵੱਲੋਂ ਸੁਰੱਖਿਆ ਨਹੀਂ ਦਿੱਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਚੋਣ ਜਾਬਤੇ ਦੇ ਨਾਂ ’ਤੇ ਪ੍ਰਸ਼ਾਸਨ ਸਾਡੇ ਤੋਂ ਤਾਂ ਇਹ ਉਮੀਦ ਕਰਦਾ ਹੈ ਕਿ ਉਨ੍ਹਾਂ ਦੇ ਦਿੱਤੇ ਹਰ ਆਦੇਸ਼ ਨੂੰ ਮੰਨਿਆ ਜਾਵੇ, ਪਰ ਖੁਦ ਸਾਡੇ ਪ੍ਰਤੀ ਪੱਖਪਾਤੀ ਰਵੱਈਆ ਅਪਣਾ ਕੇ ਪ੍ਰਸ਼ਾਸਨਿਕ ਅਧਿਕਾਰੀ ਚੋਣ ਜਾਬਤੇ ਦੀ ਉਲੰਘਣਾ ਕਰ ਰਹੇ ਹਨ। ਐਡਵੋਕੇਟ ਬਲਵਿੰਦਰ ਕੁਮਾਰ ਨੇ ਕਿਹਾ ਕਿ ਉਨ੍ਹਾਂ ਦੀ ਟਿਕਟ ਦੇ ਐਲਾਨ ਹੋਣ ਤੋਂ ਬਾਅਦ ਉਹ ਖੁਦ ਜ਼ਿਲ੍ਹਾ ਚੋਣ ਅਫਸਰ ਡਾ. ਹਿਮਾਸ਼ੂ ਅਗਰਵਾਲ ਨੂੰ 16 ਅਪ੍ਰੈਲ ਨੂੰ ਮਿਲੇ ਸਨ ਤੇ ਸਾਰੇ ਉਮੀਦਵਾਰਾਂ ਨੂੰ ਸੁਰੱਖਿਆ ਪੱਖੋਂ ਇੱਕ ਪੱਧਰ ’ਤੇ ਕਰਨ ਦੀ ਗੱਲ ਕੀਤੀ ਸੀ। ਪਰ ਉਨ੍ਹਾਂ ਵੱਲੋਂ ਕਿਹਾ ਗਿਆ ਕਿ ਸੁਰੱਖਿਆ ਦੇਣ ਦਾ ਮਾਮਲਾ ਪੁਲਿਸ ਕਮਿਸ਼ਨਰ ਸਵਪਨ ਸ਼ਰਮਾ ਨੇ ਦੇਖਣਾ ਹੈ ਤੇ ਫਿਰ ਉਨ੍ਹਾਂ ਪੁਲਿਸ ਕਮਿਸ਼ਨਰ ਨਾਲ ਗੱਲ ਕੀਤੀ ਤੇ ਉਹ ਲਗਾਤਾਰ ਉਦੋਂ ਤੋਂ ਸੁਰੱਖਿਆ ਦੇਣ ਦੀ ਗੱਲ ਕਹਿ ਰਹੇ ਹਨ, ਪਰ ਅਜੇ ਤੱਕ ਉਨ੍ਹਾਂ ਨੂੰ ਸੁਰੱਖਿਆ ਨਹੀਂ ਦਿੱਤੀ ਗਈ। ਉਨ੍ਹਾਂ ਕਿਹਾ ਕਿ 2019 ਵਿੱਚ ਉਨ੍ਹਾਂ ਨੂੰ ਜਲੰਧਰ ਲੋਕਸਭਾ ਸੀਟ ਤੋਂ ਦੋ ਲੱਖ ਪੰਜ ਹਜ਼ਾਰ ਵੋਟਾਂ ਮਿਲੀਆਂ ਸਨ ਤੇ 2022 ਦੀਆਂ ਵਿਧਾਨਸਭਾ ਚੋਣਾਂ ਵਿੱਚ ਉਨ੍ਹਾਂ ਨੂੰ ਕਰੀਬ 34 ਹਜ਼ਾਰ ਵੋਟਾਂ ਮਿਲੀਆਂ ਸਨ। ਇੰਨੇ ਲੋਕਾਂ ਦਾ ਨੁਮਾਇੰਦਾ ਹੋਣ ਦੇ ਨਾਤੇ ਉਨ੍ਹਾਂ ਨੂੰ ਵੈਸੇ ਹੀ ਸੁਰੱਖਿਆ ਦੇਣੀ ਬਣਦੀ ਹੈ, ਜਦਕਿ ਜਲੰਧਰ ਵਿੱਚ ਅਜਿਹੇ ਬਿਨ੍ਹਾਂ ਕਿਸੇ ਕਾਰਨਾਂ ਦੇ ਹੀ ਸੱਤ੍ਹਾਧਾਰੀ ਲੋਕਾਂ ਨੂੰ ਸੁਰੱਖਿਆ ਦਿੱਤੀ ਗਈ ਹੈ, ਜਿਹੜੇ ਲੋਕਾਂ ਦੀ ਕਿਸੇ ਪੱਧਰ ’ਤੇ ਨੁਮਾਇੰਦਗੀ ਵੀ ਵਿਆਪਕ ਤੌਰ ’ਤੇ ਨਹੀਂ ਕਰਦੇ।
ਐਡਵੋਕੇਟ ਬਲਵਿੰਦਰ ਕੁਮਾਰ ਨੇ ਕਿਹਾ ਕਿ ਜਦੋਂ ਪਿਛਲੀ ਵਾਰ ਉਹ ਲੋਕਸਭਾ ਚੋਣਾਂ ਲੜੇ ਸਨ ਤਾਂ ਉਦੋਂ ਵੀ ਪ੍ਰਸ਼ਾਸਨ ਜਿਹੜਾ ਕਿ ਨਿਰਪੱਖ ਹੋਣ ਦੀ ਗੱਲ ਕਰਦਾ ਹੈ, ਉਸ ਦੇ ਪੁਲਿਸ ਮੁਲਾਜ਼ਮਾਂ ਵੱਲੋਂ ਸ਼ਹਿਰ ਵਿੱਚ ਬਸਪਾ ਵਰਕਰਾਂ ਦੇ ਘਰਾਂ ਵਿੱਚ ਜਾ ਕੇ ਸਾਡੇ ਪੋਸਟਰ ਪਾੜ ਦਿੱਤੇ ਗਏ ਸਨ। ਕਾਂਗਰਸ ਦੇ ਚੋਣ ਜਾਬਤਾ ਦੀਆਂ ਉਲੰਘਣਾ ਦੀਆਂ ਸ਼ਿਕਾਇਤਾਂ ਕਰਨ ’ਤੇ ਹੀ ਸਾਡੇ ਵਰਕਰਾਂ ਨੂੰ ਗਿ੍ਰਫਤਾਰ ਕਰਕੇ ਪੁਲਿਸ ਥਾਣੇ ਲੈ ਗਈ ਸੀ। ਇਸਦਾ ਉਸ ਸਮੇਂ ਸਾਡੇ ਵੱਲੋਂ ਤਿੱਖਾ ਵਿਰੋਧ ਕੀਤਾ ਗਿਆ ਸੀ। ਇਕ ਤਰ੍ਹਾਂ ਦੇ ਨਾਲ ਪ੍ਰਸਾਸਨ ਨੇ ਹੀ ਸਾਡੇ ’ਤੇ ਹਿੰਸਾ ਕੀਤੀ ਸੀ। ਉਹੀ ਸਥਿਤੀ ਹੁਣ ਵੀ ਆਪ ਸਰਕਾਰ ਵਿੱਚ ਹੈ। ਐਡਵੋਕੇਟ ਬਲਵਿੰਦਰ ਕੁਮਾਰ ਨੇ ਕਿਹਾ ਕਿ ਹੁਣ ਵੀ ਪ੍ਰਸ਼ਾਸਨ ਵੱਲੋਂ ਸਾਡੇ ਪ੍ਰਤੀ ਪੱਖਪਾਤੀ ਰਵੱਈਆ ਅਪਣਾਇਆ ਜਾ ਰਿਹਾ ਹੈ, ਜਿਸ ਦਾ ਉਹ ਸਖਤ ਵਿਰੋਧ ਜਤਾਉਂਦੇ ਹਨ ਤੇ ਇਸ ਪੱਖਪਾਤੀ ਰਵੱਈਏ ਨੂੰ ਲੋਕਾਂ ਦੀ ਕਚਹਿਰੀ ਵਿੱਚ ਲੈ ਕੇ ਜਾਣਗੇ।





