ਤਲਵਾਡ਼ਾ,17 ਦਸੰਬਰ (ਦੀਪਕ ਠਾਕੁਰ)-ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਥਾਨਕ ਬੀਡੀਪੀਓ ਦਫ਼ਤਰ ਵਿਖੇ ਲਗਾਏ ਇੱਕ ਰੋਜ਼ਾ ਸੁਵਿਧਾ ਕੈਂਪ ‘ਚ ਲੋਕਾਂ ਦਾ ਹਡ਼੍ਹ ਆਇਆ। ਲੋਕ ਪਿੰਡ ਪੱਧਰ ’ਤੇ ਪੰਚਾਇਤਾਂ ਵੱਲੋਂ ਕੀਤੇ ਜਾਣ ਵਾਲ ਰੋਜ਼ ਮਰ੍ਹਾਂ ਦੇ ਕੰਮ ਕਰਵਾਉਣ ਲਈ ਸੁਵਿਧਾ ਕੈਂਪ ‘ਚ ਪਹੁੰਚੇ। ਕੈਂਪ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਲੱਗਿਆ, ਪਰ ਬੀਡੀਪੀਓਜ਼ ਦੀ ਹਡ਼ਤਾਲ ਹੋਣ ਕਾਰਨ ਕੈਂਪ ਦਾ ਉਦਘਾਟਨ ਕਰਨ ਕੋਈ ਵੀ ਅਧਿਕਾਰੀ ਨਾ ਪਹੁੰਚਿਆ। ਕੈਂਪ ‘ਚ ਸੈਂਕਡ਼ਿਆਂ ਦੀ ਗਿਣਤੀ ਵਿੱਚ ਪੰਜ ਪੰਜ ਮਰਲੇ ਦੇ ਪਲਾਟ, ਪੈਨਸ਼ਨ ਸਕੀਮ, ਪ੍ਰਧਾਨ ਮੰਤਰੀ ਅਵਾਸ ਯੋਜਨਾ ਤਹਿਤ, ਬਿਜਲੀ ਕੁਨੈਕੱਸ਼ਨ, ਘਰਾਂ ਵਿੱਚ ਪਖਾਨਾ, ਘਰੇਲੂ ਗੈਸ ਕੁਨੈਕੱਸ਼ਨ, ਸਰਬਤ ਸਿਹਤ ਬਿਮਾ ਯੋਜਨਾਾ ਕਾਰਡ, ਸ਼ਗੁਨ ਤੇ ਬੱਚਿਆਂ ਲਈ ਸਕਾਲਰਸ਼ਿਪ ਸਕੀਮ, ਬਸ ਪਾਸ, ਮਗਨਰੇਗਾ ਜਾਬ ਕਾਰਡ, ਦੋ ਕਿਲੋਵਾਟ ਤੱਕ ਬਿਜਲੀ ਦੇ ਏਰਿਅਰ ਮਾਫੀ ਸਰਟੀਫਿਕੇਟ, ਪੈਂਡਿੰਗ ਸੀਐਲਯੂ, ਖੁਰਾਕ ਤੇ ਸਪਲਾਈ ਵਿਭਾਗ ਤਹਿਤ ਆਟਾ ਦਾਲ ਆਦਿ ਯੋਜਨਾਵਾਂ ਲਈ ਲੋਕਾਂ ਨੇ ਫਾਰਮ ਭਰੇ। ਕੈਂਪ ‘ਚ ਵੱਖ ਵੱਖ ਵਿਭਾਗਾਂ ਦੇ ਮੁਲਾਜ਼ਮ ਆਪਣੇ ਆਪਣੇ ਬੂਥ ਲਗਾ ਬੈਠੇ ਹੋਏ ਸਨ। ਸਭ ਤੋਂ ਵੱਧ ਭੀਡ਼ ਪੰਜ ਪੰਜ ਮਰਲੇ ਦੇ ਪਲਾਟ ਲੈਣ ਵਾਲੇ ਲਾਭਪਾਤਰੀਆਂ ਅਤੇ ਆਟਾ ਦਾਲ ਤਹਿਤ ਕਾਰਡ ਬਣਾਉਣ ਵਾਲੇ ਬੂਥਾਂ ’ਤੇ ਸੀ।ਪ੍ਰਸ਼ਾਸਨ ਤੋਂ ਮਿਲੀ ਜਾਣਕਾਰੀ ਅਨੁਸਾਰ ਕੈਂਪ ‘ਚ 937 ਦੇ ਕਰੀਬ ਵਿਅਕਤੀਆਂ ਨੇ ਆਟਾ ਦਾਲ, 134 ਨੇ ਪੰਜ ਪੰਜ ਮਰਲੇ ਦੇ ਪਲਾਟ ਲੈਣ ਅਤੇ 145 ਵਿਅਕਤੀਆਂ ਨੇ ਪ੍ਰਧਾਨ ਮੰਤਰੀ ਆਵਾਸ ਯੋਜਨਾ ਤਹਿਤ ਪੱਕਾ ਮਕਾਨ ਬਣਾਉਣ ਲਈ ਫਾਰਮ ਭਰੇ। ਕੈਂਪ ‘ਚ ਪਹੁੰਚੀ ਪਿੰਡ ਧਾਰ ਦੀ ਨਿਸ਼ਾ ਦੇਵੀ ਨੇ ਦੱਸਿਆ ਕਿ ਉਹ ਉਸਦਾ ਇੱਕ ਕਮਰੇ ਵਾਲਾ ਕੱਚਾ ਮਕਾਨ ਵੀ ਡਿੱਗਣ ਵਾਲਾ ਹੈ, ਉਹ ਪੱਕੇ ਮਕਾਨ ਲਈ ਫਾਰਮ ਭਰ ਭਰ ਕੇ ਅੱਕ ਗਈ ਹੈ। ਪਤੀ ਦਿਹਾਡ਼ੀ ਦਾਰ ਹੈ ਅਤੇ ਉਹ ਮਗਨਰੇਗਾ ‘ਚ ਕੰਮ ਕਰਦੀ ਹੈ। ਪਿੰਡ ਧਾਰ ਦੇ ਹੀ ਗੁਰਬਖ਼ਸ਼ ਰਾਮ ਨੇ ਦੱਸਿਆ ਕਿ ਉਹ ਪਿਛਲੇ ਦਸਾਂ ਸਾਲਾਂ ਤੋਂ ਪੱਕੇ ਮਕਾਨ ਲਈ ਫਾਰਮ ਭਰ ਰਿਹਾ ਹੈ, ਅੱਜ ਉਹ ਦਿਹਾਡ਼ੀ ਛੱਡ ਕੇ ਫਾਰਮ ਭਰਨ ਪਹੁੰਚਿਆ ਹੈ। ਪਿੰਡ ਟੋਹਲੂ ਦੇ ਮਲਕੀਤ ਸਿੰਘ ਨੇ ਦੱਸਿਆ ਕਿ ਉਹ ਐਮਏ ਬੀਐਡ ਪਾਸ ਹੈ, ਯੋਗ ਰੁਜ਼ਗਾਰ ਤਾਂ ਮਿਲਿਆ ਨਹੀਂ, ਆਟਾ ਦਾਲ ਦਾ ਕਾਰਡ ਬਣਵਾਉਣ ਲਈ ਉਹ ਪਿਛਲੇ ਪੰਜਾਂ ਸਾਲਾਂ ਤੋਂ ਆਪਣੀਆਂ ਅੱਡੀਆਂ ਘਸਾ ਰਿਹਾ ਹੈ। ਅੱਜ ਕੈਂਪ ‘ਚ ਪੰਜ ਪੰਜ ਮਰਲੇ ਦੇ ਪਲਾਟ ਅਤੇ ਆਟਾ ਦਾਲ ਦੇ ਕਾਰਡ ਦੇ ਫ਼ਾਰਮ ਭਰਨ ਲਈ ਉਸਦੇ 150 ਰੁਪਏ ਖਰਚ ਹੋ ਗਏ। ਪਿੰਡ ਰੇਡ਼ੂ ਪੱਤੀ ਅਤੇ ਬੇਡ਼ਿੰਗ ਦੇ ਵਿਜੈ ਕੁਮਾਰ ਨੇ ਦੱਸਿਆ ਕਿ ਉਹ ਲਗਭਗ 60 ਰੁਪਏ ਕਿਰਾਇਆ ਖ਼ਰਚ ਕੇ ਕੈਂਪ ‘ਚ ਪਲਾਟਾਂ ਦੇ ਫ਼ਾਰਮ ਭਰਨ ਆਏ ਹਨ, ਇੱਥੇ ਫ਼ਾਰਮ ਅਤੇ ਹੋਰ ਦਸਤਾਵੇਜ਼ਾਂ ’ਤੇ ਕਰੀਬ 70 ਰੁਪਏ ਖ਼ਰਚ ਹੋ ਗਏ, ਉਨ੍ਹਾਂ ਪਿਛਲੇ ਸਾਲ 20 ਜਨਵਰੀ ਨੂੰ ਲੱਗੇ ਸੁਵਿਧਾ ਕੈਂਪ ‘ਚ ਵੀ ਫ਼ਾਰਮ ਭਰੇ ਸਨ।
ਵਿਰੋਧੀ ਧਿਰ ਨੇ ਚੋਣਾਂ ਤੋਂ ਪਹਿਲਾਂ ਪੰਜਾਬ ਸਰਕਾਰ ਵੱਲੋਂ ਲਗਾਏ ਇਨ੍ਹਾਂ ਸੁਵਿਧਾ ਕੈਂਪਾਂ ’ਤੇ ‘ਵਿਹਡ਼ੇ ਆਈ ਜੰਝ ਵਿੰਨ੍ਹੋਂ ਕੁਡ਼ੀ ਦੇ ਕੰਨ’ ਆਖ ਤਨਜ਼ ਕੱਸਿਆ ਹੈ। ਦਸੂਹਾ ਤੋਂ ਆਮ ਆਦਮੀ ਪਾਰਟੀ ਦੇ ਆਗੂ ਐਡ ਕਰਮਵੀਰ ਘੁੰਮਣ ਅਤੇ ਅਕਾਲੀ ਬਸਪਾ ਦੇ ਸਾਂਝੇ ਉਮੀਦਵਾਰ ਨੇ ਸੁਸ਼ੀਲ ਕੁਮਾਰ ‘ਪਿੰਕੀ’ ਨੇ ਕਿਹਾ ਕਿ ਕਾਂਗਰਸ ਸਰਕਾਰ ਆਪਣੇ ਪੰਜ ਸਾਲ ਦੇ ਕਾਰਜ਼ਕਾਲ ‘ਚ ਕੀਤੇ ਵਾਅਦੇ ਪੂਰੇ ਕਰਨ ‘ਚ ਬੂਰੀ ਤਰ੍ਹਾਂ ਅਸਫ਼ਲ ਰਹੀ ਹੈ, ਪਹਿਲਾਂ ਵੀ ਫ਼ਾਰਮ ਭਰਵਾਏ ਸਨ, ਹੁੱਣ ਚੋਣ ਜ਼ਾਬਤੇ ਤੋਂ ਐਨ ਪਹਿਲਾਂ ਮੁਡ਼ ਸੁਵਿਧਾ ਕੈਂਪ ਲਗਾ ਲੋਕਾਂ ਨੂੰ ਉਲਝਾ ਵੋਟਾਂ ਲੈਣ ਦੀ ਨਾਕਾਮ ਕੋਸ਼ਿਸ਼ ਕਰ ਰਹੀ ਹੈ।





