ਚੰਡੀਗੜ੍ਹ (ਦਾ ਮਿਰਰ ਪੰਜਾਬ)- 22 ਕਿਸਾਨ ਜਥੇਬੰਦੀਆਂ ਨੇ ਅੱਜ ਪੰਜਾਬ ਵਿਧਾਨ ਸਭਾ ਦੀਆਂ 117 ਸੀਟਾਂ ਤੇ ਲੜਨ ਦਾ ਫੈਸਲਾ ਕੀਤਾ ਹੈ। ਕਿਸਾਨ ਜਥੇਬੰਦੀਆਂ ਨੇ ਆਪਣੇ ਮੋਰਚੇ ਦਾ ਨਾਮ “ਸੰਯੁਕਤ ਸਮਾਜ ਮੋਰਚਾ” ਰੱਖਿਆ ਹੈ। ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਿਸਾਨ ਆਗੂਆਂ ਵੱਲੋਂ ਸੰਯੁਕਤ ਸਮਾਜ ਮੋਰਚੇ ਦਾ ਐਲਾਨ ਕੀਤਾ ਗਿਆ ਹੈ ਕਿ ਬਲਬੀਰ ਸਿੰਘ ਰਾਜੇਵਾਲ ਪਾਰਟੀ ਦਾ CM ਚਿਹਰਾ ਹੋਣਗੇ। ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਦੀ ਮੰਗ ਸੀ ਕਿ ਅਸੀਂ ਉਨ੍ਹਾਂ ਲਈ ਕੁਝ ਕਰੀਏ। ਉਨ੍ਹਾਂ ਕਿਹਾ ਕਿ ਲੋਕਾਂ ਦੀ ਮੰਗ ਅਨੁਸਾਰ ਇਹ ਫ਼ੈਸਲਾ ਲਿਆ ਗਿਆ ਹੈ। ਪੰਜਾਬ ਦਾ ਸਿਸਟਮ ਖਰਾਬ ਹੋ ਗਿਆ ਹੈ ਤੇ ਇਸ ਨੂੰ ਸੁਧਾਰਨ ਦੀ ਲੋੜ ਹੈ। ਰਾਜੇਵਾਲ ਨੇ ਕਿਹਾ ਕਿ ਆਮ ਆਦਮੀ ਪਾਰਟੀ ਨਾਲ ਗਠਜੋੜ ਦਾ ਫ਼ੈਸਲਾ ਬਾਅਦ ਵਿਚ ਲਿਆ ਜਾਵੇਗਾ। ਰਾਜੇਵਾਲ ਸਣੇ ਕਈ ਕਿਸਾਨ ਆਗੂਆਂ ਨੇ ਸੰਬੋਧਨ ਕਰਦਿਆਂ ਦਾਅਵਾ ਕੀਤਾ ਕਿ 32 ਵਿੱਚੋਂ 22 ਜਥੇਬੰਦੀਆਂ ਤਾਂ ਅੱਜ ਹੀ ਇਸ ਫ਼ੈਸਲੇ ਦਾ ਹਿੱਸਾ ਹਨ ਤੇ 3 ਜਥੇਬੰਦੀਆਂ ਜਲਦ ਹੀ ਇਸ ਨਵੇਂ ਮੋਰਚੇ ‘ਚ ਸ਼ਾਮਲ ਹੋਣਗੀਆਂ।





