ਸਿੱਧੂ ਖਾਤਿਰ, ਸਿਧਾਰਥ ਨੇ ਤਾਂ ਨਮੋਸ਼ੀ ਖੱਟ ਲਈ ਹੈ, ਹੁਣ ਦੇਖਦੇ ਹਾਂ ਨਵਾਂ ਡੀ. ਜੀ. ਪੀ ਆਪਣੇ ਫੈਸਲੇ ਖੁੱਦ ਲਵੇਗਾ ਜਾਂ ਫਿਰ ਉਹ ਵੀ ਸਿੱਧੂ ਦੇ ਆਖੇ ਲੱਗ, ਆਪਣੀ ਕੁਰਸੀ ਗਵਾਏਗਾ

Uncategorized
Spread the love

ਪੈਰਿਸ 13 ਦਸੰਬਰ (ਭੱਟੀ ਫਰਾਂਸ ) ਸਿਆਣੇ ਕਹਿੰਦੇ ਹਨ ਕਿ ਝੂਠ ਦੇ ਪੈਰ ਨਹੀਂ ਹੁੰਦੇ, ਇਸ ਲਈ ਸਚਾਈ ਜਾਨਣ ਵਾਸਤੇ ਹਾਲਾਤਾਂ ਦਾ ਇੰਤਜਾਰ ਕਰਨਾ ਪੈਂਦਾ ਹੈ, ਠੀਕ ਇਹ ਸਾਰਾ ਕੁਝ ਮੋਦੀ ਸਾਹਿਬ ਦੀ ਪੰਜਾਬ ਫੇਰੀ ਦੇ ਅਧੂਰੀ ਰਹਿਣ ਕਾਰਨ ਸਾਹਮਣੇ ਆਇਆ ਹੈ | ਜੇਕਰ ਮੋਦੀ ਸਾਹਿਬ ਦੀ ਸੁਰੱਖਿਆ ਦਾ ਰੌਲਾ ਨਾ ਪੈਂਦਾ ਤਾਂ, ਸਿਧਾਰਥ ਦਾ ਪੰਜਾਬ ਡੀ.ਜੀ.ਪੀ ਦੀ ਕੁਰਸੀ ਛੱਡਣਾ ਨਾ ਮੁਮਕਿਨ ਸੀ | ਕਹਿੰਦੇ ਹਨ ਕਿ ਜਿਸਦਾ ਕੋਈ ਨਾ ਹੋਵੇ ਉਸਦਾ ਰੱਬ ਹੁੰਦਾ ਹੈ, ਠੀਕ ਇਹ ਗੱਲ ਮਜੀਠੀਏ ਤੇ ਢੁਕਦੀ ਨਜਰ ਆ ਰਹੀ ਹੈ | ਆਪਣੀ ਢਿੱਲੀ ਮੱਠੀ ਕਾਰਗੁਜਾਰੀ ਦੇ ਚੱਲਦਿਆਂ ਸਿਆਸੀ ਧਿਰ ਦੇ ਹੱਥੀਂ ਚੜ ਕੇ ਸਿਧਾਰਥ ਨੇ ਝੂਠੀ ਰਿਪੋਰਟ ਤਾਂ ਦਰਜ ਕਰ ਲਈ, ਐਪਰ ਪੰਜਾਬ ਪੁਲਿਸ ਦਾ ਕਪਤਾਨ ਹੋਣ ਦੇ ਨਾਤੇ ਮਜੀਠੀਏ ਨੂੰ ਗ੍ਰਿਫਤਾਰ ਕਰਨਾ ਤਾਂ ਦੂਰ ਦੀ ਗੱਲ ਉਸਦਾ ਅਤਾ ਪਤਾ ਵੀ ਨਹੀਂ ਲਗਾ ਸਕਿਆ | ਉੱਧਰ ਸਿੱਧੂ ਦਾ ਇੱਕੋ ਇੱਕ ਮਕਸਦ ਸਿਰਫ ਇਹ ਸੀ ਕਿ ਮਜੀਠੀਏ ਦੇ ਖਿਲਾਫ ਰਿਪੋਰਟ ਦਰਜ ਕਰਵਾ ਕੇ ਪੰਜਾਬ ਦੇ ਲੋਕਾਂ ਦੀ ਵਾਹ ਵਾਹ ਖੱਟਣੀ, ਨਾ ਕਿ ਗ੍ਰਿਫਤਾਰ ਕਰਵਾਉਣਾ | ਸਿਆਸੀ ਅਦਾਰਿਆਂ ਦੀ ਮੰਨੀਏ ਤਾਂ ਸਿੱਧੂ ਕਾਂਗਰਸ ਸਰਕਾਰ ਦੇ ਹੁੰਦਿਆਂ ਪੰਜ ਸਾਲ ਬੇਦਾਗ ਕੱਟ ਗਿਆ ਹੈ, ਕਿਉਂਕਿ ਪੂਰੇ ਪੰਜ ਸਾਲ ਮੰਤਰੀ ਦਾ ਅਹੁਦਾ ਸੰਭਾਲੇ ਬਿਨਾਂ ਦੋਸ਼ ਆਪਣੀ ਹੀ ਸਰਕਾਰ ਦੇ ਮੰਤਰੀਆਂ ਦੇ ਗਿਣਾਉਣ ਦੇ ਨਾਲ਼ ਨਾਲ਼ ਅਕਾਲੀਆਂ ਨੂੰ ਫਸਾਉਣ ਦੇ ਤਰੀਕੇ ਲਭਦਾ ਰਿਹਾ | ਸਿੱਧੂ ਆਪਣੀ ਇਸੇ ਚਲਾਕੀ ਸਦਕਾ ਆਪਣੇ ਆਪ ਨੂੰ ਬੇਦਾਗ ਅਤੇ ਹੋਰਨਾਂ ਕਾਂਗਰਸੀਆਂ ਨੂੰ ਭ੍ਰਿਸ਼ਟਾਚਾਰੀ ਦਰਸਾਉਂਦਾ ਰਿਹਾ | ਵੈਸੇ ਵੀ ਦੇਖਿਆ ਜਾਵੇ ਤਾਂ ਭ੍ਰਿਸ਼ਟਾਚਾਰ ਜਾਂ ਅਣਗਹਿਲੀ ਦੇ ਦੋਸ਼ ਉਨ੍ਹਾਂ ਮੰਤਰੀਆਂ ਜਾਂ ਐਮ.ਐੱਲ.ਏਜ ਤੇ ਹੀ ਲੱਗਦੇ ਹਨ, ਜਿਹੜੇ ਗਰਾਉਂਡ ਲੈਵਲ ਤੇ ਕੰਮ ਕਰਦੇ ਹਨ, ਐਪਰ ਜਿਨ੍ਹਾਂ ਨੇ ਸਿੱਧੂ ਵਾਂਗ ਸਰਕਾਰ ਦਾ ਹਿੱਸਾ ਹੀ ਨਾ ਬਣਨਾ ਹੋਵੇ ਤਾਂ ਇਲਜਾਮ ਕਿਵੇਂ ਲੱਗਣਗੇ, ਬੱਸ ਇਹੋ ਪਾਲਿਸੀ ਸਿੱਧੂ ਦੀ ਰਹੀ ਹੈ, ਇਸਨੇ ਨਾ ਤਾਂ ਸਥਾਨਕ ਸਰਕਾਰਾਂ ਦਾ ਮਹਿਕਮਾ ਸੰਭਾਲਿਆ ਅਤੇ ਨਾ ਹੀ ਬਿਜਲੀ ਮੰਤਰੀ ਦਾ | ਆਪਣੀ ਜਿੰਮੇਵਾਰੀ ਤੋਂ ਵਾਰ ਵਾਰ ਭੱਜਣ ਦੇ ਬਾਵਜੂਦ ਵੀ ਸਿੱਧੂ ਸਾਹਿਬ ਆਪਣੇ ਆਪ ਨੂੰ ਪਾਕਿ ਪਵਿੱਤਰ ਦੱਸਦੇ ਹਨ, ਜੋ ਕਿ ਕੋਈ ਸ਼ਾਤਿਰ ਦਿਮਾਗ ਵਾਲਾ ਬੰਦਾ ਹੀ ਕਰ ਸੱਕਦਾ ਹੈ ਤੇ ਉਹ ਹਨ ਸਿੱਧੂ ਸਾਹਿਬ | ਦੂਸਰਿਆਂ ਦੇ ਵਿਰੁੱਧ ਠੋਕੋ ਤਾਲੀ ਕਹਿਣਾ ਬਹੁਤ ਸੌਖਾ ਹੈ, ਥੋੜੀ ਜਿੰਮੇਵਾਰੀ ਦੇ​ ਕੰਮ ਸੰਭਾਲੋ, ਫਿਰ ਦੇਖਾਂਗੇ ਕਿ ਠੋਕੋ ਤਾਲੀ ਕਿਵੇਂ ਕਿਹਾ ਜਾਂਦਾ ਹੈ |​ ਜਿਹੜੇ ਮਜੀਠੀਏ ਬਾਰੇ ਤੁਸੀਂ ਵਾਰ ਵਾਰ ਕਹਿੰਦੇ ਰਹੇ ਕਿ ਮੇਰੇ ਹੱਥ ਪਾਵਰ ਆ ਲੈਣ ਦਿਉ, ਇਸਨੂੰ ਮੈਂ ਜੇਲ ਵਿੱਚ ਨਾ ਡੱਕਿਆ ਤਾਂ ਸਿਆਸਤ ਛੱਡ ਦਿਆਂਗਾ | ਇਸ ਲਈ ਜੇਕਰ ਤੁਸੀਂ ਵਾਕਿਆ ਹੀ ਸੰਜੀਦਾ ਹੋ ਤਾਂ ਸਿਆਸਤ ਛੱਡ ਕੇ ਆਪਣੇ ਬੋਲ ਪੁਗਾਉ, ਵਰਨਾ ਝੂਠੇ ਸਿਆਸਤਦਾਨਾਂ ਦੀ ਸੂਚੀ ਵਿੱਚ ਆਪਣਾ ਨਾਮ ਆਪੇ ਹੀ ਰਜਿਸਟਰਡ ਕਰ ਲਵੋ, ਕਿਉਂਕਿ ਹੁਣ ਚੋਣ ਜਾਬਤਾ ਲੱਗ ਚੁੱਕਾ ਹੈ, ਇਸ ਲਈ ਅਗਲੀ ਸਰਕਾਰ ਬਣਨ ਤੱਕ ਤੁਸੀਂ ਮਜੀਠੀਏ ਦਾ ਕੁਝ ਨਹੀਂ ਵਿਗਾੜ ਸਕਦੇ |​ ਬਿਨਾ ਕਸੂਰੋਂ ਤੁਸੀਂ ਸਿਧਾਰਥ ਚਟੋਪਾਧਿਆਏ ਨੂੰ ਵਰਤ ਕੇ ਕੁਰਸੀ ਤੋਂ ਲਾਂਭੇ ਕਰ ਦਿੱਤਾ ਤੇ ਆਪ ਪਾਸ ਵੱਟ ਕੇ ਪਾਸੇ ਹੋ ਗਏ ਹੋ, ਉਸਦਾ ਕਸੂਰ ਸਿਰਫ ਇਹੋ ਹੀ ਸੀ ਕਿ ਉਸਨੇ ਤੁਹਾਡੇ ਕਹੇ ਤੇ ਬਿਨਾਂ ਪੱਕੇ ਸਬੂਤਾਂ ਦੇ ਐਫ.ਆਈ.ਆਰ ਦਰਜ ਕੀਤੀ ਤੇ ਟੋਹਰ ਬਣਿਆ ਤੁਹਾਡਾ ਸਿੱਧੂ ਸਾਹਿਬ ਜੀ | ਇਹ ਤਾਂ ਭਲਾ ਹੋਵੇ ਉਸ ਹਾਈ ਕੋਰਟ ਦੇ ਜੱਜ ਦਾ ਜਿਸਨੇ ਅਸਲੀਅਤ ਜਾਣ ਕੇ ਮਜੀਠੀਏ ਦੀ ਜਮਾਨਤ ਮਨਜੂਰ ਕਰ ਲਈ ਹੈ | 

Leave a Reply

Your email address will not be published. Required fields are marked *