ਪੈਰਿਸ 13 ਦਸੰਬਰ ( ਭੱਟੀ ਫਰਾਂਸ ) ਪੰਜਾਬ ਤੋਂ ਮੀਡੀਆ ਨੂੰ ਮਿਲੀ ਜਾਣਕਾਰੀ ਮੁਤਾਬਿਕ ਛੋਟੇ ਸਾਹਿਬਜ਼ਾਦਿਆਂ ਤੇ ਮਾਤਾ ਗੁਜਰੀ ਜੀ ਦੇ ਸ਼ਹੀਦੀ ਅਸਥਾਨ ਫ਼ਤਿਹਗੜ੍ਹ ਸਾਹਿਬ ਤੋਂ ਬੰਦੀ ਸਿੰਘਾਂ ਦੀ ਰਿਹਾਈ ਲਈ ਮਾਰਚ ਆਰੰਭ ਹੋਇਆ, ਜਿਸ ਨੇ ਭਾਵੇਂ ਗਵਰਨਰ ਹਾਊਸ ਤੱਕ ਜਾਣਾ ਸੀ, ਪ੍ਰੰਤੂ ਸਰਕਾਰ ਨੇ ਉਸਨੂੰ ਚੰਡੀਗੜ੍ਹ ਦੀਆਂ ਬਰੂਹਾਂ ਤੇ ਰੋਕ ਲਿਆ ਅਤੇ 7 ਮੈਂਬਰੀ ਕਮੇਟੀ ਨੂੰ ਗਵਰਨਰ ਨੂੰ ਜਾ ਕੇ ਮੰਗ ਪੱਤਰ ਦਿੱਤਾ | ਬੰਦੀ ਸਿੰਘਾਂ ਦੀ ਰਿਹਾਈ ਅਤੇ ਬੇਅਦਬੀ ਕਾਂਡ ਦਾ ਇਨਸਾਫ਼ ਇਸ ਸਮੇਂ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਨਾਲ ਜੁੜੇ ਮੁੱਖ ਭੱਖਦੇ ਮਸਲੇ ਹਨ | ਮੌਕੇ ਤੇ ਰੋਸ ਮਾਰਚ ਦੀ ਅਗਵਾਈ ਕਰ ਰਹੇ ਬੁਲਾਰਿਆਂ ਵਲੋਂ ਗਲੋਬਲ ਤੌਰ ਤੇ ਕਿਹਾ ਗਿਆ ਕਿ ਭਾਵੇਂ ਸਾਰੇ ਦੁੱਖਾਂ ਦੀ ਦਾਰੂ, ਕੌਮ ਦੀ ਅਜ਼ਾਦੀ ਹੈ, ਜਦੋਂ ਤੱਕ ਕੌਮ ਆਪਣੇ ਘਰ ਦੀ ਪ੍ਰਾਪਤ ਨਹੀਂ ਕਰ ਲੈਂਦੀ, ਉਦੋਂ ਤੱਕ ਸਿੱਖਾਂ ਨੂੰ ਕਦਮ ਦਰ ਕਦਮ ਹਿੰਦੂਤਵੀ ਤਾਕਤਾਂ ਘੇਰਦੀਆਂ ਰਹਿਣਗੀਆਂ ਤੇ ਹਰ ਮੰਗ ਲਈ ਸਿੱਖਾਂ ਨੂੰ ਕਈ-ਕਈ ਸਾਲ ਤੱਕ ਜੂਝਣਾ ਪਵੇਗਾ | ਦੁਨੀਆ ਦੇ ਕਿਸੇ ਵੀ ਕੌਣੇ ‘ਚ ਇਹ ਬੇਇਨਸਾਫ਼ੀ ਨਹੀਂ ਹੋ ਸਕਦੀ ਕਿ ਕੈਦੀ, ਆਪਣੀ ਸਜ਼ਾ ਤੋਂ ਵੀ ਦੁੱਗਣੀ ਜੇਲ੍ਹ ਕੱਟ ਚੁੱਕਾ ਹੋਵੇ, ਪ੍ਰੰਤੂ ਉਸਨੂੰ ਰਿਹਾਅ ਨਾ ਕੀਤਾ ਜਾ ਰਿਹਾ ਹੋਵੇ | ਕੌਮੀ ਸੰਘਰਸ਼ ‘ਚ ਜੂਝਣ ਵਾਲੇ ਤੇ ਸਮੇਂ ਦੀ ਹਿੰਦੂਤਵੀ ਹਕੂਮਤ ਵੱਲੋਂ ਬੰਦੀ ਬਣਾਏ ਗਏ ਸਿੰਘ, ਹਿੰਦੁਸਤਾਨੀ ਅਦਾਲਤਾਂ ਵੱਲੋਂ ਉਨ੍ਹਾਂ ਨੂੰ ਸੁਣਾਈ ਇੱਕ ਪਾਸੜ ਤੇ ਕਠੋਰ ਸਜ਼ਾ ਨੂੰ ਪੂਰੀ ਕਰ ਚੁੱਕੇ ਹਨ, ਪੂਰੀ ਹੀ ਨਹੀਂ ਸਗੋਂ ਦੁੱਗਣੀ ਸਜ਼ਾ ਕੱਟ ਚੁੱਕੇ ਹਨ, ਪਰ ਸਰਕਾਰਾਂ ਵੱਲੋਂ ਉਨ੍ਹਾਂ ਨੂੰ ਰਿਹਾਅ ਨਹੀਂ ਕੀਤਾ ਜਾ ਰਿਹਾ ਹੈ | ਕੀ ਇਹ ਭਾਰਤੀ ਕਾਨੂੰਨ ਨਾਲ ਹੀ ਖਿਲਵਾੜ ਨਹੀਂ| ਜਿਹੜੀ ਰਿਹਾਈ ਕਾਨੂੰਨੀ ਰੂਪ ‘ਚ ਬਣਦੀ ਹੈ, ਉਸ ਲਈ ਦਹਾਕਿਆਂ ਤੋਂ ਸਿੱਖ ਕੌਮ ਨੂੰ ਸੰਘਰਸ਼ ਕਰਨਾ ਪੈ ਰਿਹਾ ਹੈ | ਅੱਜ ਫ਼ਤਿਹਗੜ੍ਹ ਸਾਹਿਬ ਤੋਂ ਬੰਦੀ ਸਿੰਘ ਰਿਹਾਈ ਮਾਰਚ, ਅੰਨ੍ਹੀ, ਬੋਲੀ ਸਰਕਾਰ ਨੂੰ ਜਗਾਉਣ ਲਈ ਕੀਤਾ ਗਿਆ| ਪਰ ਅਸੀਂ ਸਰਕਾਰ ਨੂੰ, ਜੇ ਉਹ ਇਸ ਮਾਰਚ ਦੀ ਗੂੰਜ ਨੂੰ ਸੁਣਕੇ ਜਾਗ ਚੁੱਕੀ ਹੋਵੇ ਤਾਂ ਇਹ ਦੱਸਣਾ ਚਾਹੁੰਦਾ ਹਾਂ ਕਿ ਇਸ ਮਾਰਚ ‘ਚ 15 ਤੋਂ 30 ਸਾਲ ਦੇ ਨੌਜਵਾਨਾਂ ਦੀ ਗਿਣਤੀ 90 ਫ਼ੀਸਦੀ ਸੀ | ਉਨ੍ਹਾਂ ‘ਚ ਠਾਠਾਂ ਮਾਰਦਾ ਉਤਸ਼ਾਹ ਉਵੇ ਸੀ, ਜਿਸ ਉਤਸ਼ਾਹ ਨੇ ਦਿੱਲੀ ਦੇ ਰਾਹ ‘ਚ ਆਉਂਦੇ ਸਾਰੇ ਬੈਰੀਕੇਡਾਂ ਨੂੰ ਦਰਿਆਵਾਂ ‘ਚ ਵਗਾਹ ਮਾਰਿਆ ਸੀ ਤੇ ਸਰਕਾਰ ਦੀਆਂ ਜਲ-ਤੋਪਾਂ ਦੇ ਮੂੰਹ ਮੋੜ ਦਿੱਤੇ ਸਨ | ਸਰਕਾਰ ਨੂੰ ਗਲਾਮੇ ਤੋਂ ਫੜ੍ਹ ਲੈਣ ਦਾ ਹੌਂਸਲਾ ਦਿੱਸਦਾ ਸੀ, ਜੇਲ੍ਹਾਂ ਦੀਆਂ ਕੰਧਾਂ ਨੂੰ ਡਾਹ ਦੇਣ ਦੀ ਜੁਰੱਅਤ ਝਲਕਾਂ ਮਾਰਦੀ ਸੀ| ਜੁਆਨੀ ਦਾ ਸ਼ੂਕਦਾ ਵੇਗ ‘‘ ਬੰਦੀ ਸਿੰਘ ਰਿਹਾਅ ਕਰੋ’’ ਦੇ ਅਕਾਸ਼ ਗੂੰਜਾਓ ਨਾਅਰੇ ਲਾ ਰਿਹਾ ਸੀ| ਕਿਹਾ ਜਾਂਦਾ ਹੈ ਕਿ ਜਦੋਂ ਜੁਆਨੀ, ਜੁਆਨੀ ਦੇ ਸਹੀ ਅਰਥ ਸਮਝ ਜਾਵੇਂ ਤਾਂ ਉਹ ਵੱਗਦੇ ਦਰਿਆਵਾਂ ਦੇ ਵਹਿਣ ਤੱਕ ਮੋੜ ਦਿੰਦੀ ਹੈ, ਇਤਿਹਾਸ ਨੂੰ ਨਵਾਂ ਮੋੜ ਦੇ ਦਿੰਦੀ ਹੈ | ਅੱਜ ਦੇ ਇਸ ਮਾਰਚ ਨੇ ਸਰਕਾਰ ਨੂੰ ਸਾਫ਼ ਕਰ ਦਿੱਤਾ ਹੋਵੇਗਾ ਕਿ ਸਾਹਿਬਜ਼ਾਦਾ ਅਜੀਤ ਸਿੰਘ ਤੇ ਸਾਹਿਬਜ਼ਾਦਾ ਜੁਝਾਰ ਸਿੰਘ ਦੇ ਵਾਰਿਸ ਹਾਲੇਂ ਜ਼ਮੀਰ ਪੱਖੋਂ ਜਿਊਂਦੇ ਹਨ | ਜ਼ਾਲਮ ਸਰਕਾਰ ਨੇ ਭਾਵੇਂ ਉਨ੍ਹਾਂ ਨੂੰ ਪਹਿਲਾ ਝੂਠੇ ਪੁਲਿਸ ਮੁਕਾਬਲਿਆਂ ‘ਚ, ਫ਼ਿਰ ਨਸ਼ਿਆਂ ਦੀ ਸੁਨਾਮੀ ਰਾਂਹੀ ਤੇ ਫ਼ਿਰ ਹੇੜਾਂ ਦੀਆਂ ਹੇੜਾਂ ਨੂੰ ਜਹਾਜ਼ ਭਰਕੇ, ਵਿਦੇਸ਼ਾਂ ਨੂੰ ਭੇਜਕੇ, ਪੰਜਾਬ ਦੀ ਜੁਆਨੀ ਖ਼ਤਮ ਕਰਨ ਦਾ ਯਤਨ ਕੀਤਾ, ਪ੍ਰੰਤੂ ਫ਼ਤਿਹਗੜ੍ਹ ਦੀ ਪਾਵਨ ਧਰਤੀ ਤੋਂ ਸ਼ੁਰੂ ਹੋਏ ਇਸ ਮਾਰਚ ਨੇ ਸਾਬਤ ਕਰ ਦਿੱਤਾ ਕਿ ਅਜ਼ਾਦੀ ਦੀ ਚਿਣਗ ਵਾਲੀ ਸਿੱਖ ਜੁਆਨੀ ਜਿਊਂਦੀ ਹੈ | ਉਹ ਚਮਕੌਰ ਗੜ੍ਹੀ ਤੇ ਸਰਹਿੰਦ ਦੀ ਕੰਧ ਤੋਂ ਆਉਂਦੀ ਕੁਰਬਾਨੀ ਦੀ ਅਗੰਮੀ ਅਵਾਜ਼ ਨੂੰ ਦਿਲੋ ਸੁਣਦੀ ਹੈ| ਉਸਦਾ ਦਿਲ ਅੱਜ ਵੀ ਸਿੱਖੀ ਲਈ ਧੜਕ ਰਿਹਾ ਹੈ| ਜ਼ੁਲਮ, ਜਬਰ ਵਿਰੁੱਧ ਲੜ੍ਹਨ ਲਈ ਉਹ ਅੱਜ ਵੀ ਤੱਤਪਰ ਤੇ ਉਤਾਵਲੀ ਹੈ | ਉਨ੍ਹਾਂ ਦੇ ਮਨ ਮਸਤਕ ਤੇ ਜੇ ਇਹ ਗੱਲ ਭਾਰੂ ਹੋ ਗਈ ਕਿ ਇਸ ਦੇਸ਼ ‘ਚ ਸਾਡੇ ਲਈ ਇਨਸਾਫ਼ ਨਹੀਂ, ਸਾਨੂੰ ਇਸ ਦੇਸ਼ ‘ਚ ਬਰਾਬਰ ਦੇ ਸ਼ਹਿਰੀ ਨਹੀਂ ਮੰਨਿਆ ਜਾਂਦਾ ਤਾਂ ਉਨ੍ਹਾਂ ਦਾ ਅਹਿਜੇ ਰਾਜ ਵਿਰੁੱਧ ਬਾਗੀ ਹੋਣਾ ਕੁਦਰਤੀ ਹੈ | ਸਿੱਖ ਜੁਆਨੀ ਦੇ ਮਨ ‘ਚ ਅਜ਼ਾਦ ਬਾਦਸ਼ਾਹੀ ਦਾ ਜ਼ਜਬਾ ਤਾਂ ਅਜਿਹੇ ਮਾਰਚ ਪ੍ਰਗਟਾ ਹੀ ਰਹੇ ਹਨ | ਜੇ ਸਰਕਾਰ ਦੇ ਮਨ ‘ਚ ਹਾਲੇਂ ਵੀ ਸਿੱਖ ਜੁਆਨੀ ਨੂੰ ਲੈ ਕੇ ਕੋਈ ਭੁਲੇਖਾ ਹੈ ਤਾਂ ਉਸਨੂੰ ਕੱਢ ਦੇਣਾ ਚਾਹੀਦਾ ਹੈ | ਜਿਸ ਕੌਮ ‘ਚ ਅਜ਼ਾਦੀ ਦੀ ਚਿਣਗ, ਇੱਕ ਵਾਰ ਫ਼ਿਰ ਜਾਗ ਪਏ, ਫ਼ਿਰ ਉਸਨੂੰ ਬੁਝਾਉਣਾ ਅਸੰਭਵ ਹੋ ਜਾਂਦਾ ਹੈ | ਦੂਜੇ ਪਾਸੇ ਅਸੀਂ ਸਿੱਖ ਜੁਆਨੀ ਨੂੰ ਇਹ ਹੋਕਾ ਵੀ ਦੇਣਾ ਚਾਹਾਂਗੇ ਕਿ ਕੌਮੀ ਮੁੱਦਿਆਂ ਅਤੇ ਕੌਮੀ ਅਜ਼ਾਦੀ ਲਈ ਸੰਘਰਸ਼ ਨੂੰ ਅਗਵਾਈ ਦੇਣ, ਵਿਕਾਊਂ ਲੀਡਰਸ਼ਿਪ ਤੋਂ ਖਹਿੜਾ ਛੁਡਾਉਣ, ਭਵਿੱਖ ‘ਚ ਕਦੇ ਵੀ ਇਹ ਨਾ ਕਹਿਣਾ ਪਵੇ ਕਿ ‘‘ਇੱਕ ਸਰਕਾਰ ਬਾਝੋਂ ਫੌਜਾਂ ਜਿੱਤ ਕੇ ਅੰਤ ਨੂੰ ਹਾਰੀਆਂ ਨੇ’’ ਕੌਮੀ ਸਿਧਾਂਤਾਂ, ਕੌਮੀ ਜਜ਼ਬਿਆਂ, ਕੌਮੀ ਨਿਸ਼ਾਨ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਛੱਤਰ-ਛਾਇਆ ਅਧੀਨ ਸੰਘਰਸ਼ ਅੱਗੇ ਤੋਰਿਆ ਜਾਵੇ | ਸ਼ਾਹਿਬਜ਼ਾਦਾ ਅਜੀਤ ਸਿੰਘ ਤੇ ਸ਼ਾਹਿਬਜ਼ਾਦਾ ਜੁਝਾਰ ਸਿੰਘ ਦੇ ਵਾਰਿਸ ਨੂੰ ਇੱਕਜੁੱਟ ਤੇ ਇੱਕਮੱਤ ਹੋ ਕੇ, ਕੌਮ ਦੇ ਆਪਣੇ ਅਜ਼ਾਦ ਘਰ ਦੀ ਪ੍ਰਾਪਤੀ ਲਈ ਸੰਘਰਸ਼ ਅੱਗੇ ਤੋਰਨਾ ਪਵੇਗਾ | ਜਦੋਂ ਕਿਸੇ ਸੰਘਰਸ਼ ਦੇ ਪ੍ਰੋਗਰਾਮ ਦਾ ਐਲਾਨ ਕੀਤਾ ਜਾਂਦਾ ਹੈ ਤਾਂ ਉਸਦੀ ਮੁਕੰਮਲ ਰੂਪ-ਰੇਖਾ ਪਹਿਲਾ ਹੀ ਵਿਚਾਰ ਕੇ ਐਲਾਨ ਦਿੱਤੀ ਜਾਵੇ ਤਾਂ ਕਿ ਸਿਖ਼ਰ ਤੇ ਪੁੱਜੇ ਸੰਘਰਸ਼ ਦੀ ਆਪਸੀ ਵਾਦ-ਵਿਵਾਦ ਕਾਰਣ ਕਿਰਕਿਰੀ ਨਾ ਹੋਵੇ| ਜਵਾਨੀ ਨੂੰ ਕੌਮ ਨੂੰ ਇਹ ਭਰੋਸਾ ਦੇਣਾ ਹੀ ਹੋਵੇਗਾ ਕਿ ਉਨ੍ਹਾਂ ‘ਚ ਸਿਰਫ਼ ਜ਼ੋਸ ਹੀ ਨਹੀਂ ਹੋਸ਼ ਵੀ ਹੈ | ਉਹ ਕੌਮ ਦਾ ਬੇੜਾ ਪਾਰ ਲਾਉਣ ਦੀ ਸਮਰੱਥਾ ਵੀ ਰੱਖਦੇ ਹਨ ਤੇ ਬੁੱਧੀ ਵੀ, ਸਿਆਣੀ ਜੁਆਨੀ ਦਾ ਅੱਗੇ ਆਉਣਾ ਤੇ ਸਚੁੱਜੀ ਅਗਵਾਈ ਦੀ ਸਮਰੱਥਾ ਤੇ ਸੁਮੱਤ ਦਿਖਾਉਣੀ ਹੋਰ ਵੀ ਜ਼ਰੂਰੀ ਹੈ |





