ਜਲੰਧਰ 28 ਜਨਵਰੀ (ਦਾ ਮਿਰਰ ਪੰਜਾਬ) ਜਲੰਧਰ ਕੈਂਟ ਦਾ ਵਿਕਾਸ ਹਮੇਸ਼ਾਂ ਮੇਰੀ ਤਰਜੀਹ ਰਹੀ ਹੈ, ਇਸ ਹਲਕੇ ਦੀ ਨੁਹਾਰ ਬਦਲਣ ਲਈ ਮੈਂ ਜੀਅ-ਜਾਨ ਲਗਾ ਰਿਹਾ ਹਾਂ। ਇਹ ਵਿਚਾਰ ਜਲੰਧਰ ਕੈਂਟ ਹਲਕੇ ਤੋਂ ਕਾਂਗਰਸ ਦੇ ਉਮੀਦਵਾਰ ਪਰਗਟ ਸਿੰਘ ਨੇ ਹਲਕੇ ਦੇ ਵੱਖ ਵੱਖ ਇਲਾਕਿਆਂ ਵਿੱਚ ਚੋਣ ਪ੍ਰਚਾਰ ਕਰਦੇ ਹੋਏ ਪੇਸ਼ ਕੀਤੇ। ਉਨ੍ਹਾਂ ਕਿਹਾ ਕਿ ਹਲਕੇ ਦੇ ਲੋਕਾਂ ਵਿੱਚ ਪੰਜਾਬ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਬਹੁਤ ਜ਼ਿਆਦਾ ਉਤਸ਼ਾਹ ਹੈ। ਹਲਕੇ ਦੇ ਲੋਕ ਵੱਡੀ ਪੱਧਰ ਤੇ ਹੋਏ ਵਿਕਾਸ ਨੂੰ ਸਾਹਮਣੇ ਰੱਖਦੇ ਹੋਏ ਵੋਟਾਂ ਕਾਂਗਰਸ ਪਾਰਟੀ ਨੂੰ ਪਾ ਕੇ ਦੁਬਾਰਾ ਸੱਤਾ ਵਿੱਚ ਲਿਆਉਣਗੇ। ਉਨ੍ਹਾਂ ਕਿਹਾ ਕਿ ਇਨ੍ਹਾਂ ਚੋਣਾਂ ਨਾਲ ਪੰਜਾਬ ਦਾ ਭਵਿੱਖ ਤਹਿ ਹੋਵੇਗਾ ਕਿ ਪੰਜਾਬ ਨੂੰ ਲੀਹਾਂ ਤੇ ਕੌਣ ਲਿਆ ਸਕਦਾ ਹੈ ਅਤੇ ਨੌਜਵਾਨਾਂ ਲਈ ਰੁਜ਼ਗਾਰ ਦਾ ਪ੍ਰਬੰਧ ਕੌਣ ਕਰ ਸਕਦਾ ਹੈ। ਇਸ ਲਈ ਪੰਜਾਬ ਦੇ ਸੁਨਹਿਰੇ ਭਵਿੱਖ ਲਈ ਕਾਂਗਰਸ ਨੂੰ ਵੋਟਾਂ ਪਾਉਣਾ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਵਿਰੋਧੀਆਂ ਵਲੋਂ ਹਲਕੇ ਵਿੱਚ ਵਿਕਾਸ ਨਾ ਹੋਣ ਦਾ ਕੀਤਾ ਜਾ ਰਿਹਾ ਪ੍ਰਚਾਰ ਕੋਰਾ ਝੂਠ ਹੈ ਇਸ ਵਿੱਚ ਕੋਈ ਸਚਾਈ ਨਹੀਂ ਹੈ। ਉਨ੍ਹਾਂ ਹਲਕੇ ਦੇ ਵੋਟਰਾਂ ਨੂੰ ਇਨ੍ਹਾਂ ਲੋਕਾਂ ਦੇ ਝੂਠੇ ਪ੍ਰਚਾਰ ਤੋਂ ਸੁਚੇਤ ਰਹਿਣ ਦੀ ਅਪੀਲ ਕੀਤੀ ਹੈ। ਇਸ ਮੌਕੇ ਤੇ ਵੱਖ ਵੱਖ ਪਿੰਡਾਂ ਅਤੇ ਮੁਹੱਲਿਆਂ ਦੇ ਲੋਕਾਂ ਨੇ ਪਰਗਟ ਸਿੰਘ ਦਾ ਸੁਆਗਤ ਕੀਤਾ ਅਤੇ ਉਨ੍ਹਾਂ ਨੂੰ ਵਿਸ਼ਵਾਸ਼ ਦੁਆਇਆ ਕਿ ਉਨ੍ਹਾਂ ਨੂੰ ਵੋਟਾਂ ਪਾ ਕੇ ਜਿੱਤ ਦੁਆਉਣਗੇ।


