ਕਰਤਾਰਪੁਰ (ਦਾ ਮਿਰਰ ਪੰਜਾਬ )-ਅਕਾਲੀ-ਬਸਪਾ ਗੱਠਜੋੜ ਦੇ ਹਲਕਾ ਕਰਤਾਰਪੁਰ ਤੋਂ ਉਮੀਦਵਾਰ ਐਡਵੋਕੇਟ ਬਲਵਿੰਦਰ ਕੁਮਾਰ ਨੇ ਕਿਹਾ ਕਿ ਕਾਂਗਰਸ ਦੇ ਉਮੀਦਵਾਰ ਚੌਧਰੀ ਸੁਰਿੰਦਰ ਘਟੀਆ ਕਿਸਮ ਦੀ ਰਾਜਨੀਤੀ ’ਤੇ ਉਤਰ ਆਏ ਹਨ। ਉਨ੍ਹਾਂ ਕਿਹਾ ਕਿ ਚੌਧਰੀ ਨੇ ਪਿਛਲੇ 5 ਸਾਲਾਂ ’ਚ ਵਿਧਾਇਕ ਰਹਿੰਦੇ ਹੋਏ ਆਪਣੇ ਪਿੰਡ ਧਾਲੀਵਾਲ ਕਾਦੀਆਂ ’ਚ ਵੀ ਕੋਈ ਵਿਕਾਸ ਦਾ ਕੰਮ ਨਹੀਂ ਕੀਤਾ। ਹੁਣ ਜਦੋਂ ਧਾਲੀਵਾਲ ਕਾਦੀਆਂ ਦੇ ਲੋਕ ਚੌਧਰੀ ਸੁਰਿੰਦਰ ਦਾ ਸਾਥ ਛੱਡ ਕੇ ਅਕਾਲੀ-ਬਸਪਾ ਗੱਠਜੋੜ ਦੇ ਸਮਰਥਨ ’ਚ ਆ ਗਏ ਹਨ ਤਾਂ ਚੌਧਰੀ ਵੱਲੋਂ ਉਨ੍ਹਾਂ ਨਾਲ ਧੱਕੇਸ਼ਾਹੀ ਕੀਤੀ ਜਾ ਰਹੀ ਹੈ।
ਐਡਵੋਕੇਟ ਬਲਵਿੰਦਰ ਕੁਮਾਰ ਨੇ ਕਿਹਾ ਕਿ ਚੌਧਰੀ ਸੁਰਿੰਦਰ ਨੇ 5 ਸਾਲਾਂ ’ਚ ਕਰਤਾਰਪੁਰ ਹਲਕੇ ਨੂੰ ਬਦਹਾਲੀ ਵੱਲ ਧੱਕੀ ਰੱਖਿਆ। ਇਹੀ ਹਾਲਾਤ ਉਨ੍ਹਾਂ ਦੇ ਆਪਣੇ ਪਿੰਡ ਧਾਲੀਵਾਲ ਕਾਦੀਆਂ ਦੇ ਰਹੇ। ਉਹ ਪਿੰਡ ’ਚ 5 ਸਾਲਾਂ ’ਚ ਸੜਕ ਵੀ ਨਹੀਂ ਬਣਵਾ ਸਕੇ। ਹੁਣ ਵੋਟਾਂ ਨੇੜੇ ਆਉਣ ’ਤੇ ਇਹ ਸੜਕ ਬਣਾਉਣੀ ਸ਼ੁਰੂ ਕੀਤੀ ਹੈ ਤਾਂ ਇਸ ਦੌਰਾਨ ਵੀ ਲੋਕਾਂ ਨੂੰ ਪਰੇਸ਼ਾਨ ਕੀਤਾ ਜਾ ਰਿਹਾ ਹੈ। ਅਕਾਲੀ-ਬਸਪਾ ਗੱਠਜੋੜ ਦੇ ਉਮੀਦਵਾਰ ਐਡਵੋਕੇਟ ਬਲਵਿੰਦਰ ਕੁਮਾਰ ਨੇ ਕਿਹਾ ਕਿ ਚੌਧਰੀ ਸੁਰਿੰਦਰ ਦੇ ਪਿੰਡ ਦੇ ਲੋਕ ਦੁਖੀ ਹੋ ਕੇ ਉਨ੍ਹਾਂ ਦਾ ਸਾਥ ਛੱਡ ਗਏ ਹਨ ਤੇ ਉਹ ਅਕਾਲੀ-ਬਸਪਾ ਗੱਠਜੋੜ ਦੇ ਨਾਲ ਖੜ ਗਏ ਹਨ। ਐਡਵੋਕੇਟ ਬਲਵਿੰਦਰ ਨੇ ਕਿਹਾ ਕਿ ਚੌਧਰੀ ਦੇ ਸਾਬਕਾ ਪੀਏ ਤਰਸ ਰਾਮ ਵੀ ਖੁੱਲ ਕੇ ਗੱਠਜੋੜ ਦੇ ਸਮਰਥਨ ’ਚ ਆ ਗਏ ਹਨ। ਇਸੇ ਰੰਜਿਸ਼ ’ਚ ਚੌਧਰੀ ਵੱਲੋਂ ਸਿਵਲ ਪ੍ਰਸ਼ਾਸਨ ਰਾਹੀਂ ਤਰਸ ਰਾਮ ਅਤੇ ਪਿੰਡ ਦੇ ਹੋਰ ਲੋਕਾਂ ਨਾਲ ਧੱਕੇਸ਼ਾਹੀ ਕਰਾਈ ਜਾ ਰਹੀ ਹੈ। ਬੀਤੇ ਦਿਨੀਂ ਪਿੰਡ ’ਚ ਸੜਕ ਬਣਾਉਣ ਦੌਰਾਨ ਬਿਨਾਂ ਨੋਟਿਸ ਦਿੱਤੇ ਤਰਸ ਰਾਮ ਅਤੇ ਪਿੰਡ ਦੇ ਹੋਰ ਲੋਕਾਂ ਦੇ ਗੇਟ ਤੇ ਥੜੇ ਤੋੜੇ ਗਏ। ਇਸ ਤੋਂ ਇਲਾਵਾ ਉਨ੍ਹਾਂ ਦੇ ਘਰਾਂ ਨੂੰ ਆਉਂਦੀ ਵਾਟਰ ਸਪਲਾਈ ਲਾਈਨ ਵੀ ਤੋੜ ਦਿੱਤੀ ਗਈ ਤੇ ਸੀਵਰੇਜ ’ਚ ਕੂੜਾ ਸੁੱਟ ਕੇ ਉਸਨੂੰ ਬਲਾਕ ਕਰ ਦਿੱਤਾ ਗਿਆ। ਐਡਵੋਕੇਟ ਬਲਵਿੰਦਰ ਨੇ ਕਿਹਾ ਕਿ ਪਿੰਡ ਧਾਲੀਵਾਲ ਕਾਦੀਆਂ ਦੇ ਲੋਕਾਂ ਨੇ ਉਨ੍ਹਾਂ ਨੂੰ ਸਾਰੀ ਘਟਨਾ ਬਾਰੇ ਜਾਣਕਾਰੀ ਦਿੱਤੀ, ਜਿਸ ਤੋਂ ਬਾਅਦ ਉਹ ਪਿੰਡ ਪਹੁੰਚੇ ਤੇ ਸਿਵਲ ਪ੍ਰਸ਼ਾਸਨ ਨਾਲ ਗੱਲਬਾਤ ਕੀਤੀ। ਉਨ੍ਹਾਂ ਕਿਹਾ ਕਿ ਪਿੰਡ ਦੇ ਲੋਕਾਂ ਦਾ ਕਹਿਣਾ ਹੈ ਕਿ ਉਹ ਇਸ ਵਾਰ ਚੌਧਰੀ ਸੁਰਿੰਦਰ ਨੂੰ ਛੱਡ ਕੇ ਅਕਾਲੀ-ਬਸਪਾ ਗੱਠਜੋੜ ਦੇ ਉਮੀਦਵਾਰ ਐਡਵੋਕੇਟ ਬਲਵਿੰਦਰ ਕੁਮਾਰ ਦਾ ਸਾਥ ਦੇਣਗੇ। ਇਸੇ ਕਰਕੇ ਰਾਜਨੀਤਕ ਰੰਜਿਸ਼ ਤਹਿਤ ਉਨ੍ਹਾਂ ਨਾਲ ਧੱਕੇਸ਼ਾਹੀ ਕੀਤੀ ਜਾ ਰਹੀ ਹੈ।
ਐਡਵੋਕੇਟ ਬਲਵਿੰਦਰ ਕੁਮਾਰ ਨੇ ਕਿਹਾ ਕਿ ਚੌਧਰੀ ਸੁਰਿੰਦਰ ਆਪਣੀ ਹਾਰ ਸਾਹਮਣੇ ਦੇਖ ਕੇ ਆਪਣਾ ਗੁੱਸਾ ਆਮ ਲੋਕਾਂ ’ਤੇ ਕੱਢਣ ਲੱਗੇ ਹੋਏ ਹਨ। ਉਨ੍ਹਾਂ ਕਿਹਾ ਕਿ ਉਹ ਪਿੰਡ ਧਾਲੀਵਾਲ ਕਾਦੀਆਂ ਦੇ ਲੋਕਾਂ ਨਾਲ ਡਟ ਕੇ ਖੜੇ ਹਨ ਤੇ ਉਨ੍ਹਾਂ ਨਾਲ ਕਿਸੇ ਵੀ ਤਰ੍ਹਾਂ ਦੀ ਧੱਕੇਸ਼ਾਹੀ ਨਹੀਂ ਹੋਣ ਦਿੱਤੀ ਜਾਵੇਗੀ। ਇਸ ਮੌਕੇ ’ਤੇ ਸ਼੍ਰੋਮਣੀ ਅਕਾਲੀ ਦਲ ਦੇ ਸਰਕਲ ਜੱਥੇਦਾਰ ਜਸਵੰਤ ਸਿੰਘ ਪੱਪੂ ਗਾਖਲ ਤੇ ਪ੍ਰਭਜਿੰਦਰ ਸਿੰਘ ਧੀਰਪੁਰ ਵੀ ਮੌਜ਼ੂਦ ਸਨ।





