*ਸੀਪੀ ਦਫਤਰ ਬਾਹਰ ਧਰਨੇ ਤੋਂ ਪਹਿਲਾਂ ਹੀ ਪੱਤਰਕਾਰ `ਤੇ ਹਮਲੇ ਦੇ ਮਾਮਲੇ `ਚ ਪੁਲਿਸ ਦੀ ਵੱਡੀ ਕਾਰਵਾਈ ਨਸ਼ਾ ਤਸਕਰ ਅਤੇ ਪਤਨੀ ਤੇ ਪਰਚਾ ਦਰਜ*

पंजाब
Spread the love

ਲੁਧਿਆਣਾ 16 ਅਪ੍ਰੈਲ ( ਦਾ ਮਿਰਰ ਪੰਜਾਬ ) ਬੀਤੇ ਦਿਨੀਂ ਨਸ਼ਾ ਤਸਕਰਾਂ ਖਿਲਾਫ ਵੱਡੀ ਮੁਹਿੰਮ ਛੇੜਨ ਵਾਲੇ ਸੀਨੀਅਰ ਪੱਤਰਕਾਰ ਗੁਰਪ੍ਰੀਤ ਸਿੰਘ ਮਹਿਦੂਦਾਂ ਉੱਤੇ ਹਮਲਾ ਕਰਨ ਵਾਲੇ ਮੁੱਖ ਤਸਕਰ ਰਣਧੀਰ ਸਿੰਘ ਅਤੇ ਉਸਦੀ ਪਤਨੀ ਲਖਵਿੰਦਰ ਕੌਰ ਉੱਤੇ ਅੱਜ ਪੁਲਸ ਕਮਿਸ਼ਨਰ ਦੇ ਦਫਤਰ ਦੇ ਬਾਹਰ ਧਰਨਾ ਲੱਗਣ ਤੋਂ ਪਹਿਲਾਂ ਹੀ ਥਾਣਾ ਜਮਾਲਪੁਰ ਦੀ ਪੁਲਸ ਨੇ ਵੱਡੀ ਕਾਰਵਾਈ ਕਰਦਿਆਂ ਰਾਤ ਨੂੰ ਹੀ ਪਰਚਾ ਦਰਜ ਕਰ ਦਿੱਤਾ। ਪਰ ਧਾਰਾਵਾਂ `ਚ ਵਾਧੇ ਨੂੰ ਲੈ ਕੇ ਗੁਰਪ੍ਰੀਤ ਸਿੰਘ ਮਹਿਦੂਦਾਂ ਅੱਜ ਨਸ਼ਿਆ ਖਿਲਾਫ ਕਈ ਸਾਲਾਂ ਤੋਂ ਲੜਾਈ ਲੜ ਰਹੀ ਲੋਕ ਸੰੰਘਰਸ਼ ਕਮੇਟੀ ਦੇ ਮੈਂਬਰਾਂ, ਪੱਤਰਕਾਰ ਭਾਈਚਾਰੇ ਅਤੇ ਬਹੁਜਨ ਸਮਾਜ ਪਾਰਟੀ ਦੇ ਆਗੂਆਂ ਨੂੰ ਨਾਲ ਲੈ ਕੇ ਪੁਲਸ ਕਮਿਸ਼ਨਰ ਲੁਧਿਆਣਾ ਸ਼੍ਰੀ ਸ਼ਰਮਾ ਨੂੰ ਮਿਲੇ ਜਿਨ੍ਹਾਂ ਅਪਣੇ ਦਫਤਰ ਤੋਂ ਬਾਹਰ ਆ ਕੇ ਸਾਰੇ ਵਫਦ ਨਾਲ ਮੁਲਾਕਾਤ ਕੀਤੀ। ਪੱਤਰਕਾਰ ਮਹਿਦੂਦਾਂ ਨੇ ਸਾਰੇ ਮਾਮਲੇ ਤੋਂ ਪੁਲਸ ਕਮਿਸ਼ਨਰ ਸ਼੍ਰੀ ਸ਼ਰਮਾ ਨੂੰ ਜਾਣੂ ਕਰਵਾਇਆ ਅਤੇ ਰਣਧੀਰ ਸਿੰਘ ਅਤੇ ਉਸਦੀ ਪਤਨੀ ਲਖਵਿੰਦਰ ਕੌਰ ਉੱਤੇ ਦਰਜ ਮਾਮਲੇ ਦੀਆਂ ਧਾਰਾਵਾਂ `ਚ ਵਾਧਾ ਕਰਕੇ ਗ੍ਰਿਫਤਾਰੀ ਦੀ ਮੰਗ ਕੀਤੀ। ਪੁਲਸ ਕਮਿਸ਼ਨਰ ਨੇ ਜਿੱਥੇ ਉਨ੍ਹਾਂ ਨੂੰ ਮੰਗਾਂ ਮੰਨਣ ਦਾ ਭਰੋਸਾ ਦਿੱਤਾ ਉੱਥੇ ਹੀ ਕਿਹਾ ਕਿ ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਮੇਰੇ ਵੱਲੋਂ ਪਹਿਲਾਂ ਹੀ ਜੁਆਇੰਟ ਕਮਿਸ਼ਨਰ ਰਵਚਰਨ ਸਿੰਘ ਬਰਾੜ ਨੂੰ ਮਾਮਲਾ ਸੌਂਪ ਦਿੱਤਾ ਗਿਆ ਹੈ। ਤੁਸੀਂ ਉਨ੍ਹਾਂ ਨੂੰ ਮਿਲ ਕੇ ਕਾਰਵਾਈ ਅੱਗੇ ਵਧਾ ਸਕਦੇ ਹੋ। ਉਨ੍ਹਾਂ ਕਿਹਾ ਕਿ ਕਿਸੇ ਵੀ ਪ੍ਰਕਾਰ ਦੀ ਅਸੰਤੁਸ਼ਟੀ `ਤੇ ਮੈਨੂੰ ਕਿਸੇ ਵੀ ਸਮੇਂ ਦੁਬਾਰਾ ਮਿਲ ਸਕਦੇ ਹੋ।
ਗੁਰਪ੍ਰੀਤ ਸਿੰਘ ਮਹਿਦੂਦਾਂ ਨੇ ਰਵਚਰਨ ਸਿੰਘ ਬਰਾੜ ਨਾਲ ਵੀ ਮੁਲਕਾਤ ਕੀਤੀ ਜਿਨ੍ਹਾਂ ਸ੍ਰ ਮਹਿਦੂਦਾਂ ਨੂੰ ਕਿਹਾ ਕਿ ਮੁਕੱਦਮਾ ਰਾਤੀਂ ਹੀ ਦਰਜ ਕਰ ਦਿੱਤਾ ਗਿਆ ਸੀ ਅਤੇ ਚੌਂਕੀ ਇੰਚਾਰਜ ਨੂੰ ਵੀ ਲਾਈਨ ਹਾਜਰ ਕਰ ਦਿੱਤਾ ਗਿਆ। ਉਨ੍ਹਾਂ ਭਰੋਸਾ ਦਿੱਤਾ ਕਿ ਪੁਲਸ ਨਸ਼ਿਆ ਖਿਲਾਫ ਲੜਾਈ ਲੜ੍ਹਨ ਵਾਲੇ ਹਰ ਵਿਆਕਤੀ ਦੇ ਨਾਲ ਹੈ ਅਤੇ ਇਸ ਮਾਮਲੇ ਵਿੱਚ ਵੀ ਪੂਰਾ ਇਨਸਾਫ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਜਲਦ ਹੀ ਨਸ਼ਾ ਤਸਕਰਾਂ ਦਾ ਲੱਕ ਤੋੜ ਦਿੱਤਾ ਜਾਵੇਗਾ। ਗੁਰਪ੍ਰੀਤ ਸਿੰਘ ਮਹਿਦੂਦਾਂ ਨੇ ਦੋਵਾਂ ਅਫਸਰਾਂ ਦੇ ਦਿੱਤੇ ਭਰੋਸੇ ਨੂੰ ਕਬੂਲਦਿਆਂ ਅਪਣੇ ਸੰਘਰਸ਼ ਨੂੰ ਕਾਰਵਾਈ ਹੋਣ ਤੱਕ ਵਿਰਾਮ ਲਗਾਉਣ ਦੀ ਗੱਲ ਕਰਦਿਆਂ ਕਿਹਾ ਕਿ ਜੇਕਰ ਪੁਲਸ ਅਧਿਕਾਰੀਆਂ ਨੇ ਅਪਣਾ ਕੀਤਾ ਵਾਅਦਾ ਪੂਰਾ ਨਾ ਕੀਤਾ ਤਾਂ ਉਹ ਨਸ਼ਾ ਤਸਕਰਾਂ ਦੇ ਨਾਲ ਨਾਲ ਪੁਲਸ ਖਿਲਾਫ ਤਿੱਖਾ ਸੰਘਰਸ਼ ਸ਼ੁਰੂ ਕਰ ਦੇਣਗੇ। ਇਸ ਮੌਕੇ ਕਾਮਰੇਡ ਅਮਰਨਾਥ, ਗਿਆਨ ਸਿੰਘ ਮੰਡ, ਬਸਪਾ ਆਗੂ ਨਿਰਮਲ ਸਿੰਘ ਸਾਇਆਂ, ਕੁਲਦੀਪ ਸਿੰਘ ਕੀਪੀ ਭਾਮੀਆਂ, ਮਾਸਟਰ ਰਾਮਾਨੰਦ, ਦੀਪਕ, ਦਵਿੰਦਰ ਬਿੱਟੂ, ਭਜਨ ਸਿੰਘ, ਗੁਰਦਿਆਲ ਸਿੰਘ ਸਾਬਕਾ ਸਰਪੰਚ ਅਤੇ ਪੱਤਰਕਾਰ ਭਾਈਚਾਰਾ ਹਾਜਰ ਸੀ।
ਨਸ਼ਾ ਤਸਕਰ ਔਰਤ ਲਖਵਿੰਦਰ ਕੌਰ ਵੱਲੋਂ ਅਪਣੀ ਫੇਸਬੁੱਕ `ਤੇ ਪਾਈ ਵੀਡੀਓ ਨੂੰ ਆੜੇ ਹੱਥੀਂ ਲੈਂਦਿਆਂ ਗੁਰਪ੍ਰੀਤ ਸਿੰਘ ਮਹਿਦੂਦਾਂ ਨੇ ਕਿਹਾ ਕਿਰਿਆ ਤੋਂ ਬਾਅਦ ਪ੍ਰਤੀਕਿਰਿਆ ਦਾ ਹੋਣਾ ਸੁਭਾਵਿਕ ਹੈ ਜਿਸਦੀ ਉਨ੍ਹਾਂ ਨੂੰ ਖੁਸ਼ੀ ਹੈ। ਉਨ੍ਹਾਂ ਦੋਸ਼ ਲਗਾਉਣ ਵਾਲੀ ਔਰਤ ਅਤੇ ਉਸਦੀ ਲੜਕੀ ਨੂੰ ਸੁਝਾਅ ਦਿੱਤਾ ਕਿ ਉਹ ਅਪਣੀ ਸ਼ਿਕਾਇਤ ਪੁਲਸ ਅਤੇ ਸਰਕਾਰ ਨੂੰ ਲਿਖਤੀ ਦੇਣ। ਉਨ੍ਹਾਂ ਪੁਲਸ ਦੇ ਅਧਿਕਾਰੀਆਂ ਨੂੰ ਅਪੀਲ ਵੀ ਕੀਤੀ ਕਿ ਇਸ ਉੱਤੇ ਬਿਨ੍ਹਾ ਦੇਰੀ ਕਾਰਵਾਈ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਮੈਂ ਅਜਿਹੀਆ ਗਿੱਦੜ ਭਬਕੀਆਂ ਤੋਂ ਡਰਨ ਵਾਲਾ ਨਹੀਂ ਅਤੇ ਨਸ਼ਿਆ ਖਿਲਾਫ ਅਪਣੀ ਜੰਗ ਜਾਰੀ ਰੱਖੇਗਾ। ਉਨ੍ਹਾਂ ਦੋਵਾਂ ਔਰਤਾਂ ਨੂੰ ਨੇਕ ਸਲਾਹ ਦਿੰਦਿਆਂ ਕਿਹਾ ਕਿ ਹੰਝੂ ਕੀ ਹੁੰਦੇ ਹਨ ਅਤੇ ਕਿਸ ਦਰਦ ਨਾਲ ਪੈਦਾ ਹੁੰਦੇ ਹਨ ਉਸਨੂੰ ਮਹਿਸੂਸ ਕਰਨ ਲਈ ਉਹ ਉਨ੍ਹਾਂ ਘਰਾਂ ਵਿੱਚ ਜਰੂਰ ਜਾਣ ਜਿਨ੍ਹਾਂ ਘਰਾਂ ਦੇ ਇੱਕਲੌਤੇ ਚਿਰਾਗ ਤੁਹਾਡੇ ਵੰਡੇ ਨਸ਼ਿਆ ਕਾਰਨ ਬੁੱਝ ਗਏ ਹਨ ਅਤੇ ਉਨ੍ਹਾਂ ਠੰਡੇ ਚੁੱਲਿਆਂ ਵਾਲੇ ਘਰਾਂ `ਚ ਸਥਾਈ ਮਾਤਮ ਛਾਇਆ ਹੋਇਆ ਹੈ।

Leave a Reply

Your email address will not be published. Required fields are marked *