*ਭਾਰਤੀ ਕਿਸਾਨ ਯੂਨੀਅਨ ਦੁਆਬਾ ਅਤੇ ਸਿੱਧੂਪੁਰ ਨੇ ਕੇਂਦਰ ਦੀ ਭਾਜਪਾ ਸਰਕਾਰ ਨੂੰ ਦਿੱਤੀ ਚੇਤਾਵਨੀ*

पंजाब
Spread the love

ਜਲੰਧਰ,17 ਅਪ੍ਰੈਲ (ਦਾ ਮਿਰਰ ਪੰਜਾਬ )-ਬ੍ਰਿਟੇਨ ਦੇ ਪਹਿਲੇ ਪੱਗੜੀਧਾਰੀ ਸੰਸਦ ਮੈਂਬਰ ਤਨਮਨਜੀਤ ਸਿੰਘ ਢੇਸੀ ਵਿਰੁੱਧ ਭਾਜਪਾ ਵੱਲੋਂ ਵਿੱਢੀ ਨਫ਼ਰਤੀ ਪ੍ਰਚਾਰ ਮੁਹਿੰਮ ਵਿਰੁੱਧ ਕਿਸਾਨ ਜੱਥੇਬੰਦੀਆਂ ਡੱਟ ਗਈਆ ਹਨ। ਭਾਰਤੀ ਕਿਸਾਨ ਯੂਨੀਅਨ ਦੋਆਬਾ ਅਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੇ ਆਗੂਆਂ ਨੇ ਇੱਕਜੁਟ ਤੇ ਇੱਕਸੁਰ ਹੁੰਦਿਆ ਹੋਇਆ ਕਿਹਾ ਕਿ ਭਾਜਪਾ ਸਾਰੇ ਦੇਸ਼ ਵਿੱਚ ਨਫਰਤੀ ਪ੍ਰਚਾਰ ਕਰਕੇ ਆਪਣੀਆਂ ਰਾਜਸੀ ਰੋਟੀਆਂ ਸੇਕਣ ਦਾ ਕੋਝਾ ਯਤਨ ਕਰ ਰਹੀ ਹੈ। ਕਿਸਾਨ ਜੱਥੇਬੰਦੀਆਂ ਨੇ ਚੇਤਾਵਨੀ ਦਿੱਤੀ ਕਿ ਜੇ ਭਾਜਪਾ ਨੇ ਕਿਸਾਨ ਅੰਦੋਲਨ ਦੀ ਹਮਾਇਤ ਵਿੱਚ ਡੱਟਣ ਵਾਲੇ ਕੌਮਾਂਤਰੀ ਸਿੱਖ ਆਗੂ ਤਨਮਨਜੀਤ ਸਿੰਘ ਢੇਸੀ ਵਿਰੁੱਧ ਚਲਾਈ ਨਫ਼ਰਤੀ ਮੁਹਿੰਮ ਨਾ ਰੋਕੀ ਤਾਂ ਇਸ ਦੇ ਗੰਭੀਰ ਨਤੀਜੇ ਨਿਕਲਣਗੇ।
ਭਾਰਤੀ ਕਿਸਾਨ ਯੂਨੀਅਨ ਦੋਆਬਾ ਦੇ ਪ੍ਰਧਾਨ ਮਨਜੀਤ ਸਿੰਘ ਰਾਏ, ਜਨਰਲ ਸਕੱਤਰ ਸਤਨਾਮ ਸਿੰਘ ਸਾਹਨੀ, ਵਾਈਸ ਪ੍ਰਧਾਨ ਕਿਰਪਾਲ ਸਿੰਘ ਮੂਸਾਪੁਰ ਅਤੇ ਬੀਕੇਯੂ(ਏਕਤਾ) ਸਿੱਧੂਪੁਰ ਦੇ ਜਿਲ੍ਹਾ ਪ੍ਰਧਾਨ ਕੁਲਵਿੰਦਰ ਸਿੰਘ ਮਸ਼ਿਆਣਾ ਨੇ ਜਾਰੀ ਪ੍ਰੈਸ ਬਿਆਨ ਵਿੱਚ ਕਿਹਾ ਕਿ ਤਨਮਨਜੀਤ ਸਿੰਘ ਢੇਸੀ ਨੇ ਕਿਸਾਨ ਅੰਦੋਲਨ ਦੌਰਾਨ ਮੋਦੀ ਸਰਕਾਰ ਵੱਲੋਂ ਜਿਸ ਢੰਗ ਨਾਲ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਕੀਤੀ ਸੀ ਉਸ ਮੁੱਦੇ ਨੂੰ ਬੜੀ ਗੰਭੀਰਤਾ ਨਾਲ ਕੌਮਾਂਤਰੀ ਮੰਚ `ਤੇ ਉਠਾਇਆ ਸੀ।
ਕਿਸਾਨ ਆਗੂ ਸਤਨਾਮ ਸਿੰਘ ਸਾਹਨੀ ਨੇ ਕਿਹਾ ਕਿ ਐਮਪੀ ਢੇਸੀ ਦਾ ਕਿਸਾਨ ਜੱਥੇਬੰਦੀਆਂ ਨੇ ਇਸ ਕਰਕੇ ਸਨਮਾਨ ਕੀਤਾ ਸੀ ਕਿਉਂਕਿ ਉਨ੍ਹਾਂ ਨੇ ਇੰਗਲੈਂਡ ਦੇ ਪ੍ਰਧਾਨ ਮੰਤਰੀ ਨੂੰ ਕਿਸਾਨਾਂ ਦੇ ਪੱਖ ਦੀ ਗੱਲ ਕਰਨ ਲਈ 100 ਐਮ.ਪੀਜ਼. ਦੇ ਦਸਤਖਤਾਂ ਵਾਲਾ ਮੰਗ ਪੱਤਰ ਦਿੱਤਾ ਸੀ।ਢੇਸੀ ਨੇ ਮੋਦੀ ਸਰਕਾਰ ਦੀਆਂ ਮਨਮਾਨੀਆਂ ਤੇ ਖ਼ਾਸ ਕਰਕੇ ਮਨੁੱਖੀ ਅਧਿਕਾਰਾਂ ਨੂੰ ਕੁਚਲਣ ਵਿਰੁੱਧ ਅਵਾਜ਼ ਚੁੱਕੀ ਸੀ।ਸਾਹਨੀ ਨੇ ਕਿਹਾ ਕਿ ਲਖ਼ੀਮਪੁਰ ਖੀਰੀ ਵਾਲੀ ਘਟਨਾ ਵਿੱਚ ਵੀ ਭਾਜਪਾ ਦੋਸ਼ੀਆਂ ਨੂੰ ਬਚਾਅ ਰਹੀ ਹੈ।
ਕਿਸਾਨ ਆਗੂਆਂ ਨੇ ਭਾਜਪਾ `ਤੇ ਦੋਸ਼ ਲਾਇਆ ਕਿ ਪਾਰਟੀ ਦੇ ਅਹੁਦੇਦਾਰ ਵਿਦੇਸ਼ਾਂ ਵਿੱਚ ਪੰਜਾਬ ਤੇ ਦੇਸ਼ ਦਾ ਨਾਂਅ ਉਚਾ ਕਰਨ ਵਾਲੇ ਸਿੱਖ ਭਾਈਚਾਰੇ ਦੇ ਆਗੂਆਂ ਨੂੰ ਇਸ ਕਰਕੇ ਨਿਸ਼ਾਨਾ ਬਣਾ ਰਹੇ ਹਨ  ਕਿਉਂਕਿ ਉਨ੍ਹਾਂ ਨੇ ਕਿਸਾਨ ਅੰਦੋਲਨ ਦੇ ਹੱਕ ਵਿੱਚ ਹਾਅ ਦਾ ਨਾਅਰਾ ਮਾਰਿਆ ਸੀ।
ਕਿਸਾਨ ਆਗੂਆਂ ਨੇ ਕਿਹਾ ਕਿ ਅੰਦੋਲਨ ਦੀ ਸਫਲਤਾ ਤੋਂ ਖਿਝ ਕੇ ਕੇਂਦਰ ਦੀਆਂ ਏਜੰਸੀਆਂ ਭਾੜੇ ਦੇ ਬੰਦਿਆਂ ਰਾਹੀਂ ਅਜਿਹੇ ਪਰਵਾਸੀ ਭਾਰਤੀਆਂ ਦੀ ਸ਼ਾਨ ਵਿਰੁੱਧ ਸੋਸ਼ਲ ਮੀਡੀਆ ਅਤੇ ਅਖਬਾਰਾਂ ਰਾਹੀਂ ਨਫਰਤ ਭਰਿਆ ਤੇ ਨਿਰਾਧਾਰ ਭੰਡੀ-ਪ੍ਰਚਾਰ ਵਿੱਚ ਲੱਗੀਆਂ ਹੋਈਆਂ ਹਨ ਜਿਸ ਵਿੱਚ ਉਹ ਕਦੇ ਵੀ ਸਫਲ ਨਹੀਂ ਹੋਣਗੀਆਂ।

ਮਨੁੱਖੀ ਅਧਿਕਾਰਾਂ ਦੀ ਉਲੰਘਣਾ ਵਿਰੁੱਧ ਉਠਾਈ ਆਵਾਜ਼ ਤੋਂ ਹੋ ਰਹੀ ਹੈ ਤਕਲੀਫ਼-ਐਮ.ਪੀ. ਢੇਸੀ

ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਨਾਲ ਮੁਲਕਾਤ ਕਰਕੇ ਪਰਵਾਸੀ ਪੰਜਾਬੀਆਂ ਦੇ ਮਸਲਿਆਂ ਨੂੰ ਉਠਾਉਣ ਵਾਲੇ ਯੂ.ਕੇ ਤੋਂ ਸੰਸਦ ਮੈਂਬਰ ਤਨਮਨਜੀਤ ਸਿੰਘ ਢੇਸੀ ਨੇ ਕਿਹਾ ਕਿ ਸ਼ੋਸ਼ਲ ਮੀਡੀਆ `ਤੇ ਉਨ੍ਹਾਂ ਵਿਰੁੱਧ ਬਹੁਤ ਕੂੜ ਪ੍ਰਚਾਰ ਕੀਤਾ ਜਾ ਰਿਹਾ ਹੈ।ਢੇਸੀ ਨੇ ਕਿਹਾ ਕਿ ਉਨ੍ਹਾਂ ਵਿਰੁੱਧ ਉਹ ਧਿਰਾਂ ਹੀ ਕੂੜ ਪ੍ਰਚਾਰ ਕਰ ਰਹੀਆਂ ਹਨ ਜਿੰਨ੍ਹਾਂ ਨੂੰ ਕਿਸਾਨ ਅੰਦੋਲਨ ਦੀ ਹਮਾਇਤ ਕੀਤੇ ਜਾਣ ਤੋਂ ਤਕਲੀਫ਼ ਹੋ ਰਹੀ ਸੀ।ਉਨ੍ਹਾਂ ਕਿਹਾ ਕਿ ਜਿੱਥੇ ਵੀ ਦੁਨੀਆਂ ਵਿੱਚ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਹੁੰਦੀ ਹੈ ਤਾਂ ਉਹ ਅਵਾਜ਼ ਬੁਲੰਦ ਕਰਦੇ ਹਨ।
ਉਨਾਂ ਸਪੱਸ਼ਟ ਕੀਤਾ ਕਿ ਪਿਛਲੇ ਇੱਕ ਸਾਲ ਤੋਂ ਮੀਡੀਆ ਦੇ ਇੱਕ ਹਿੱਸੇ ਵਿੱਚ ਏਜੰਸੀਆਂ ਰਾਹੀਂ ਹਾਸੋਹੀਣੇ ਸਿਆਸੀ ਬਿਆਨ ਅਤੇ ਬੇਬੁਨਿਆਦ ਰਿਪੋਰਟਾਂ ਪ੍ਰਕਾਸ਼ਿਤ ਕਰਵਾਈਆਂ ਜਾ ਰਹੀਆਂ ਹਨ ਕਿ ਉਹ ਲੰਡਨ ਵਿਖੇ `2020 ( ਟੀਵੰਟੀ-ਟੀਵੰਟੀ) ਰੈਲੀ ਵਿੱਚ ਭਾਰਤ ਵਿਰੋਧੀ ਭਾਸ਼ਣ ਦਿੱਤਾ ਸੀ ਜੋ ਕਿ ਸਰਾਸਰ ਕੋਰਾ ਝੂਠ ਹੈ ਕਿਉਂਕਿ ਉਹ ਕਦੇਂ ਵੀ ਅਜਿਹੀ ਕਿਸੇ ਰੈਲੀ ਵਿੱਚ ਸ਼ਾਮਲ ਹੀ ਨਹੀਂ ਸਨ ਹੋਏ।

Leave a Reply

Your email address will not be published. Required fields are marked *