ਤਲਵਾਡ਼ਾ,21 ਅਪ੍ਰੈਲ {Dipak Thakur}-ਸਥਾਨਕ ਨਗਰ ਕੌਂਸਲ ‘ਚ ਪ੍ਰਧਾਨਗੀ ਨੂੰ ਲੈ ਕੇ ਕੌਂਸਲਰਾਂ ਅਤੇ ਪ੍ਰਧਾਨ ਵਿਚਾਲੇ ਚੱਲ ਰਹੇ ਰੇਡ਼ਕੇ ‘ਚ ਦਫ਼ਤਰੀ ਅਮਲਾ ਅਤੇ ਸਫ਼ਾਈ ਕਰਮਚਾਰੀ ਨਪੀਡ਼ੇ ਜਾ ਰਹੇ ਹਨ। ਮਾਮੂਲੀ ਮਾਣ ਭੱਤੇ ’ਤੇ ਕੰਮ ਕਰਦੇ ਸਫ਼ਾਈ ਕਰਮਚਾਰੀਆਂ ਨੂੰ ਪਿਛਲੇ ਮਹੀਨੇ ਦੀ ਤਨਖ਼ਾਹ ਨਹੀਂ ਮਿਲੀ, ਜਦਕਿ ਦੂਜਾ ਮਹੀਨਾ ਵੀ ਮੁਕੱਣ ’ਤੇ ਆ ਗਿਆ ਹੈ। ਤਨਖ਼ਾਹ ਨਾ ਮਿਲਣ ਕਾਰਨ ਸਫ਼ਾਈ ਕਰਮਚਾਰੀ ਹਡ਼ਤਾਲ ’ਤੇ ਚਲੇ ਗਏ ਹਨ। ਉਧਰ ਨਗਰ ਕੌਂਸਲ ਦੀ ਪ੍ਰਧਾਨਗੀ ਨੂੰ ਲੈ ਅੱਜ ਬਾਗੀ ਕੌਂਸਲਰਾਂ ਨੇ ਪ੍ਰੈਸ ਮੀਟਿੰਗ ਕੀਤੀ। ਮੀਟਿੰਗ ‘ਚ ਮੌਜ਼ੂਦ ਅੱਠ ਕੌਂਸਲਰਾਂ ਨੇ ਪ੍ਰਧਾਨ ਮੋਨਿਕਾ ਸ਼ਰਮਾ ’ਤੇ ਮੁਲਾਜ਼ਮਾਂ ਦੀਆਂ ਤਨਖਾਹਾਂ ਰੋਕਣ ਅਤੇ ਸ਼ਹਿਰ ਦੇ ਵਿਕਾਸ ਕਾਰਜ ਠੱਪ ਕਰਨ ਦੇ ਦੋਸ਼ ਲਗਾਏ। ਮੀਡੀਆ ਨਾਲ ਗੱਲਬਾਤ ਕਰਦਿਆਂ ਕੌਂਸਲਰ ਜੋਗਿੰਦਰ ਪਾਲ ਛਿੰਦਾ ਨੇ ਕਿਹਾ ਕਿ ਬਹੁਗਿਣਤੀ ਕੌਂਸਲਰਾਂ ਵੱਲੋਂ ਪ੍ਰਧਾਨ ਮੋਨਿਕਾ ਸ਼ਰਮਾ ਖ਼ਿਲਾਫ਼ ਬੇਭਰੋਸਗੀ ਮਤਾ ਪਾਇਆ ਗਿਆ ਸੀ, ਮਾਮਲਾ ਅਦਾਲਤ ‘ਚ ਹੋਣ ਅਤੇ ਉਪ ਪ੍ਰਧਾਨ ਦੀ ਚੋਣ ਨਾ ਹੋਣ ਕਾਰਨ ਸ਼ਹਿਰ ਦੇ ਵਿਕਾਸ ਕਾਰਜ ਤੇ ਮੁਲਾਜ਼ਮਾਂ ਦੀਆਂ ਤਨਖਾਹਾਂ ਰੁਕ ਗਈਆਂ ਹਨ। ਕੌਂਸਲਰ ਦੀਪਕ ਅਰੋਡ਼ ਉਰਫ਼ ਸੰਨੀ ਤੇ ਤਰਨਜੀਤ ਬੌਬੀ ਨੇ ਦੱਸਿਆ ਕਿ ਕੌਂਸਲਰਾਂ ਦੀ ਬੇਨਤੀ ’ਤੇ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਨੇ ਉਪ ਪ੍ਰਧਾਨ ਦੀ ਚੋਣ ਲਈ ਬੀਤੇ ਮਹੀਨੇ ਦੀ 22 ਤਾਰੀਕ ਨੂੰ ਐਸਡੀਐਮ ਮੁਕੇਰੀਆਂ ਨੂੰ ਪਿੱਠ ਅੰਕਣ 552/ ਐਮ. ਏ.- 2/ ਐਸ.ਸੀ. 5 ਜਾਰੀ ਕਰ ਕਨਵੀਨਰ ਨਿਯੁਕਤ ਕਰਕੇ ਨਿਯਮਾਂ ਅਨੁਸਾਰ ਚੋਣ ਕਰਵਾਉਣ ਦੀ ਹਦਾਇਤ ਕੀਤੀ ਸੀ। ਪਰ ਅਜੇ ਤੱਕ ਉਪ ਪ੍ਰਧਾਨ ਦੀ ਚੋਣ ਦਾ ਅਮਲ ਪੂਰਾ ਨਹੀਂ ਕੀਤਾ ਜਾ ਸਕਿਆ। ਬਾਗੀ ਕੌਂਸਲਰਾਂ ਨੇ ਜ਼ਿਲ੍ਹਾ ਪ੍ਰਸ਼ਾਸਨ ਅਤੇ ਹਲ਼ਕਾ ਦਸੂਹਾ ਵਿਧਾਇਕ ਐਡ.ਕਰਮਵੀਰ ਘੁੰਮਣ ਨੂੰ ਉਪ ਪ੍ਰਧਾਨ ਦੀ ਚੋਣ ਜ਼ਲਦ ਕਰਵਾਉਣ ਜਾਂ ਫ਼ਿਰ ਪ੍ਰਬੰਧਕ ਲਾਉਣ ਦੀ ਮੰਗ ਕੀਤੀ ਹੈ। ਦਸਣਯੋਗ ਹੈ ਕਿ 13 ਮੈਂਬਰੀ ਨਗਰ ਕੌਂਸਲ ਤਲਵਾਡ਼ਾ ‘ਚ 12 ਕਾਂਗਰਸ ਅਤੇ ਇੱਕ ਭਾਜਪਾ ਦਾ ਮੈਂਬਰ ਹੈ।
ਨਗਰ ਕੌਂਸਲ ਤਲਵਾਡ਼ਾ ਦੀ ਪ੍ਰਧਾਨ ਮੋਨਿਕਾ ਸ਼ਰਮਾ ਨੇ ਸ਼ਹਿਰ ‘ਚ ਠੱਪ ਏ ਵਿਕਾਸ ਕਾਰਜਾਂ ਅਤੇ ਮੁਲਾਜ਼ਮਾਂ ਦੀਆਂ ਰੁਕੀਆਂ ਤਨਖ਼ਾਹਾਂ ਦਾ ਸਾਰਾ ਠਿਕਰਾ ਕਾਰਜਸਾਧਕ ਅਫ਼ਸਰ ਸਿਮਰਨ ਜੀਤ ਸਿੰਘ ਢੀਂਢਸਾ ਅਤੇ ਬਾਗੀ ਕੌਂਸਲਰਾਂ ਦੇ ਸਿਰ ਭੰਨਿਆ। ਪ੍ਰਧਾਨਗੀ ਦੇ ਅਹੁਦੇ ਲਈ ਇੱਕ ਵਾਰ ਬਹੁਮਤ ਸਾਬਤ ਕਰਨਾ ਹੁੰਦਾ ਹੈ, ਅਦਾਲਤ ਵੱਲੋਂ ਵੀ ਉਨ੍ਹਾਂ ਨੂੰ ਸਟੇਅ ਮਿਲਿਆ ਹੋਇਆ ਹੈ। ਪ੍ਰਧਾਨ ਸ਼ਰਮਾ ਨੇ ਕਿਹਾ ਕਿ ਕਾਰਜਸਾਧਕ ਅਫ਼ਸਰ ਢੀਂਢਸਾ ਪਿਛਲੇ ਤਿੰਨ ਮਹੀਨਿਆਂ ਤੋਂ ਦਫ਼ਤਰ ਨਹੀਂ ਵਡ਼ੇ, ਸਾਰੇ ਕੰਮ ਪੈਂਡਿੰਗ ਪਏ ਹੋਏ ਹਨ। ਹਾਲਾਂਕਿ ਇਸ ਸਬੰਧੀ ਉਨ੍ਹਾਂ ਕੋਈ ਵੀ ਲਿਖਤੀ ਸ਼ਿਕਾਇਤ ਉੱਚ ਅਧਿਕਾਰੀਆਂ ਨਹੀਂ ਕੀਤੀ।
ਕਾਰਜਸਾਧਕ ਅਫ਼ਸਰ ਸਿਮਰਨਜੀਤ ਸਿੰਘ ਢੀਂਢਸਾ ਪੱਖ ਜਾਨਣ ਲਈ ਸੰਪਰਕ ਕੀਤਾ ਗਿਆ, ਪਰ ਕਈ ਵਾਰ ਫੋਨ ਕਰਨ ਦੇ ਬਾਵਜੂਦ ਉਨ੍ਹਾਂ ਫੋਨ ਨਹੀਂ ਚੁੱਕਿਆ।