ਪੈਰਿਸ 16 ਮਈ ( ਭੱਟੀ ਫਰਾਂਸ ) ਫਰਾਂਸ ਤੋਂ ਸਿੱਖ ਅਕੈਡਮੀ ਦੇ ਮੁਖੀ ਗੁਰਦਿਆਲ ਸਿੰਘ ਖਾਲਸਾ , ਭਾਈ ਜਸਵਿੰਦਰ ਸਿੰਘ ਪਾਸਲਾ , ਸੁਖਵੀਰ ਸਿੰਘ ਕੰਗ , ਰਾਜਵੀਰ ਸਿੰਘ ਤੁੰਗ , ਰਾਮ ਸਿੰਘ ਮੈਗੜਾ , ਬਲਵਿੰਦਰ ਸਿੰਘ ਕੇ.ਵੀ.ਸਾਗਰ , ਅਜੀਤ ਲੰਬੜ , ਬਲਵਿੰਦਰ ਸਿੰਘ ਥਿੰਦ , ਇਕਬਾਲ ਸਿੰਘ ਭੱਟੀ , ਟੋਨੀ ਭੋਲੱਥ ਆਦਿ ਨੇ ਬੈਲਜੀਅਮ ਤੋਂ ਕੌਮੀ ਸੇਵਕ ਜਗਦੀਸ਼ ਸਿੰਘ ਭੂਰਾ ਦੀ ਬੇਵਕਤੀ ਮੌਤ ਉੱਪਰ ਦੁੱਖ ਦਾ ਇਜਹਾਰ ਕਰਦੇ ਹੋਏ ਕਿਹਾ ਕਿ ਸਾਨੂੰ ਭੂਰਾ ਜੀ ਦੇ ਇਸ ਫਾਨੀ ਸੰਸਾਰ ਤੋਂ ਚਲੇ ਜਾਣ ਦਾ ਬਹੁਤ ਗਹਿਰਾ ਸਦਮਾ ਪਹੁੰਚਿਆ ਹੈ |
ਗੁਰਬਾਣੀ ਦੀ ਤੁਕ ਮੁਤਾਬਿਕ ਜੇਹਾ ਚੀਰੀ ਲਿਖਿਆ ਤੇਹਾ ਹੁਕਮੁ ਕਮਾਹਿ ॥ ਘਲੇ ਆਵਹਿ ਨਾਨਕਾ ਸਦੇ ਉਠੀ ਜਾਹਿ ॥ ਦੇ ਮਹਾਂਵਾਕਿ ਅਨੁਸਾਰ ਜਗਦੀਸ਼ ਸਿੰਘ ਜੀ ਭੂਰਾ ਆਪਣੇ ਸਵਾਸਾਂ ਦੀ ਪੂੰਜੀ ਨੂੰ ਖਤਮ ਕਰਦੇ ਹੋਏ ਉਸ ਅਕਾਲ ਪੁਰਖ ਦੇ ਚਰਨਾਂ ਵਿੱਚ ਜਾ ਬਿਰਾਜੇ ਹਨ | ਵੈਸੇ ਭੂਰਾ ਜੀ ਪੰਜਾਬ ਨੂੰ ਭਾਰਤ ਦੀ ਗੁਲਾਮੀ ਤੋ ਅਜ਼ਾਦ ਕਰਾਉਣ ਲਈ ਚੱਲ ਰਹੇ ਅਜ਼ਾਦੀ ਦੇ ਸੰਘਰਸ਼ ਵਿੱਚ ਅਹਿਮ ਰੋਲ ਨਿਭਾਅ ਰਹੇ ਸਨ ਤੇ ਪਿਛਲੇ ਕੁਝ ਸਮੇਂ ਤੋਂ ਉਹ ਕੈਂਸਰ ਵਰਗੀ ਨਾਮੁਰਾਦ ਬਿਮਾਰੀ ਨਾਲ ਜੂਝ ਰਹੇ ਸਨ । ਜਗਦੀਸ਼ ਸਿੰਘ ਭੂਰਾ ਸਿੱਖ ਕੌਮ ਦੇ ਅਜਾਦ ਘਰ ਦੀ ਜੰਗੇ ਅਜਾਦੀ ਵਿੱਚ ਬੈਲਜੀਅਮ ਦੀ ਧਰਤੀ ਤੋ ਮੂਹਰਲੀ ਕਤਾਰ ਵਿੱਚ ਖੜ੍ਹ ਕੇ ਆਪਣਾ ਯੋਗਦਾਨ ਪਾਉਂਦਾ ਰਿਹਾ ਹੈ ਅੱਜ ਇਸ ਕੌਮੀ ਸੇਵਕ ਦੇ ਤੁਰ ਜਾਣ ਨਾਲ ਸਿੱਖ ਕੌਮ ਨੂੰ ਕਦੇ ਵੀ ਪੂਰਾ ਨਾ ਹੋਣ ਵਾਲਾ ਬਹੁਤ ਵੱਡਾ ਘਾਟਾ ਪਿਆ ਹੈ । ਜਥੇਦਾਰ ਗੁਰਦਿਆਲ ਸਿੰਘ ਨੇ ਕਿਹਾ ਕਿ ਸਾਡੇ ਸਾਰਿਆਂ ਵਲੋਂ ਉਸ ਅਕਾਲ ਪੁਰਖ ਦੇ ਚਰਨਾ ਵਿੱਚ ਅਰਦਾਸ ਬੇਨਤੀ ਕੀਤੀ ਜਾਂਦੀ ਹੈ ਕਿ ਪਰਮਾਤਮਾ ਭੂਰਾ ਜੀ ਦੀ ਵਿਛੁੜੀ ਹੋਈ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਦੇਵੇ ਤੇ ਪਿੱਛੇ ਉਸਦੇ ਪਰਿਵਾਰ ਤੇ ਸਾਥੀਆਂ ਨੂੰ ਪ੍ਰਮਾਤਮਾਂ ਦਾ ਭਾਣਾ ਮੀਠਾ ਕਰਕੇ ਮੰਨਣ ਦਾ ਬਲ ਬਖਸ਼ੇ ।





