ਤਲਵਾਡ਼ਾ,5 ਜੂਨ (ਦੀਪਕ ਠਾਕੁਰ)-ਇੱਥੇ ਨੇਡ਼ਲੇ ਨੀਮ ਪਹਾਡ਼ੀ ਪਿੰਡ ਸੁਖਚੈਨਪੁਰ ‘ਚ ਪਹਾਡ਼ੀਆਂ ਦੀ ਕੀਤੀ ਜਾ ਰਹੀ ਅੰਨ੍ਹਾਂਧੁੰਦ ਪੁਟਾਈ ਨੇ ‘ਆਪ’ ਸਰਕਾਰ ਦੇ ਨਾਜਾਇਜ਼ ਮਾਈਨਿੰਗ ’ਤੇ ਨਕੇਲ ਕੱਸਣ ਦੇ ਦਾਅਵਿਆਂ ਦੀ ਫੂਕ ਕੱਢ ਦਿੱਤੀ ਹੈ। ਮਾਈਨਿੰਗ ਵਿਭਾਗ ਸੁਖਚੈਨਪੁਰ ‘ਚ ਕੀਤੇ ਜਾ ਰਹੇ ਖਣਨ ਤੋਂ ਬੇਖ਼ਬਰ ਹੈ। ਉਂਝ ਬਲਾਕ ਤਲਵਾਡ਼ਾ ਵਿੱਚ ਸਰਕਾਰ ਵੱਲੋਂ ਕੋਈ ਵੀ ਖੱਡ ਅਲਾਟ ਨਹੀਂ ਕੀਤੀ ਹੋਈ ਹੈ। ਕੰਢੀ ਖ਼ੇਤਰ ‘ਚ ਫਾਇਰ ਸੀਜ਼ਨ ਹੋਣ ਕਾਰਨ ਦਰੱਖਤਾਂ ਦੀ ਕਟਾਈ ’ਤੇ ਰੋਕ ਲੱਗੀ ਹੋਈ ਹੈ, ਪਰ ਕਰੱਸ਼ਰ ਮਾਲਕ ਨੰਗੇ ਚਿੱਟੇ ਦਿਨ ਪਹਾਡ਼ਾਂ ਦੀ ਕਟਾਈ ਕਰਕੇ ਰੋਜ਼ਾਨਾ ਸੈਂਕਡ਼ੇ ਦਰੱਖਤ ਪੁੱਟ ਅਤੇ ਜੰਗਲੀ ਜੀਵਾਂ ਦੇ ਆਸ਼ਿਆਨੇ ਤਬਾਹ ਕਰਕੇ ਵਾਤਾਵਰਣ ਨੂੰ ਨੁਕਸਾਨ ਪਹੁੰਚਾ ਰਿਹਾ ਹੈ। ਜੰਗਲਾਤ ਵਿਭਾਗ ਉਕਤ ਰੱਕਬਾ ਜੰਗਲਾਤ ਐਕਟ ਦੀ ਦਫ਼ਾ 4 ਅਤੇ 5 ਤੋਂ ਬਾਹਰ ਹੋਣ ਦਾ ਹਵਾਲਾ ਦੇ ਕੇ ਆਪਣੀ ਜਿੰਮੇਵਾਰੀ ਤੋਂ ਸੁਰਖਰੂ ਹੋ ਗਿਆ ਹੈ। ਪਿੰਡ ਭੋਲ ਬਦਮਾਣੀਆਂ ਦੇ ਮੁੱਹਲਾ ਹਰਡ਼ਵਾਡ਼ਾ ਦੇ ਨੌਜਵਾਨ ਕਾਰਜ਼ਕਰਤਾ ਨੀਰਜ਼ ਸ਼ਰਮਾ ਨੇ ਦੱਸਿਆ ਕਿ ਪੰਜਾਬ ’ਚ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ‘ਆਪ’ ਸਰਕਾਰ ਨੇ ਨਵੀਂ ਮਾਈਨਿੰਗ ਪਾਲਿਸੀ ਆਉਣ ਤੱਕ ਗੈਰ ਕਾਨੂੰਨੀ ਮਾਈਨਿੰਗ ’ਤੇ ਰੋਕ ਲਾਉਣ ਦਾ ਦਾਅਵਾ ਕੀਤਾ ਸੀ, ਪਰ ਅਸਲ ਹਕੀਕਤ ਇਹ ਹੈ ਕਿ ਬਲਾਕ ਤਲਵਾਡ਼ਾ ‘ਚ ਸਾਰੇ ਸਟੋਨ ਕਰੱਸ਼ਰ ਮੁਡ਼ ਚਾਲੂ ਹੋ ਗਏ ਹਨ, ਉਨ੍ਹਾਂ ਦੀ ਰਿਹਾਇਸ਼ ਸਾਹਮਣੇ ਸਥਿਤ ਸਟੋਨ ਕਰੱਸ਼ਰ ਵੱਲੋਂ ਪਹਾਡ਼ੀਆਂ ਨੂੰ ਪੁੱਟਿਆ ਜਾ ਰਿਹਾ ਹੈ। ਅੱਤ ਦੀ ਪੈ ਰਹੀ ਗਰਮੀ ‘ਚ ਨੀਮ ਪਹਾਡ਼ੀ ਪਿੰਡਾਂ ਦੇ ਲੋਕਾਂ ਨੂੰ ਪੀਣ ਵਾਲਾ ਪਾਣੀ ਨਸੀਬ ਨਹੀਂ ਹੋ ਰਿਹਾ, ਦੂਜੇ ਪਾਸੇ ਕਰੱਸ਼ਰ ਮਾਲਕ ਡੂੰਘੇ ਟਿਊਬਵੈੱਲ ਕੱਢ ਰੋਜ਼ਾਨਾ ਹਜ਼ਾਰਾਂ ਲੀਟਰ ਪਾਣੀ ਰੇਤਾ, ਬੱਜਰੀ ਆਦਿ ਨੂੰ ਸਾਫ਼ ਕਰਨ ‘ਚ ਅਜਾਈਂ ਗਵਾ ਰਹੇ ਹਨ।
ਮਾਈਨਿੰਗ ਵਿਭਾਗ ਦੇ ਜੇਈ ਅਜੇ ਪਾਂਡੇ ਨੇ ਸੁਖਚੈਨਪੁਰ ਵਿਖੇ ਪਹਾਡ਼ੀਆਂ ਦੀ ਕੀਤੀ ਜਾ ਰਹੀ ਪੁਟਾਈ ਤੋਂ ਅਣਜਾਣਤਾ ਪ੍ਰਗਟਾਈ ਹੈ। ਭਲਕੇ ਐਸਡੀਓ ਤੋਂ ਜਾਂਚ ਕਰਵਾਉਣ ਦੀ ਗੱਲ ਆਖੀ ਹੈ।





