ਤਲਵਾਡ਼ਾ,5 ਜੂਨ (ਦੀਪਕ ਠਾਕੁਰ)-ਲੰਘੀਆਂ ਪੰਜਾਬ ਵਿਧਾਨ ਸਭਾ ਚੋਣਾਂ ‘ਚ ਆਮ ਆਦਮੀ ਪਾਰਟੀ ਨੇ ਸਰਕਾਰ ਬਣਨ ’ਤੇ ਹਰ ਮਹਿਲਾ ਨੂੰ ਇੱਕ ਹਜ਼ਾਰ ਰੁਪਏ ਦੇਣ ਦਾ ਐਲਾਨ ਕੀਤਾ ਸੀ। ਜਿਸ ਤਹਿਤ ਇੱਕ ਨੌਜਵਾਨ ਕਸਬਾ ਦਾਤਾਰਪੁਰ ਅਧੀਨ ਆਉਂਦੇ ਪਿੰਡ ਰੱਕਡ਼ੀ ‘ਚ ‘ਆਪ’ ਸਰਕਾਰ ਵੱਲੋਂ ਹਰ ਮਹਿਲਾ ਨੂੰ ਹਜ਼ਾਰ ਰੁਪਏ ਦੇਣ ਸਬੰਧੀ ਮੁਫ਼ਤ ‘ਚ ਫ਼ਾਰਮ ਭਰ ਰਿਹਾ ਸੀ। ਇਹ ਖ਼ਬਰ ਜੰਗਲ ਦੀ ਅੱਗ ਵਾਂਗ ਨੇਡ਼ਲੇ ਪਿੰਡਾਂ ‘ਚ ਫ਼ੈਲ ਗਈ। ਇਸ ਦੀ ਭਿਨਕ ਸਥਾਨਕ ‘ਆਪ’ ਵਾਲੰਟੀਅਰਾਂ ਨੂੰ ਵੀ ਪਈ। ਸਰਕਾਰ ਦੀ ਬਦਨਾਮੀ ਦੇ ਡਰੋਂ ‘ਆਪ’ ਦੇ ਵਪਾਰ ਮੰਡਲ ਪ੍ਰਧਾਨ ਬੌਬੀ ਕੌਸ਼ਲ, ਸਰਕਲ ਇੰਚਾਰਜ ਪ੍ਰੇਮ ਲਾਲ, ਵਾਲੰਟੀਅਰ ਸੋਹਨ ਲਾਲ, ਅਜੈ ਕੁਮਾਰ ਆਦਿ ਤੁਰੰਤ ਹੀ ਪਿੰਡ ਰੱਕਡ਼ੀ ਪੱੁਜੇ। ਉਨ੍ਹਾਂ ਮੁਫ਼ਤ ‘ਚ ਫਾਰਮ ਭਰ ਰਹੇ ਨੌਜਵਾਨ ਜਿਸ ਦੀ ਪਛਾਣ ਸ਼ਕਤੀ ਕਸ਼ਿਅਪ ਪੁੱਤਰ ਦਵਿੰਦਰ ਪਾਲ ਵਾਸੀ ਕਾਲਾ ਮੰਝ ਵਾਰਡ ਨੰਬਰ 2 ਮੁਕੇਰੀਆਂ ਵਜੋਂ ਹੋਈ, ਜੋ ਥਾਣਾ ਹਾਜੀਪੁਰ ਦੇ ਨਜ਼ਦੀਕ ਕੈਫ਼ੇ ਚਲਾਉਂਦਾ ਹੈ, ਅਤੇ ਜਿਸ ਕੋਲ਼ੋ ‘ਆਪ’ ਦਾ ਸ਼ਨਾਖ਼ਤੀ ਕਾਰਡ ਵੀ ਮਿਲਿਆ ਹੈ, ਨਾਲ ਡੂੰਘਾਈ ‘ਚ ਪੁੱਛ ਪਡ਼ਤਾਲ ਕੀਤੀ। ਉਕਤ ਨੌਜਵਾਨ ਦੀ ਵੀਡਿਓ ਬਣਾ ਕੇ ਸੋਸ਼ਲ ਮੀਡੀਆ ’ਤੇ ਵਾਇਰਲ ਕਰ ਦਿੱਤੀ ਤਾਂ ਜੋ ਕੰਢੀ ਖ਼ੇਤਰ ਦੇ ਲੋਕ ਗੁੰਮਰਾਹਕੁੰਨ ਪ੍ਰਚਾਰ ਤੋਂ ਬਚ ਸਕਣ। ਉਪਰੰਤ ‘ਆਪ’ ਵਾਲੰਟੀਅਰਾਂ ਨੇ ਉਕੱਤ ਨੌਜਵਾਨ ਨੂੰ ਤਲਵਾਡ਼ਾ ਪੁਲੀਸ ਹਵਾਲੇ ਕਰ ਦਿੱਤਾ। ਉੱਧਰ ਵਪਾਰ ਮੰਡਲ ਪ੍ਰਧਾਨ ਬੌਬੀ ਕੌਸ਼ਲ ਨੇ ਕਿਹਾ ‘ਆਪ’ ਸਰਕਾਰ ਨੇ ਸੂਬੇ ਦੀਆਂ ਮਹਿਲਾਵਾਂ ਨੂੰ ਇੱਕ ਹਜ਼ਾਰ ਰੁਪਏ ਪ੍ਰਤੀ ਮਹੀਨਾ ਦੇਣ ਦਾ ਚੋਣ ਵਾਅਦਾ ਤਾਂ ਜਰੂਰ ਕੀਤਾ ਹੈ, ਪਰ ਅਜੇ ਤੱਕ ਕਿਸੇ ਵੀ ਕਿਸਮ ਦਾ ਕੋਈ ਵੀ ਫਾਰਮ ਸਰਕਾਰ ਵੱਲੋਂ ਨਹੀਂ ਭਰਿਆ ਜਾ ਰਿਹਾ ਹੈ। ਉਨ੍ਹਾਂ ਲੋਕਾਂ ਨੂੰ ਗੁੰਮਰਾਹਕੁੰਨ ਪ੍ਰਚਾਰ ਤੋਂ ਬਚਣ ਦੀ ਅਪੀਲ ਕੀਤੀ ਹੈ।
ਥਾਣਾ ਤਲਵਾਡ਼ਾ ਮੁਖੀ ਹਰਗੁਰਦੇਵ ਸਿੰਘ ਨੇ ਕਿਹਾ ਕਿ ਉਕਤ ਨੌਜਵਾਨ ਨੇ ਪਿੰਡ ਰੱਕਡ਼ੀ ‘ਚ ਫਾਰਮ ਭਰਨ ਬਦਲੇ ਕਿਸੇ ਕੋਲੋਂ ਕੋਈ ਪੈਸਾ ਨਹੀਂ ਲਿਆ ਸੀ, ਪਿੰਡ ‘ਚ ਬਕਾਇਦਾ ਪੁਲੀਸ ਵੱਲੋਂ ਦਰਿਆਫ਼ਤ ਕਰਵਾਈ ਗਈ ਸੀ, ਜਿਸ ਕਰਕੇ ਉਸਨੂੰ ਤਾਡ਼ਨਾ ਦੇ ਕੇ ਛੱਡ ਦਿੱਤਾ ਗਿਆ।





