*ਸਰਕਾਰ ਦੇ ਫੈਸਲੇ ਖ਼ਿਲਾਫ਼ ਕੰਢੀ ਦੇ ਲੋਕ ਹੋਏ ਇੱਕਜੁਟ, ਆਬਾਦਕਾਰ ਸੰਘਰਸ਼ ਕਮੇਟੀ ਦਾ ਕੀਤਾ ਗਠਨ*

Uncategorized
Spread the love

ਤਲਵਾਡ਼ਾ,5 ਜੂਨ (ਦੀਪਕ ਠਾਕੁਰ)-ਪੰਜਾਬ ਸਰਕਾਰ ਵੱਲੋਂ ਪੰਚਾਇਤੀ ਜ਼ਮੀਨਾਂ ਖਾਲੀ ਕਰਵਾਉਣ ਦੀ ਵਿੱਢੀ ਮੁਹਿੰਮ ਖ਼ਿਲਾਫ਼ ਨੀਮ ਪਹਾਡ਼ੀ ਕਸਬਾ ਕਮਾਹੀ ਦੇਵੀ ਵਿਖੇ ਕਰੀਬ ਇੱਕ ਦਰਜਨ ਪਿੰਡਾਂ ਦੇ ਮੋਹਤਬਰਾਂ ਦੀ ਮੀਟਿੰਗ ਹੋਈ। ਮੀਟਿੰਗ ਦੀ ਪ੍ਰਧਾਨਗੀ ਯਸ਼ਪਾਲ ਸਿੰਘ ਉਰਫ਼ ਕਾਕਾ ਨੱਥੂਵਾਲ ਨੇ ਕੀਤੀ। ਕਮਿਊਨਿਟੀ ਹਾਲ ਬਹਿ ਨੰਗਲ ਵਿਖੇ ਹੋਈ ਮੀਟਿੰਗ ‘ਚ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਜ਼ਿਲ੍ਹਾ ਜਨ ਸਕੱਤਰ ਰਜਿੰਦਰ ਸਿੰਘ ਤੇ ਖਣਨ ਰੋਕੋ ਜ਼ਮੀਨ ਬਚਾਓ ਸੰਘਰਸ਼ ਕਮੇਟੀ ਹਾਜੀਪੁਰ ਤੋਂ ਦੀਪਕ ਕੁਮਾਰ ਸ਼ਾਮਲ ਹੋਏ। ਮੀਟਿੰਗ ‘ਚ ਸ਼ਾਮਲ ਕਸਬਾ ਕਮਾਹੀ ਦੇਵੀ ਨੇਡ਼ਲੇ ਪਿੰਡਾਂ ਦੇ ਵੱਡੀ ਗਿਣਤੀ ਲੋਕਾਂ ਨੇ ਪੰਜਾਬ ਸਰਕਾਰ ਦੇ ਫੈਸਲੇ ’ਤੇ ਨਾਰਾਜ਼ਗੀ ਜ਼ਾਹਿਰ ਕਰਦਿਆਂ ਕਿਹਾ ਕਿ ਕੰਢੀ ਖੇਤਰ ‘ਚ ਬਹੁਗਿਣਤੀ ਲੋਕਾਂ ਕੋਲ਼ ਗੁਜ਼ਾਰੇ ਯੋਗ ਜ਼ਮੀਨਾਂ ਵੀ ਨਹੀਂ ਹਨ, ਪਿਛਲੇ ਕਈ ਦਹਾਕਿਆਂ ਤੋਂ ਲੋਕ ਸ਼ਾਮਲਾਤ ਜ਼ਮੀਨਾਂ ਨੂੰ ਆਬਾਦ ਕਰਕੇ ਆਪਣਾ ਗੁਜ਼ਰ ਬਸਰ ਕਰ ਰਹੇ ਹਨ। ਹੁੱਣ ਸਰਕਾਰ ਨਾਦਰਸ਼ਾਹੀ ਫ਼ੁਰਮਾਨ ਜ਼ਾਰੀ ਕਰ ਆਬਾਦ ਕੀਤੀਆਂ ਜ਼ਮੀਨਾਂ ਖੋਹਣ ਜਾ ਰਹੀ ਹੈ, ਸਰਕਾਰ ਦੇ ਫੈਸਲੇ ਪ੍ਰਤੀ ਖ਼ੇਤਰ ਦੇ ਲੋਕਾਂ ‘ਚ ਭਾਰੀ ਰੋਸ ਹੈ। ਹਾਜ਼ਰ ਲੋਕਾਂ ਨੇ ਸਰਕਾਰ ਦੇ ਧੱਕੇ ਖ਼ਿਲਾਫ਼ ਡੱਟਣ, ਵਿਰੋਧ ਕਰਨ ਅਤੇ ਜਿੱਤ ਦੇ ਅੰਜ਼ਾਮ ਤੱਕ ਸੰਘਰਸ਼ ਕਰਨ ਦਾ ਐਲਾਨ ਕੀਤਾ। ਇਸ ਮੌਕੇ ਆਬਾਦਕਾਰ ਸੰਘਰਸ਼ ਕਮੇਟੀ ਦਾ ਗਠਨ ਕਰ ਯਸ਼ਪਾਲ ਸਿੰਘ ਉਰਫ਼ ਕਾਕਾ ਨੱਥੂਵਾਲ ਨੂੰ ਐਡਹਾਕ ਕਮੇਟੀ ਦਾ ਸਰਬਸਮੰਤੀ ਨਾਲ ਪ੍ਰਧਾਨ ਚੁਣਿਆ। 21 ਮੈਂਬਰੀ ਐਡਹਾਕ ਕਮੇਟੀ ‘ਚ ਮਾਸਟਰ ਮੁਖ਼ਤਿਆਰ ਸਿੰਘ ਦੀ ਜਨਰਲ ਸਕੱਤਰ, ਸੋਨੀਆ ਦੇਵੀ ਦੀ ਸੀਨੀਅਰ ਮੀਤ ਪ੍ਰਧਾਨ, ਊਸ਼ਾ ਦੇਵੀ ਦੀ ਮੀਤ ਪ੍ਰਧਾਨ, ਅਤੇ ਦੀਪਕ ਠਾਕੁਰ ਦੀ ਸਹਾਇਕ ਜਨ ਸਕੱਤਰ ਵਜੋਂ ਚੋਣ ਕੀਤੀ ਗਈ। ਜ਼ਮਹੂਰੀ ਕਿਸਾਨ ਸਭਾ ਇਕਾਈ ਮੁਕੇਰੀਆਂ ਦੇ ਆਗੂ ਸਵਰਨ ਸਿੰਘ ਤੇ ਅਮਰਜੀਤ ਸਿੰਘ ਕਾਨੂੰਗੋ ਅਤੇ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ,ਪੰਜਾਬ ਦੇ ਸੂਬਾ ਜਨਰਲ ਸਕੱਤਰ ਧਰਮਿੰਦਰ ਸਿੰਘ ਸਿੰਬਲੀ ਨੇ ਸਿੰਘ ਨੇ ਆਬਾਦਕਾਰ ਸੰਘਰਸ਼ ਕਮੇਟੀ ਦੇ ਸੰਘਰਸ਼ ਦਾ ਪੂਰਨ ਤੌਰਤੇ ਸਮਰਥਨ ਕੀਤਾ ਹੈ। ਆਗੂਆਂ ਨੇ ਕੰਢੀ ਦੇ ਲੋਕਾਂ ਦੇ ਸੰਘਰਸ਼ ‘ਚ ਆਪਣਾ ਬਣਦੀ ਆਗੂ ਭੂਮਿਕਾ ਨਿਭਾਉਣ ਦੀ ਗੱਲ ਕਹੀ ਹੈ। ਹੋਰਨਾਂ ਤੋਂ ਇਲਾਵਾ ਇਸ ਮੌਕੇ ਰਣਧੀਰ ਸਿੰਘ ਬਹਿਰੰਗਾ, ਜਨਮਜੀਤ ਸਿੰਘ ਬਹਿ ਚੂਹਡ਼, ਕ੍ਰਿਸ਼ਨ ਦੇਵ, ਪੰਚਾਇਤ ਮੈਂਬਰ ਮੱਸਿਆ ਦੇਵੀ, ਆਦਿ ਹਾਜਰ ਸਨ।

Leave a Reply

Your email address will not be published. Required fields are marked *