*ਕੇਂਦਰ ਦੀ ਅਗਨੀਪਥ ਯੋਜਨਾਂ ਖ਼ਿਲਾਫ਼ ਤਲਵਾਡ਼ਾ ‘ਚ ਨੌਜਵਾਨਾਂ ਦਾ ਗੁੱਸਾ ਫੁੱਟਿਆ*

पंजाब
Spread the love

ਤਲਵਾਡ਼ਾ,17 ਜੂਨ(ਦੀਪਕ ਠਾਕੁਰ)-ਕੇਂਦਰ ਸਰਕਾਰ ਵੱਲੋਂ ਹਥਿਆਰਬੰਦ ਬਲਾਂ ‘ਚ ਭਰਤੀ ਲਈ ਐਲਾਨੀ ਅਗਨੀਪਥ ਯੋਜਨਾ ਖ਼ਿਲਾਫ਼ ਦੇਸ਼ ਦੇ ਵੱਖ ਵੱਖ ਹਿੱਸਿਆਂ ‘ਚ ਨੌਜਵਾਨ ਰੋਸ ਪ੍ਰਦਰਸ਼ਨ ਕਰ ਰਹੇ ਹਨ। ਅੱਜ ਤਲਵਾਡ਼ਾ ‘ਚ ਵੀ ਵੱਡੀ ਗਿਣਤੀ ਨੌਜਵਾਨ ਮਹਾਰਾਣਾ ਪ੍ਰਤਾਪ ਚੌਂਕ ਨਜ਼ਦੀਕ ਇਕੱਠੇ ਹੋਏ। ਕੰਢੀ ਦੇ ਵੱਖ ਵੱਖ ਪਿੰਡਾਂ ‘ਚੋਂ ਸੈਂਕਡ਼ੇ ਨੌਜਵਾਨਾਂ ‘ਚ ਫ਼ੌਜ ਦੀ ਭਰਤੀ ਦਾ ਫਿਜ਼ੀਕਲ ਟੈਸਟ ਪਾਸ ਅਤੇ ਲਿਖਤੀ ਪ੍ਰੀਖਿਆ ਦਾ ਇੰਤਜ਼ਾਰ ਕਰ ਰਹੇ ਨੌਜਵਾਨ ਵੀ ਸ਼ਾਮਲ ਹੋਏ। ਇਕੱਤਰ ਨੌਜਵਾਨਾਂ ਨੇ ਫੈਸਲੇ ਦੇ ਵਿਰੋਧ ‘ਚ ਕੇਂਦਰ ਸਰਕਾਰ ਖ਼ਿਲਾਫ਼ ਜੰਮ ਕੇ ਨਾਅਰੇਬਾਜੀ ਕੀਤੀ। ਜ਼ਮਹੂਰੀ ਕਿਸਾਨ ਸਭਾ ਪੰਜਾਬ ਅਤੇ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ,ਪੰਜਾਬ ਨੇ ਨੌਜਵਾਨਾਂ ਦੇ ਰੋਸ ਪ੍ਰਦਰਸ਼ਨ ਦਾ ਪੂਰਨ ਸਮਰਥਨ ਕੀਤਾ ਹੈ। ਰੋਸ ਪ੍ਰਦਰਸ਼ਨ ‘ਚ ਵਿਸ਼ੇਸ਼ ਤੌਰਤੇ ਪਹੁੰਚੇ ਨੌਜਵਾਨ ਸਭਾ ਦੇ ਸੂਬਾ ਜਨ ਸਕੱਤਰ ਧਰਮਿੰਦਰ ਸਿੰਘ ‘ਸਿੰਬਲੀ’ ਨੇ ਕੇਂਦਰ ਸਰਕਾਰ ਨੂੰੂ ਫੈਸਲੇ ’ਤੇ ਮੁਡ਼ ਨਜ਼ਰਸਾਨੀ ਕਰਨ ਦੀ ਮੰਗ ਕੀਤੀ ਹੈ। ਇਕੱਤਰ ਨੌਜਵਾਨਾਂ ਨੇ ਪਹਿਲਾਂ ਤਲਵਾਡ਼ਾ ਮੁਕੇਰੀਆਂ ਮੁੱਖ ਸਡ਼ਕ ਮਾਰਗ ’ਤੇ ਸੰਕੇਤਕ ਜਾਮ ਲਗਾ ਕੇ ਕੇਂਦਰ ਸਰਕਾਰ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ। ਉਪਰੰਤ ਸ਼ਹਿਰ ਦੇ ਮੇਨ ਬਜ਼ਾਰ ‘ਚ ਰੋਸ ਮਾਰਚ ਕੱਢਿਆ। ਰੋਸ ਮਾਰਚ ਮੇਨ ਬਸ ਸਟੈਂਡ ਤੋਂ ਹੁੰਦਾ ਹੋਇਆ ਰਾਏ ਸਾਹਿਬ ਚੌਧਰੀ ਗਿਆਨ ਸਿੰਘ ਚੌਂਕ ’ਤੇ ਪੁੱਜਿਆ, ਜਿੱਥੇ ਨੌਜਵਾਨਾਂ ਨੇ ਕਰੀਬ ਅੱਧਾ ਘੰਟਾ ਪੰਜਾਬ ਤੇ ਹਿਮਾਚਲ ਪ੍ਰਦੇਸ਼ ਤੋਂ ਆਉਂਦੀ ਟ੍ਰੈਫਿਕ ਰੋਕ ਨਾਅਰੇਬਾਜ਼ੀ ਕੀਤੀ। ਰੋਸ ਪ੍ਰਦਰਸ਼ਨ ਨੂੰ ਉੱਘੇ ਟ੍ਰੇਡ ਯੂਨੀਅਨ ਆਗੂ ਜਸਵੀਰ ਸਿੰਘ ਅਤੇ ਸਮਾਜਿਕ ਕਾਰਜ਼ਕਰਤਾ ਦੀਪਕ ਠਾਕੁਰ ਨੇ ਵੀ ਸੰਬੋਧਨ ਕੀਤਾ। ਕੇਂਦਰ ਸਰਕਾਰ ਦੇ ਫੈਸਲੇ ਨੂੰ ਬੇਰੁਜ਼ਗਾਰੀ, ਦੇਸ਼ ਤੇ ਲੋਕ ਵਿਰੋਧੀ ਦੱਸਿਆ। ਇਸ ਮੌਕੇ ਫੌਜ਼ ਦੀ ਭਰਤੀ ਦਾ ਫ਼ਿਜ਼ੀਕਲ ਟੈਸਟ ਪਾਸ ਸੁਰਜੀਤ ਸਿੰਘ ਬਹਿਲੱਖਣ, ਮਾਣਿਕ ਜਰਿਆਲ ਹਲੇਡ਼੍ਹ, ਸੰਜੀਵ ਗੌਤਮ ਬਟਵਾਡ਼ਾ, ਅਵਨੀਸ਼ ਦਾਤਾਰਪੁਰ, ਅਵੀ ਤੇ ਪ੍ਰਿੰਸ ਭੰਬੋਤਾਡ਼ ਆਦਿ ਨੇ ਦੱਸਿਆ ਕਿ ਉਹ ਪਿਛਲੇ ਤਿੰਨ ਸਾਲ ਤੋਂ ਫ਼ੋਜ਼ ‘ਚ ਭਰਤੀ ਲਈ ਤਿਆਰੀ ਕਰ ਰਹੇ ਹਨ। ਹੁਣ ਸਰਕਾਰ ਅਗਨੀਪਥ ਯੋਜਨਾ ਤਹਿਤ ਚਾਰ ਸਾਲ ਨੌਕਰੀ ਦੇਣ ਦੀ ਗੱਲ ਕਰ ਰਹੀ ਹੈ। ਚਾਰ ਸਾਲਾਂ ਬਾਅਦ ਉਨ੍ਹਾਂ ਦਾ ਭਵਿੱਖ ਕੀ ਹੋਵੇਗਾ,ਇਸ ਦੀ ਗਾਰੰਟੀ ਕੌਣ ਲਏਗਾ। ਸਰਕਾਰ ਦੇ ਹਥਿਆਰਬੰਦ ਬਲਾਂ ‘ਚ ਚਾਰ ਸਾਲਾਂ ਲਈ ਅਗਨੀਵੀਰ ਭਰਤੀ ਕਰਨ ਦੇ ਫੈਸਲੇ ਨੇ ਉਨ੍ਹਾਂ ਦੀਆਂ ਭਵਿੱਖੀ ਚਿੰਤਾਂਵਾ ਨੂੰ ਵਧਾ ਦਿੱਤਾ ਹੈ। ਨੌਜਵਾਨਾਂ ਨੇ ਕੇਂਦਰ ਸਰਕਾਰ ਦੇ ਫੈਸਲੇ ਦਾ ਹਰ ਪੱਧਰ ’ਤੇ ਡੱਟਵਾਂ ਵਿਰੋਧ ਕਰਨ ਦਾ ਫੈਸਲਾ ਕੀਤਾ ਹੈ। ਉਨ੍ਹਾਂ ਦੱਸਿਆ ਕਿ ਭਲਕੇ ਵੱਡੀ ਗਿਣਤੀ ਨੌਜਵਾਨ ਜਲੰਧਰ ‘ਚ ਇਕੱਤਰ ਹੋ ਰਹੇ ਹਨ। ਕੰਢੀ ਖ਼ੇਤਰ ਦੇ ਨੌਜਵਾਨਾਂ ਨੇ 20 ਤਾਰੀਕ ਨੂੰ ਹਾਜੀਪੁਰ ‘ਚ ਕੇਂਦਰ ਸਰਕਾਰ ਦੇ ਫੈਸਲੇ ਖ਼ਿਲਾਫ ਰੋਸ ਪ੍ਰਦਰਸ਼ਨ ਕਰਨ ਦਾ ਫੈਸਲਾ ਕੀਤਾ ਹੈ।

 

ਹਿਮਾਚਲ ਪ੍ਰਦੇਸ਼ ਦੇ ਸਰਹੱਦੀ ਕਸਬਾ ਦੌਲਤਪੁਰ ਚੌਂਕ ਵਿਖੇ ਵੀ ਵੱਡੀ ਗਿਣਤੀ ਨੌਜਵਾਨਾਂ ਨੇ ਸਰਕਾਰ ਦੇ ਫੈਸਲੇ ਖਿਲਾਫ ਰੋਸ ਪ੍ਰਦਰਸ਼ਨ ਕੀਤਾ। ਸੜਕੀ ਆਵਾਜਾਈ ਰੋਕ ਕੇ ਕੇਂਦਰ ਸਰਕਾਰ ਖਿਲਾਫ ਨਾਅਰੇਬਾਜੀ ਕੀਤੀ। ਇਕੱਤਰ ਨੌਜਵਾਨਾਂ ਨੇ ਕੇਂਦਰ ਸਰਕਾਰ ਨੂੰ ਫੈਸਲਾ ਵਾਪਿਸ ਲੈਣ ਫਿਜੀਕਲ ਟੈਸਟ ਪਾਸ ਨੌਜਵਾਨਾਂ ਦੀ ਲਿਖਤੀ ਪ੍ਰੀਖਿਆ ਲੈਣ, ਕੋਵਿਡ 19 ਕਾਰਨ ਓਵਰ ਏਜ ਹੋ ਚੁੱਕੇ ਨੌਜਵਾਨਾਂ ਨੂੰ ਰਾਹਤ ਦਿੰਦੇ ਹੋਇਆਂ ਰੈਗੂਲਰ ਭਰਤੀ ਸ਼ੁਰੂ ਕਰਨ ਦੀ ਮੰਗ ਕੀਤੀ। ਨੌਜਵਾਨਾਂ ਫੈਸਲੇ ਦੀ ਵਾਪਸੀ ਅਤੇ ਨਵੀਂ ਭਰਤੀ ਸ਼ੁਰੂ ਹੋਣ ਤਕ ਸੰਘਰਸ਼ ਜਾਰੀ ਰੱਖਣ ਦਾ ਐਲਾਨ ਕੀਤਾ ।

 

Leave a Reply

Your email address will not be published. Required fields are marked *