ਹਾਜੀਪੁਰ (ਤਲਵਾਡ਼ਾ), 19 ਜੂਨ (ਦੀਪਕ ਠਾਕੁਰ)-ਅੱਜ ਹਾਜੀਪੁਰ ‘ਚ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਪੰਜਾਬ ਦੇ ਬੈਨਰ ਹੇਠਾਂ ਨੌਜਵਾਨਾਂ ਨੇ ਕੇਂਦਰ ਸਰਕਾਰ ਦੀ ਹਥਿਆਰਬੰਦਹ ਬਲਾਂ ’ਚ ਭਰਤੀ ਸਕੀਮ ‘ਅਗਨੀਪਥ ਯੋਜਨਾ’ ਦੇ ਵਿਰੋਧ ’ਚ ਸ਼ਾਂਤਮਈ ਰੋਸ ਪ੍ਰਦਰਸ਼ਨ ਕਰਨ ਉਪਰੰਤ ਚਾਕ ਜਾਮ ਕੀਤਾ। ਨੌਜਵਾਨ ਸਭਾ ਦੇ ਸੂਬਾ ਜਨ ਸਕੱਤਰ ਧਰਮਿੰਦਰ ਸਿੰਘ ‘ਸਿੰਬਲੀ’ ਦੀ ਅਗਵਾਈ ਹੇਠ ਸ਼ਹਿਰ ’ਚ ਕੱਢੇ ਰੋਸ ਮਾਰਚ ਵਿੱਚ ਵੱਡੀ ਗਿਣਤੀ ਨੌਜਵਾਨ ਸ਼ਾਮਲ ਹੋਏ। ਇਹ ਰੋਸ ਮਾਰਚ ਬਿਜਲੀ ਘਰ ਹਾਜੀਪੁਰ ਤੋਂ ਸ਼ੁਰੂ ਹੋਇਆ ਅਤੇ ਮੇਨ ਬਜ਼ਾਰ ’ਚੋਂ ਲੰਘਦਾ ਹੋਇਆ ਬੁੱਢਾਬਡ਼ ਚੌਂਕ ’ਤੇ ਖਤਮ ਹੋਇਆ, ਰੋਸ ਮਾਰਚ ਦੌਰਾਨ ਨੌਜਵਾਨਾਂ ਨੇ ਕੇਂਦਰ ਸਰਕਾਰ ਖ਼ਿਲਾਫ਼ ਜੋਰਦਾਰ ਨਾਅਰੇਬਾਜ਼ੀ ਕੀਤੀ। ਉਨ੍ਹਾਂ ਅਗਨੀਪਥ ਯੋਜਨਾਂ ਨੂੰ ਰੱਦ ਕਰਨ, ਫੌਜ਼ ਦੀ ਭਰਤੀ ਦੀ ਪਈ ਪੈਂਡਿੰਗ ਲਿਖਤੀ ਪ੍ਰੀਖਿਆ ਦੀ ਤਾਰੀਕ ਐਲਾਨਣ ਅਤੇ ਪੱਕੀ ਭਰਤੀ ਕੱਢਣ ਦੀ ਮੰਗ ਕੀਤੀ। ਉਪਰੰਤ ਨੌਜਵਾਨਾਂ ਨੇ ਹਾਜੀਪੁਰ ਤਲਵਾਡ਼ਾ ਤੇ ਬੁਢਾਬਡ਼ ਨੂੰ ਜਾਣ ਵਾਲੀ ਆਵਾਜਾਈ ਰੋਕ ਕੇ ਬੁਢਾਬਡ਼ ਚੌਂਕ ‘ਤੇ ਸੰਕੇਤਕ ਜਾਮ ਲਗਾਇਆ। ਇਸ ਮੌਕੇ ਬੋਲਦਿਆਂ ਨੌਜਵਾਨ ਸਭਾ ਦੇ ਸੂਬਾ ਜਨ ਸਕੱਤਰ ਧਰਮਿੰਦਰ ਸਿੰਘ ‘ਸਿੰਬਲੀ’ ਨੇ ਦੇਸ਼ ਭਰ ’ਚ ਅਗਨੀਪਥ ਯੋਜਨਾ ਖ਼ਿਲਾਫ਼ ਨੌਜਵਾਨਾਂ ਵੱਲੋਂ ਕੀਤੇ ਜਾ ਰਹੇ ਹਿੰਸਕ ਪ੍ਰਦਰਸ਼ਨਾਂ ਲਈ ਕੇਂਦਰ ਸਰਕਾਰ ਨੂੰ ਜਿੰਮੇਵਾਰ ਠਹਿਰਾਇਆ।
| ਯੋਜਨਾ ਨੂੰ ਰੱਦ ਅਤੇ ਫੌਜ਼ ਦੀ ਪੱਕੀ ਭਰਤੀ ਸ਼ੁਰੂ ਕਰਵਾਉਣ, ਸੰਘਰਸ਼ ਨੂੰ ਜਿੱਤ ਦੇ ਅੰਜ਼ਾਮ ਤੱਕ ਪਹੁੰਚਾਉਣ ਲਈ ਪੰਜਾਬ ਦੀਆਂ ਨੌਜਵਾਨ ਜੱਥੇਬੰਦੀਆਂ ਵੱਲੋਂ 21 ਤਾਰੀਕ ਨੂੰ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ’ਚ ਮੀਟਿੰਗ ਸੱਦੀ ਗਈ ਹੈ। |
ਬੀਤੇ ਕੱਲ੍ਹ ਜਲੰਧਰ ਵਿਖੇ ਰੋਸ ਧਰਨੇ ਦੇ ਫੈਸਲੇ ਮੁਤਾਬਕ ਜੇਕਰ ਕੇਂਦਰ ਸਰਕਾਰ ਨੇ ਫੌਜ਼ ਦੀ ਪੈਂਡਿੰਗ ਲਿਖਤੀ ਪ੍ਰੀਖਿਆ ਪੰਜ ਦਿਨਾਂ ਅੰਦਰ ਨਾ ਐਲਾਨੀ ਤਾਂ ਸੂਬੇ ਦੇ ਨੌਜਵਾਨ ਕੇਂਦਰੀ ਰਾਜ ਮੰਤਰੀ ਦੇ ਸੋਮ ਪ੍ਰਕਾਸ਼ ਦੇ ਘਰ ਦਾ ਘਿਰਾਓ ਕਰਨ ਲਈ ਮਜ਼ਬੂਰ ਹੋਣਗੇ। ਹੋਰਨਾਂ ਤੋਂ ਇਲਾਵਾ ਇਸ ਮੌਕੇ ਸੁਰਜੀਤ ਸਿੰਘ, ਮਨਪ੍ਰੀਤ ਸਿੰਘ, ਰਾਹੁਲ, ਰੋਹਿਤ ਤਲਵਾਡ਼ਾ, ਰਤਨ ਕੁਮਾਰ ਬਟਵਾਡ਼ਾ, ਹਰਦੀਪ ਗੇਰਾ ਆਦਿ ਨੌਜਵਾਨਾਂ ਨੇ ਵੀ ਸੰਬੋਧਨ ਕੀਤਾ।
ਸ਼ਹਿਰ ‘ਚ ਰੋਸ ਮਾਰਚ ਦੇ ਮੱਦੇਨਜ਼ਰ ਪੁਲੀਸ ਪ੍ਰਸ਼ਾਸਨ ਵੱਲੋਂ ਸਖ਼ਤ ਬੰਦੋਬਸਤ ਕੀਤੇ ਗਏ ਸਨ। ਡੀਐਸਪੀ ਮੁਕੇਰੀਆਂ ਦਸੂਹਾ ਤੇ ਮੁਕੇਰੀਆਂ ਨੇ ਖ਼ੁਦ ਪਹੁੰਚ ਕੇ ਰੋਸ ਪ੍ਰਦਰਸ਼ਨ ਦਾ ਜਾਇਜ਼ਾ ਲਿਆ, ਥਾਣਾ ਹਾਜੀਪੁਰ ਮੁਖੀ ਅਮਰਜੀਤ ਕੌਰ ਅਤੇ ਤਲਵਾਡ਼ਾ ਮੁਖੀ ਹਰਗੁਰਦੇਵ ਸਿੰਘ ਵੀ ਮੌਕੇ ’ਤੇ ਹਾਜ਼ਰ ਸਨ।





