ਤਲਵਾੜਾ,19 ਜੂਨ (ਦੀਪਕ ਠਾਕੁਰ)-ਅਗਨੀ ਪਥ ਯੋਜਨਾ ਖਿਲਾਫ ਸੋਸ਼ਲ ਮੀਡੀਆ ਉਤੇ ਭਲਕ ਸੋਮਵਾਰ ਨੂੰ ਭਾਰਤ ਬੰਦ ਦੀਆਂ ਅਫਵਾਹਾਂ ਅਤੇ ਨੌਜਵਾਨਾਂ ਵੱਲੋਂ ਕੀਤੇ ਜਾ ਰਹੇ ਰੋਹ ਭਰਪੂਰ ਪ੍ਰਦਰਸ਼ਨਾਂ ਦੇ ਚਲਦਿਆਂ ਪੁਲੀਸ ਨੇ ਨੌਜਵਾਨਾਂ ਦੀ ਫੜੋ ਫੜੀ ਸ਼ੁਰੂ ਕਰ ਦਿੱਤੀ ਹੈ। ਅੱਜ ਬਾਅਦ ਦੁਪਹਿਰ ਤਲਵਾੜਾ ਦੇ ਮੁਹੱਲਾ ਨਗਰ ਦੇ ਨੌਜਵਾਨ ਗੌਤਮ ਨੂੰ ਸਾਦੇ ਕਪੜਿਆਂ ਵਿੱਚ ਆਈ ਪੁਲੀਸ ਆਪਣੇ ਨਾਲ ਹੁਸ਼ਿਆਰਪਰ ਲੈ ਗਈ।
| ਇਸ ਸਬੰਧੀ ਪੀੜਤ ਦੇ ਪਿਤਾ ਅਵਤਾਰ ਸਿੰਘ ਨੇ ਦੱਸਿਆ ਕਿ ਬਾਅਦ ਦੁਪਹਿਰ ਕਰੀਬ ਤਿੰਨ ਵਜੇ ਸੀਆਈਏ ਸਟਾਫ ਹੁਸ਼ਿਆਰਪੁਰ ਤੋਂ ਚਾਰ ਮੁਲਾਜ਼ਮ ਸਾਦੇ ਕੱਪੜਿਆਂ ਵਿਚ ਘਰ ਆਏ ਅਤੇ ਵੱਡੇ ਪੁੱਤਰ ਗੌਤਮ ਬਾਰੇ ਪੁੱਛਣ ਲੱਗੇ, ਹਾਂ ਕਹਿਣ ਉਤੇ ਉਨ੍ਹਾਂ ਗੌਤਮ ਨੂੰ ਗੱਡੀ ਵਿਚ ਬਿਠਾਇਆ ਅਤੇ ਥਾਣਾ ਤਲਵਾੜਾ ਵਿਖੇ ਲਾ ਜਾਣ ਦੀ ਗੱਲ ਆਖ ਚਲੇ ਗਏ। |
ਇਸ ਸਬੰਧੀ ਥਾਣਾ ਤਲਵਾੜਾ ਮੁਖੀ ਹਰਗੁਰਦੇਵ ਸਿੰਘ ਨੇ ਦਸਿਆ ਕਿ ਤੁਹਾਡੇ ਲੜਕੇ ਨੂੰ ਸੀਆਈਏ ਸਟਾਫ ਹੁਸ਼ਿਆਰਪੁਰ ਦੀ ਟੀਮ ਹੁਸ਼ਿਆਰਪੁਰ ਲੈ ਗਈ ਹੈ। ਘਟਨਾ ਮਗਰੋਂ ਲੋਕ ਗੌਤਮ ਦੇ ਘਰ ਇਕੱਤਰ ਹੋਣੇ ਸ਼ੁਰੂ ਹੋ ਗਏ ਹਨ, ਮਾਤਾ ਅਨੀਤਾ ਦੇਵੀ ਨੇ ਦਸਿਆ ਕਿ ਗੌਤਮ ਫ਼ੌਜ ਦੀ ਭਰਤੀ ਦਾ ਫਿਜੀਕਲ ਟੈਸਟ ਪਾਸ ਹੈ , ਲਿਖਤੀ ਪ੍ਰੀਖਿਆ ਦੀ ਤਿਆਰੀ ਕਰ ਰਿਹਾ ਸੀ, ਸਰਕਾਰ ਦੇ ਨਵੇਂ ਫੁਰਮਾਨ ਤੋਂ ਉਹ ਮਾਯੂਸ ਹੈ,ਲੰਘੇ ਕੱਲ੍ਹ ਉਹ ਅਗਨੀਪਥ ਯੋਜਨਾ ਖਿਲਾਫ ਜਲੰਧਰ ਵਿਖੇ ਕੀਤੇ ਸ਼ਾਂਤਮਈ ਪ੍ਰਦਰਸ਼ਨ ਵਿਚ ਸ਼ਾਮਲ ਹੋਇਆ ਸੀ ।





