ਜਲੰਧਰ( ਦਾ ਮਿਰਰ ਪੰਜਾਬ)-ਬੌਰੀ ਮੈਮੋਰੀਅਲ ਐਜੂਕੇਸ਼ਨਲ ਐਂਡ ਮੈਡੀਕਲ ਟਰੱਸਟ ਦੁਆਰਾ ਸੰਚਾਲਿਤ-ਦਿਸ਼ਾ ਇੱਕ ਪਹਿਲ ਦੇ ਅੰਤਰਗਤ ਅੰਤਰਰਾਸ਼ਟਰੀ ਯੋਗ ਦਿਵਸ ਮਨਾਉਣ ਦੇ ਲਈ ਇੰਨੋਸੈਂਟ ਹਾਰਟਸ ਸਕੂਲ ਗ੍ਰੀਨ ਮਾਡਲ ਟਾਊਨ ਵਿੱਚ ਯੋਗ ਦੇ ਮਾਧਿਅਮ ਨਾਲ ਫਿੱਟਨੈੱਸ ਉੱਤੇ ਇੱਕ ਸਦਨ ਦਾ ਆਯੋਜਨ ਕੀਤਾ ਗਿਆ।ਜਿਸ ਵਿੱਚ ਇੰਨੋਸੈਂਟ ਹਾਰਟਸ ਦੇ ਅਧਿਆਪਨ ਸਟਾਫ ਅਤੇ ਗੈਰ-ਅਧਿਆਪਨ ਸਟਾਫ ਨੇ ਭਾਗ ਲਿਆ। ਇਸ ਯੋਗ ਸਦਨ ਵਿੱਚ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਤਾ-ਪਿਤਾ ਨੇ ਵੀ ਭਾਗ ਲਿਆ। ਇਹ ਸਦਨ ਆਯੂਸ਼ ਮੰਤਰਾਲੇ ਅਤੇ ਸ੍ਰੀ ਸ੍ਰੀ ਸਕੂਲ ਆਫ ਯੋਗਾ ਦੇ ਸਰਟੀਫਾਈਡ ਯੋਗਾ ਟ੍ਰੇਨਰਜ ਸੁਸ਼੍ਰੀ ਸੋਨੀਆ ਐਰੋਨ ਅਤੇ ਸੁਸ਼੍ਰੀ ਮੀਨਾ ਗੁਪਤਾ ਦੇ ਦੁਆਰਾ ਆਯੋਜਿਤ ਕੀਤਾ ਗਿਆ।ਉਨ੍ਹਾਂ ਨੇ ਇਸ ਗੱਲ ਉੱਤੇ ਜ਼ੋਰ ਦਿੰਦੇ ਹੋਏ ਕਿਹਾ ਕਿ ਯੋਗ ਇੱਕ ਕਲਾ ਹੈ,ਸਵੱਸਥ ਜੀਵਨ ਜੀਊਣ ਦਾ ਵਿਗਿਆਨ ਹੈ। ਇਸ ਦੇ ਨਾਲ ਸਰੀਰ ਵਿੱਚ ਸੰਤੁਲਨ ਬਣਿਆ ਰਹਿੰਦਾ ਹੈ,ਤਾਕਤ ਅਤੇ ਲਚਕੀਲਾਪਨ ਆਉਂਦਾ ਹੈ। ਉਹਨਾਂ ਨੇ ਭੁਜੰਗ ਆਸਣ,ਵੀਰਭੱਦਰ ਆਸਣ,ਮਰਕਤ ਆਸਣ ਅਤੇ ਸੂਰਜ ਨਮਸਕਾਰ ਵਰਗੇ ਵਿਭਿੰਨ ਆਸਣਾਂ ਨੂੰ ਕਰਨ ਦੀ ਉੱਚਿਤ ਤਕਨੀਕ ਸਿਖਾਈ। ਫਿਰ ਉਨ੍ਹਾਂ ਨੇ ਸਵਾਸ ਵਿਆਮ ਪ੍ਰਾਣਾਯਾਮ ਉੱਤੇ ਧਿਆਨ ਕੇਂਦਰਿਤ ਕੀਤਾ।ਉਨ੍ਹਾਂ ਨੇ ਪ੍ਰਾਣਾਯਾਮ ‘ਅਨੁਲੋਮ ਵਿਲੋਮ ਅਤੇ ਕਪਾਲਭਾਤੀ’ ਦਾ ਪ੍ਰਦਰਸ਼ਨ ਕੀਤਾ ਤੇ ਸਾਰਿਆਂ ਨੂੰ ਕਰਵਾਇਆ। ਸੁਸ਼੍ਰੀ ਸੋਨੀਆ ਐਰੋਨ ਨੇ ਹਰੇਕ ਆਸਣ ਅਤੇ ਪ੍ਰਾਣਾਯਾਮ ਦੇ ਲਾਭਾਂ ਦੇ ਬਾਰੇ ਵਿੱਚ ਦੱਸਿਆ। ਉਨ੍ਹਾਂ ਨੇ ਸਭ ਨੂੰ ਫਿੱਟ ਰਹਿਣ ਲਈ ਪ੍ਰੇਰਿਤ ਕੀਤਾ।
ਇੰਨੋਸੈਂਟ ਹਾਰਟਸ ਗਰੁੱਪ ਦੇ ਚੇਅਰਪਰਸਨ ਡਾ.ਅਨੂਪ ਬੌਰੀ ਨੇ ਕਿਹਾ ਕਿ ਚੰਗੀ ਸਿਹਤ ਸਭ ਦੀ ਪਹਿਲ ਹੋਣੀ ਚਾਹੀਦੀ ਹੈ।ਇਸ ਲਈ ਫਿੱਟ ਰਹਿਣ ਲਈ ਹਰ ਕਿਸੇ ਨੂੰ ਕੋਈ ਨਾ ਕੋਈ ਕਸਰਤ ਜ਼ਰੂਰ ਕਰਨੀ ਚਾਹੀਦੀ ਹੈ। ਉਨ੍ਹਾਂ ਨੇ ਕਿਹਾ ਕਿ ਯੋਗ-ਵਿਗਿਆਨ ਇੱਕ ਅਧਿਆਤਮਿਕ ਅਨੁਸ਼ਾਸਨ ਹੈ, ਜੋ ਮਨ ਅਤੇ ਸਰੀਰ ਦੇ ਵਿਚਕਾਰ ਸੰਤੁਲਨ ਲਿਆਉਣ ਵਿੱਚ ਮਦਦ ਕਰਦਾ ਹੈ।





