ਜਲੰਧਰ 6 ਅਗਸਤ (ਦਾ ਮਿਰਰ ਪੰਜਾਬ)- ਸੂਫੀ ਗਾਇਕਾ ਨੂਰਾਂ ਸਿਸਟਰ ਗਰੁੱਪ ਦੀ ਜੋਤੀ ਨੂਰਾਂ ਆਪਣੇ ਪਤੀ ਕੁਨਾਲ ਪਾਸੀ ਤੋਂ ਤਲਾਕ ਲੈਣ ਜਾ ਰਹੀ ਹੈ, ਉਸ ਨੇ ਹਾਈਕੋਰਟ ਵਿੱਚ ਤਲਾਕ ਅਪਲਾਈ ਕਰ ਦਿੱਤਾ ਹੈ।ਜਲੰਧਰ ਵਿਖੇ ਪ੍ਰੈਸ ਕਰਕੇ ਜੋਤੀ ਨੂਰਾਂ ਨੇ ਆਪਣੇ ਪਤੀ ਕੁਨਾਲ ਪਾਸੀ ਤੋਂ ਜਾਨ ਦਾ ਖਤਰਾ ਦਸਿਆ ਹੈ ਅਤੇ ਐਸਐਸਪੀ ਜਲੰਧਰ ਪਾਸੋਂ ਮੰਗ ਕੀਤੀ ਹੈ ਕਿ ਉਸ ਨੂੰ ਸੁਰੱਖਿਆ ਦਿੱਤੀ ਜਾਵੇ।
ਇਥੇ ਇਹ ਵੀ ਦੱਸਣਯੋਗ ਹੈ ਕਿ 2014 ਵਿੱਚ ਜੋਤੀ ਨੂਰਾਂ ਨੇ ਆਪਣੇ ਘਰ ਤੋਂ ਫ਼ਰਾਰ ਹੋ ਕੇ ਕੁਨਾਲ ਪਾਸੀ ਨਾਮਕ ਵਿਅਕਤੀ ਨਾਲ ਪ੍ਰੇਮ ਵਿਆਹ ਕਰਵਾਇਆ ਲਿਆ ਸੀ। ਇਸ ਵਿਆਹ ਤੋਂ ਜੋਤੀ ਨੂਰਾਂ ਦੇ ਪਰਵਾਰਕ ਮੈਂਬਰ ਖੁਸ਼ ਨਹੀਂ ਸਨ।
ਜੋਤੀ ਨੂਰਾਂ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਵਿਆਹ ਤੋਂ ਕੁਝ ਸਮਾਂ ਬਾਅਦ ਹੀ ਉਸ ਦੇ ਪਤੀ ਕੁਨਾਲ ਨੇ ਨਸ਼ਾ ਕਰਕੇ ਕੁੱਟਣਾ ਮਾਰਨਾ ਸ਼ੁਰੂ ਕਰ ਦਿੱਤਾ ਸੀ। ਕਈ ਸਾਲ ਮੈਂ ਉਸ ਦੀ ਕੁੱਟ ਸਹਾਰਦੀ ਰਹੀ। ਜੋਤੀ ਨੇ ਦੱਸਿਆ ਕਿ ਮੇਰੀ ਭੈਣ ਸੁਲਤਾਨਾ ਨੂਰਾਂ ਮੇਰੇ ਨਾਲ ਪ੍ਰੋਗਰਾਮਾਂ ਵਿਚ ਜਾਂਦੀ ਹੈ। ਵਿਦੇਸਾਂ ਵਿੱਚੋਂ ਜਿੰਨੀ ਵੀ ਕਮਾਈ ਹੁੰਦੀ ਹੈ ਮੇਰਾ ਪਤੀ ਕੁਨਾਲ ਪਾਸੀ ਉਹ ਸਾਰੇ ਪੈਸੇ ਆਪਣੇ ਕੋਲ ਰੱਖ ਲੈਂਦਾ ਸੀ। ਇਸੇ ਤਰ੍ਹਾਂ ਉਹ ਹੀ ਪ੍ਰੋਗਰਾਮਾਂ ਦੀ ਬੁਕਿੰਗ ਕਰ ਕਰਦਾ ਸੀ। ਜੋਤੀ ਨੂਰਾਂ ਨੇ ਕਿਹਾ ਕਿ ਕੁਨਾਲ ਪਾਸੀ 20 ਕਰੋੜ ਦੇ ਲੱਗਭੱਗ ਸਾਡੇ ਨਾਲ ਘਪਲਾ ਕਰ ਚੁੱਕਾ ਹੈ। ਮੇਰੇ ਬੈਂਕ ਅਕਾਉਂਟ ਵਿੱਚੋਂ ਵੀ ਉਸ ਨੇ ਕਰੋੜਾਂ ਰੁਪਏ ਦਾ ਹੇਰ-ਫੇਰ ਕੀਤਾ ਹੈ। ਜੋਤੀ ਨੂਰਾਂ ਨੇ ਅੱਗੇ ਕਿਹਾ ਕਿ ਕੁਨਾਲ ਨਾਲ ਸਾਡਾ ਕੋਈ ਸਬੰਧ ਨਹੀ ਹੈ, ਮੈਂ ਉਸ ਕੋਲੋਂ ਤਲਾਕ ਲੈਣ ਲਈ ਹਾਈਕੋਰਟ ਵਿਚ ਪੇਪਰ ਫਾਈਲ ਕਰ ਦਿੱਤੇ ਹਨ। ਪ੍ਰੋਗਰਾਮਾਂ ਦੀ ਬੁਕਿੰਗ ਲਈ ਲੋਕ ਸਾਡੇ ਨਾਲ ਹੀ ਸੰਪਰਕ ਕਰਨ।





