ਦੀਪਕ ਠਾਕੁਰ
ਤਲਵਾਡ਼ਾ 27 ਅਗਸਤ -ਸਬ ਡਵੀਜ਼ਨ ਮੁਕੇਰੀਆਂ ’ਚ ਪਸ਼ੂਆਂ ਦੀ ਚਰਮ ਰੋਗ ਨਾਲ ਸਬੰਧਤ ਲੰਪੀ ਸਕਿੱਨ ਡਿਜੀਜ਼ ਨਾਮਕ ਛੂਤ ਦੀ ਬਿਮਾਰੀ ਤੇਜ਼ੀ ਨਾਲ ਪੈਰ ਪਸਾਰ ਰਹੀ ਹੈ। ਕੰਢੀ ਖ਼ੇਤਰ ’ਚ ਵੱਡੀ ਗਿਣਤੀ ਪਾਲਤੂ ਪਸ਼ੂ ਜਾਨਲੇਵਾ ਬਿਮਾਰੀ ਦੇ ਸ਼ਿਕਾਰ ਹੋ ਰਹੇ ਹਨ। ਅਵਾਰਾ ਪਸ਼ੂ ਵੀ ਇਸ ਵਾਇਰਸ ਤੋਂ ਅਛੂਤੇ ਨਹੀਂ ਰਹੇ ਹਨ। ਵੱਡੀ ਗਿਣਤੀ ਧੱਫਡ਼ੀ ਨਾਲ ਰੋਗ ਨਾਲ ਗ੍ਰਸਤ ਅਵਾਰਾ ਪਸ਼ੂ ਮਰ ਰਹੇ ਹਨ। ਜੋ ਕਿ ਪ੍ਰਸ਼ਾਸਨ ਅਤੇ ਸਬੰਧਤ ਵਿਭਾਗ ਲਈ ਚੁਣੌਤੀ ਬਣ ਗਏ ਹਨ। ਅਤੇ ਖ਼ੇਤਰ ’ਚ ਮਹਾਂਮਾਰੀ ਫੈਲਣ ਦਾ ਡਰ ਬਣ ਗਿਆ ਹੈ। ਜਾਣਕਾਰੀ ਦੇ ਅਭਾਵ ਅਤੇ ਅਮਲੇ ਦੀ ਘਾਟ ਕਾਰਨ ਲੋਕਾਂ ਨੇ ਰੋਗ ਗ੍ਰਸਤ ਪਸ਼ੂ ਅਵਾਰਾ ਛੱਡਣੇ ਸ਼ੁਰੂ ਕਰ ਦਿੱਤੇ ਹਨ।

ਸਬ ਡਵੀਜ਼ਨ ਮੁਕੇਰੀਆਂ ਦੇ ਪਸ਼ੂ ਪਾਲਣ ਵਿਭਾਗ ਤੋਂ ਸੀਨੀਅਰ ਵੈਟਨਰੀ ਅਫ਼ਸਰ ਡਾ ਚਰਨਜੀਤ ਸਿੰਘ ਨੇ ਦੱਸਿਆ ਕਿ ਹੁਣ ਤੱਕ ਸਬ ਡਵੀਜ਼ਨ ਮੁਕੇਰੀਆ ’ਚ ਕੁੱਲ 1534 ਪਸ਼ੂ ਧੱਫਡ਼ੀ ਰੋਗ ਨਾਲ ਗ੍ਰਸਤ ਪਾਏ ਗਏ ਹਨ। 780 ਪਸ਼ੂ ਠੀਕ ਹੋਏ ਹਨ, ਜਦਕਿ 43 ਪਸ਼ੂਆਂ ਦੀ ਮੌਤ ਹੋਈ ਹੈ। ਹਾਲਾਂਕਿ ਅਵਾਰਾ ਪਸ਼ੂਆਂ ਦਾ ਕੋਈ ਅੰਕਡ਼ਾ ਉਨ੍ਹਾਂ ਕੋਲ਼ ਮੌਜ਼ੂਦ ਨਹੀਂ ਹੈ। ਨਾ ਹੀ ਇਨ੍ਹਾਂ ਸਬੰਧੀ ਅਜੇ ਤੱਕ ਸਰਕਾਰ ਵੱਲੋਂ ਕੋਈ ਦਿਸ਼ਾ ਨਿਰਦੇਸ਼ ਜਾਰੀ ਕੀਤੇ ਗਏ ਹਨ। ਹਾਲਾਂਕਿ ਵਿਭਾਗ ਵੱਲੋਂ ਐਸਡੀਐਮ ਰਾਹੀਂ ਸਬੰਧਤ ਗ੍ਰਾਮ ਪੰਚਾਇਤਾਂ ਨੂੰ ਰੋਗ ਗ੍ਰਸਤ ਆਵਾਰਾ ਪਸ਼ੂਆਂ ਦੀ ਨਜ਼ਰਸਾਨੀ ਕਰਨ ਅਤੇ ਉਨ੍ਹਾਂ ਨੂੰ ਫਡ਼੍ਹਨ ਉਪਰੰਤ ਇਲਾਜ ਕਰਵਾਉਣ ਦੀਆਂ ਹਦਾਇਤਾਂ ਜ਼ਾਰੀ ਕੀਤੀਆਂ ਗਈਆਂ ਹਨ। ਇਨ੍ਹਾਂ ਦਾ ਇਲਾਜ ਸਰਕਾਰੀ ਪਸ਼ੂ ਹਸਪਤਾਲਾਂ ’ਚ ਬਿਲਕੁਲ ਮੁਫ਼ਤ ਕੀਤਾ ਜਾਵੇਗਾ। ਲੋਕਾਂ ਨੂੰ ਜਾਗਰੂਕ ਕਰਨ ਲਈ ਇਲਾਵਾ ਪਿੰਡਾਂ ’ਚ ਜਾਗਰੂਕਤਾ ਕੈਂਪ ਲਗਾਏ ਜਾ ਰਹੇ ਹਨ। ਡਾ ਚਰਨਜੀਤ ਸਿੰਘ ਨੇ ਮੰਨਿਆ ਕਿ ਲਾਗ ਦੇ ਅਵਾਰਾ ਪਸ਼ੂਆਂ ’ਚ ਫੈਲਣ ਕਾਰਨ ਬਿਮਾਰੀ ਦੇ ਵਿਕਰਾਲ ਰੂਪ ਧਾਰਨ ਕਰਨ ਦਾ ਡਰ ਬਣਿਆ ਹੈ। ਹਾਲਾਂਕਿ ਰੋਗ ਦੇ ਲੱਛਣ ਅਜੇ ਤੱਕ ਗੋਖਾ ਗਊਆਂ ’ਚ ਹੀ ਪਾਏ ਗਏ ਹਨ। ਪਰ ਵੱਡੀ ਗਿਣਤੀ ’ਚ ਰੋਗ ਗ੍ਰਸਤ ਅਵਾਰਾ ਪਸ਼ੂ ਅਤੇ ਉਨ੍ਹਾਂ ਦੀ ਮੌਤ ਉਪਰੰਤ ਮ੍ਰਿਤਕ ਦੇਹ ਨੂੰ ਦਫ਼ਨਾਉਣਾ ਵਿਭਾਗ ਤੇ ਸਰਕਾਰ ਲਈ ਚੁਣੌਤੀ ਬਣਿਆ ਹੈ।
ਉਧਰ ਗਊ ਸੇਵਾ ਦੇ ਨਾਂ ’ਤੇ ਸ਼ਹਿਰਾਂ ਤੇ ਕਸਬਿਆਂ ’ਚ ਬਣੇ ਵੱਖ ਵੱਖ ਸੰਗਠਨਾਂ ਨੇ ਇਸ ਔਖ਼ੀ ਘਡ਼ੀ ਚੁੱਪੀ ਧਾਰ ਲਈ ਹੈ। ਗਊ ਸੁਰੱਖਿਆ ਸਭਾ ਤਲਵਾਡ਼ਾ ਦੇ ਪ੍ਰਧਾਨ ਐਸ ਐਸ ਰਾਣਾ ਨੇ ਕਿਹਾ ਕਿ ਉਨ੍ਹਾਂ ਕੋਲ਼ 280 ਦੇ ਕਰੀਬ ਬੇਸਹਾਰਾ ਗਊਆਂ ਹਨ, ਜਿਸ ਵਿੱਚੋਂ 15 ਧੱਫਡ਼ੀ ਰੋਗ ਨਾਲ ਗ੍ਰਸਤ ਹਨ। ਅਵਾਰਾ ਪਸ਼ੂਆਂ ਦੀ ਜਿੰਮੇਵਾਰੀ ਉਨ੍ਹਾਂ ਦੀ ਨਹੀਂ ਹੈ।





