*ਸੰਤ ਸੀਚੇਵਾਲ ਵੱਲੋਂ ਇੰਗਲੈਂਡ ਦੀ ਪਾਰਲੀਮੈਂਟ ਦੌਰਾ,ਤਨਮਨਜੀਤ ਸਿੰਘ ਢੇਸੀ ਨੇ ਦੋ ਸਦਨਾਂ ਬਾਰੇ ਜਾਣਕਾਰੀ ਕੀਤੀ ਸਾਂਝੀ*

देश पंजाब
Spread the love

ਜਸਪਾਲ ਕੈਂਥ

ਜਲੰਧਰ,31 ਅਗਸਤ-ਵਿਦੇਸ਼ ਫੇਰੀ ‘ਤੇ ਗਏ ਵਾਤਾਵਰਨ ਪ੍ਰੇਮੀ ਤੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਇੰਗਲੈਂਡ ਦੀ ਪਾਰਲੀਮੈਂਟ ਦਾ ਦੌਰਾ ਕੀਤਾ।ਇਸ ਮੌਕੇ ਉਨ੍ਹਾਂ ਦੇ ਨਾਲ ਉਥੋਂ ਮੈਂਬਰ ਪਾਰਲੀਮੈਂਟ ਤਨਮਨਜੀਤ ਸਿੰਘ ਢੇਸੀ ਹਾਜ਼ਰ ਸਨ।ਸੰਤ ਸੀਚੇਵਾਲ ਨੇ ਇੰਗਲੈਂਡ ਦੀ ਪਾਰਲੀਮੈਂਟ ਦੇ ਦੋਹਾਂ ਸਦਨਾਂ ਸਮੇਤ ਹਰ ਤਰ੍ਹਾਂ ਦੀ ਜਾਣਕਾਰੀ ਹਾਸਲ ਕਰਨ ਵਿੱਚ ਦਿਲਚਸਪੀ ਦਿਖਾਈ।

 ਇੰਗਲੈਂਡ ਦੀ ਪਾਰਲੀਮੈਂਟ ਵਿੱਚ ਪਹਿਲੇ ਪੱਗੜੀਧਾਰੀ ਮੈਂਬਰ ਤਨਮਨਜੀਤ ਸਿੰਘ ਢੇਸੀ ਨੇ ਆਪਣੇ ਹਮਰੁਤਬਾ ਸੰਤ ਸੀਚੇਵਾਲ ਨੂੰ ਉਥੋਂ ਪਾਰਲੀਮੈਂਟ ਦੇ ਦੋਹਾਂ ਸਦਨਾਂ ਦੀ ਕਾਰਵਾਈ ਤੋਂ ਜਾਣੂ ਕਰਵਾਇਆ ਕਿ ਕਿਵੇਂ ਇਹ ਦੋਵੇਂ ਹਾਊਸ ਕੰਮ ਕਰਦੇ ਹਨ।ਰਾਜ ਸਭਾ ਮੈਂਬਰ ਬਣਨ ਤੋਂ ਬਾਅਦ ਪਹਿਲੀਵਾਰ ਇੰਗਲੈਂਡ ਗਏ ਸੰਤ ਸੀਚੇਵਾਲ ਨੇ ਤਨਮਨਜੀਤ ਸਿੰਘ ਢੇਸੀ ਨੂੰ ਇਸ ਗੱਲ ਦੀ ਮੁਬਾਰਕਵਾਦ ਦਿੱਤੀ ਕਿ ਉਹ ਇੰਗਲੈਂਡ ਦੀ ਪਾਰਲੀਮੈਂਟ ਵਿੱਚ ਮਨੁੱਖੀ ਅਧਿਕਾਰਾਂ ਦੀ ਲੜਾਈ ਬਾਖੂਬੀ ਲੜਦੇ ਰਹੇ ਹਨ ਤੇ ਦੁਨੀਆਂ ਦੇ ਕਿਸੇ ਵੀ ਦੇਸ਼ ਵਿੱਚ ਹੁੰਦੇ ਅਣਮਨੁੱਖੀ ਕਾਰਵਾਈਆਂ ਦੀ ਉਹ ਆਵਾਜ਼ ਬਣਦੇ ਹਨ।

ਸੰਤ ਸੀਚੇਵਾਲ ਨੇ ਤਨਮਨਜੀਤ ਸਿੰਘ ਨਾਲ ਗੱਲਬਾਤ ਕਰਦਿਆ ਵੱਧ ਰਹੀ ਆਲਮੀ ਤਪਸ਼ ‘ਤੇ ਡੰਘੀ ਚਿੰਤਾ ਪ੍ਰਗਟ ਕੀਤੀ। ਉਨ੍ਹਾਂ ਸ੍ਰੀ ਢੇਸੀ ਤੋਂ ਪੁੱਛਿਆ ਕਿ ਆਲਮੀ ਤਪਸ਼ ਨੂੰ ਘਟਾਉਣ ਲਈ ਯੂਰਪੀਅਨ ਦੇਸ਼ ਕਿਹੜੇ ਕਦਮ ਚੁੱਕ ਰਹੇ ਹਨ।ਸੰਤ ਸੀਚੇਵਾਲ ਨੇ ਕਿਹਾ ਕਿ ਇੰਗਲੈਂਡ ਦਾ ਤਾਪਮਾਨ ਪਹਿਲੀਵਾਰ 40 ਡਿਗਰੀ ਤੋਂ ਵੱਧ ਮਾਪਿਆ ਗਿਆ ਸੀ ਤੇ ਇਹ ਸਾਰਾ ਵਰਤਾਰਾ ਆਲਮੀ ਤਪਸ਼ ਦੇ ਵੱਧਣ ਕਾਰਨ ਹੀ ਵਾਪਰ ਰਿਹਾ ਹੈ।ਤਨਮਨਜੀਤ ਸਿੰਘ ਢੇਸੀ ਨੇ ਦੱਸਿਆ ਕਿ ਆਲਮੀ ਤਪਸ਼ ਦਾ ਵੱਧਣਾ ਇਸ ਸਮੇਂ ਸਮੁੱਚੀ ਦੁਨੀਆ ਲਈ ਖਤਰੇ ਦੀ ਘੰਟੀ ਹੈ। ਇਸ ਵਰਤਾਰੇ ਨੂੰ ਠੱਲ ਪਾਉਣ ਲਈ ਸਾਰੇ ਮੁਲਕਾਂ ਨੂੰ ਰਲ ਕੇ ਹੰਭਾਲਾ ਮਾਰਨਾ ਪਵੇਗਾ।ਉਨ੍ਹਾਂ ਸੰਤ ਸੀਚੇਵਾਲ ਦੇ ਯਤਨਾਂ ਦੀ ਸਲਾਂਘਾ ਕੀਤੀ ਕਿ ਉਨ੍ਹਾਂ ਸਦਕਾ ਪੰਜਾਬ ਵਿੱਚ ਵਾਤਾਵਰਨ ਲਹਿਰ ਦਾ ਪਿੜ ਬੱਝਾ ਹੈ।ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਮੈਂਬਰ ਪਰਮਜੀਤ ਸਿੰਘ ਰਾਏਪੁਰ, ਸਿੱਖ ਚਿੰਤਕ ਭਗਵਾਨ ਸਿੰਘ ਜੌਹਲ, ਮਨਜੀਤ ਸਿੰਘ ਸ਼ਾਲਾਪੁਰ, ਜਸਵਿੰਦਰ ਸਿੰਘ ਕਾਲਾ ਤੇ ਮਨਜੀਤ ਸਿੰਘ ਭੋਗਲ ਵੀ ਹਾਜ਼ਰ ਸਨ।

 

Leave a Reply

Your email address will not be published. Required fields are marked *