ਜਲੰਧਰ (ਦਾ ਮਿਰਰ ਪੰਜਾਬ)-:ਸਿਖ ਸੇਵਕ ਸੁਸਾਇਟੀ ਇੰਟਰਨੈਸ਼ਨਲ ਨੇ ਕਿਹਾ ਕਿ ਸ੍ਰੋਮਣੀ ਕਮੇਟੀ ਤੇ ਪੰਥਕ ਜਥੇਬੰਦੀਆਂ ਦੀ ਲਾਪਰਵਾਹੀ ਤੇ ਗਲਤੀਆਂ ਦਾ ਨਤੀਜਾ ਹੈ ਕਿ ਅਖੌਤੀ ਚਮਤਕਾਰਾਂ ਦਾ ਦਾਅਵਾ ਕਰਨ ਵਾਲੇ ਡੇਰਾਵਾਦੀ ਚਰਚ ਪੰਜਾਬ ਵਿੱਚ ਪੈਰ ਪੈਰ ਉਪਰ ਪਸਰ ਚੁਕੇ ਹਨ । ਅੰਮ੍ਰਿਤਸਰ ਅਤੇ ਗੁਰਦਾਸਪੁਰ ਵਿੱਚ ਵੀ 600-700 ਚਰਚ ਮੌਜੂਦ ਹਨ। ਪਿਛਲੇ ਪੰਜ ਸਾਲਾਂ ਦੌਰਾਨ 70 ਦੇ ਕਰੀਬ ਚਰਚ ਬਣ ਚੁਕੇ ਹਨ।ਇਹਨਾਂ ਅਖੌਤੀ ਡੇਰੇਦਾਰਾਂ ਪਾਸਟਰਾਂ ਨੇ ਜੋ ਗਰੀਬ ਸਿਖ ਈਸਾਈ ਬਣਾਏ ਹਨ ਉਹਨਾਂ ਦਾ ਸਰੂਪ ਸਿਖੀ ਵਾਲਾ ਰਹਿਣ ਦਿਤਾ ਹੈ ਤਾਂ ਜੋ ਪਿੰਡਾਂ ਵਿਚ ਇਹਨਾਂ ਰਾਹੀਂ ਸਿਖੀ ਨੂੰ ਢਾਹ ਲਗਾਈ ਜਾ ਸਕੇ। ਇਸ ਪਿਛੇ ਵਡੀ ਸਿਖ ਵਿਰੋਧੀ ਸਾਜਿਸ਼ ਹੈ ਜੋ ਕਿ ਇਹਨਾਂ ਤਾਂਤਰਿਕ ਚਰਚ ਡੇਰਿਆਂ ਨੂੰ ਫੰਡਿੰਗ ਹੋ ਰਹੀ ਹੈ ਤੇ ਇਹ ਕੁਝ ਸਮੇਂ ਵਿਚ ਵਡੇ ਡੇਰੇ ਉਸਾਰ ਰਹੇ ਹਨ। ਇਹ ਅਖੌਤੀ ਪਾਸਟਰ ਸਾਜਿਸ਼ ਤਹਿਤ ਸਿਖਾਂ ਨੂੰ ਗੁਰਦੁਆਰੇ ਜਾਣ ਤੇ ਪ੍ਰਸ਼ਾਦ ਲੈਣ ਤੋਂ ਰੋਕ ਰਹੇ ਹਨ।ਉਨ੍ਹਾਂ ਨੂੰ ਮਨ ਤੋਂ ਈਸਾਈ ਬਣਾਕੇ ਸਿਖ ਪੰਥ ਦੀ ਵਖਰੀ ਪਛਾਣ ਨੂੰ ਢਾਹ ਲਗਾਈ ਜਾ ਰਹੀ ਹੈ।

ਸਿਖ ਸੇਵਕ ਸੁਸਾਇਟੀ ਇੰਟਰਨੈਸ਼ਨਲ ਦੇ ਪ੍ਰਧਾਨ ਪਰਮਿੰਦਰ ਪਾਲ ਸਿੰਘ ਖਾਲਸਾ ਨੇ ਕਿਹਾ ਕਿ ਸ੍ਰੋਮਣੀ ਕਮੇਟੀ ਦੇ ਮੈਂਬਰ ਤੇ ਪ੍ਰਚਾਰਕ ਪ੍ਰਚਾਰ ਕਰਨ ਤੇ ਸਿਖ ਸੰਗਤ ਨੂੰ ਸੰਪਰਕ ਕਰਨ ਦੀ ਥਾਂ ਮੀਡੀਆ ਵਿਚ ਬਿਆਨ ਦੇਣ ਤਕ ਸੀਮਤ ਹਨ।ਉਹਨਾਂ ਕਿਹਾ ਕਿ ਜਿਹਨਾਂ ਚਿਰ ਗਰੀਬ ਸਿਖਾਂ ਦੀ ਹੈਲਥ ਐਜੂਕੈਸ਼ਨ ਤੇ ਸਿਖੀ ਪ੍ਰਚਾਰ ਵਲ ਧਿਆਨ ਨਹੀਂ ਦਿਤਾ ਜਾਂਦਾ ਉਨਾਂ ਚਿਰ ਧਰਮ ਬਦਲੀਆਂ ਜਾਰੀ ਰਹਿਣਗੀਆਂ ਤੇ ਸਿਖ ਪੰਥ ਨੂੰ ਢਾਹ ਲਗਦੀ ਰਹੇਗੀ।ਉਹਨਾਂ ਕਿਹਾ ਕਿ ਉਹ ਆਪਣੀ ਜਥੇਬੰਦੀ ਸਿਖ ਸੇਵਕ ਸੁਸਾਇਟੀ ਇੰਟਰਨੈਸ਼ਨਲ ਰਾਹੀਂ ਹੜਾਂ ਦੌਰਾਨ ਗਰੀਬ ਕਿਰਤੀ ਸਿਖਾਂ ਦੀ ਬਸਤੀ ਨੂੰ ਮੈਡੀਕਲ ਸਹਾਇਤਾ ਤੇ ਗੁਰਦੁਆਰੇ ਨੂੰ ਕੇਂਦਰ ਬਣਾਕੇ ਸਾਫ ਪਾਣੀ ਉਪਲਬਧ ਕਰਵਾਕੇ ਗਰੀਬ ਸਿਖ ਲੜਕੀਆਂ ਦੀ ਅਨੰਦ ਕਾਰਜ ਵਿਚ ਸਹਾਇਤਾ ਤੇ ਪੇਕਿਆਂ ਵਜੋਂ ਸ਼ਮੂਲੀਅਤ ਕਰਕੇ ਸਿਖਾਂ ਦਾ ਈਸਾਈਕਰਨ ਰੋਕਣ ਵਿਚ ਕਾਮਯਾਬ ਹੋਏ ਹਨ।ਕੁਝ ਸਿਖਾਂ ਤੋਂ ਈਸਾਈ ਬਣੇ ਪਰਿਵਾਰ ਵਾਪਸ ਸਿਖ ਧਰਮ ਵਿਚ ਆਪਣੇ ਆਪ ਸ਼ਾਮਲ ਹੋਏ ਹਨ। ਉਹਨਾਂ ਕਿਹਾ ਕਿ ਗੁਰਦੁਆਰਾ ਮੰਡਾਲਾ ਛੰਨਾ ਲੋਹੀਆਂ ਵਿਚ ਸਿਖ ਸੇਵਕ ਸੁਸਾਇਟੀ ਇੰਟਰਨੈਸ਼ਨਲ ਵਲੋਂ ਕਰਵਾਏ ਸਮਾਗਮ ਦੌਰਾਨ ਜਥੇਦਾਰ ਸੁਖਦੇਵ ਸਿੰਘ ਭੌਰ ਦੀ ਮੌਜੂਦਗੀ ਵਿਚ ਕੁਝ ਈਸਾਈ ਤੇ ਦਲਿਤ ਪਰਿਵਾਰਾਂ ਨੇ ਸਿਖ ਧਰਮ ਗ੍ਰਹਿਣ ਕੀਤਾ ਸੀ। ਜਥੇਦਾਰ ਖਾਲਸਾ ਨੇ ਕਿਹਾ ਕਿ ਖਾਲਸਾ ਪੰਥ ਦਾ ਟਕਰਾਅ ਅਸਲੀ ਈਸਾਈਆਂ ਨਾਲ ਨਹੀਂ ਹੈ ,ਪੰਥ ਦਾ ਵਿਰੋਧ ਈਸਾਈ ਪਾਸਟਰਾਂ ਦੇ ਭੇਖ ਵਿਚ ਲੁਕੇ ਤਾਂਤਰਿਕਾਂ ਨਾਲ ਹੈ ਜੋ ਜਾਦੂ-ਟੂਣਿਆਂ, ਭੂਤਾਂ-ਪ੍ਰੇਤਾਂ, ਅਖੌਤੀ ਕਾਲੇ ਇਲਮ ਦੀਆਂ ਕਰਾਮਾਤੀ ਸ਼ਕਤੀਆਂ ਨਾਲ ਲੋਕਾਂ ਦੀਆਂ ਸਮੱਸਿਆਵਾਂ, ਦੁੱਖਾਂ ਤੇ ਬੀਮਾਰੀਆਂ ਦਾ ਹੱਲ ਕਰਨ ਦਾ ਦਾਅਵਾ ਕਰਦੇ ਹਨ ਅਤੇ ਮਨਚਾਹੀਆਂ ਖ਼ਾਹਿਸ਼ਾਂ ਪੂਰੀਆਂ ਕਰਨ ਦੇ ਲੋਕਾਂ ਨਾਲ ਝੂਠੇ ਲਾਰੇ ਲਗਾਉਂਦੇ ਕਰਾਈਮ ਕਰ ਰਹੇ ਹਨ। ਉਹਨਾਂ ਕਿਹਾ ਕਿ ਅਖੌਤੀ ਪਾਸਟਰਾਂ ਦੀਆਂ ਮਨੁੱਖਤਾ ਵਿਰੋਧੀ ਚੰਦਰੀ ਕਰਤੂਤਾਂ ਕਾਰਣ ਬਿਮਾਰ ਲੋਕਾਂ ਦੀ ਸਿਹਤ ਨੂੰ ਨੁਕਸਾਨ ਪੁਜਦਾ ਹੈ।ਬੀਤੇ ਦਿਨੀਂ ਜਲੰਧਰ ਦੇ ਤਾਂਤਰਿਕ ਪਾਸਟਰ ਦੀ ਅਖੌਤੀ ਜਾਦੂਗਰੀ ਦਿਖਾਉਣ ਕਾਰਣ ਇਕ ਬਿਮਾਰ ਬਚੀ ਦੀ ਮੌਤ ਹੋ ਚੁਕੀ ਹੈ ਤੇ ਮਾਂ ਬਾਪ ਨਾਲ ਵੱਖਰੀ ਠਗੀ ਮਾਰੀ ਗਈ ਹੈ।ਪਰ ਪੰਜਾਬ ਸਰਕਾਰ ਜਾਂ ਪ੍ਰਸ਼ਾਸਣ ਕੋਈ ਕਨੂੰਨੀ ਕਾਰਵਾਈ ਨਹੀਂ ਕੀਤੀ। ਉਹਨਾਂ ਕਿਹਾ ਕਿ ਇਸ ਕਰਕੇ ਇਹ ਅਖੌਤੀ ਈਸਾਈ ਡੇਰੇ ਲੋਕਾਂ ਦੀ ਜਾਨ ਨਾਲ ਖੇਡਦੇ ਤੇ ਆਰਥਿਕ ਲੁਟ ਕਰਦੇ ਹਨ। ਜਥੇਦਾਰ ਖਾਲਸਾ ਨੇ ਸਰਕਾਰ ਤੋਂ ਸੁਆਲ ਪੁਛਿਆ ਕਿ ਇਹਨਾਂ ਨੂੰ ਵਿਦੇਸ਼ਾਂ ਤੋਂ ਪੈਸਾ ਕਿਥੋਂ ਆਉਂਦਾ ਹੈ ? ਈਡੀ ਤੇ ਸਰਕਾਰੀ ਏਜੰਸੀਆਂ ਇਹਨਾਂ ਨੂੰ ਚੈਕ ਕਿਉਂ ਨਹੀਂ ਕਰਦੀਆਂ? ਹਾਲਾਂਕਿ ਇਹਨਾਂ ਪਾਸਟਰਾਂ ਦੀ ਭੂਤ ਕਢਣ ,ਅੰਗਹੀਣ ਨੂੰ ਠੀਕ ਕਰਨ ,ਮੁਰਦੇ ਵਿਚ ਜਾਨ ਪਾਉਣ ਦੀਆਂ ,ਕੈਂਸਰ ਠੀਕ ਕਰਨ ਦੀਆਂ ਯੂ ਟਿਊਬ ਉਪਰ ਵੀਡਿਓ ਮੌਜੂਦ ਹਨ।ਪਰ ਪੰਜਾਬ ਸਰਕਾਰ ਨੇ ਕਨੂੰਨੀ ਕਾਰਵਾਈ ਕਿਉਂ ਨਹੀਂ ਕੀਤੀ,? ਉਹਨਾਂ ਕਿਹਾ ਕਿ ਭਾਰਤੀ ਘਟਗਿਣਤੀ ਕਮਿਸ਼ਨ ਨੇ ਪੰਜਾਬ ਸਰਕਾਰ ਦੀ ਚੁਪੀ ਬਾਰੇ ਹੁਣੇ ਜਿਹੇ ਸੁਆਲ ਉਠਾਏ ਹਨ ਕਿ ਪੰਜਾਬ ਸਰਕਾਰ ਭਾਰਤੀ ਸੰਵਿਧਾਨ ਕਨੂੰਨ ਬਾਰੇ ਕੋਈ ਭੂਮਿਕਾ ਨਹੀਂ ਨਿਭਾ ਰਹੀ। ਜਥੇਦਾਰ ਖਾਲਸਾ ਨੇ ਕਿਹਾ ਕਿ ਭਾਰਤੀ ਕਨੂੰਨ ਚਮਤਕਾਰਾਂ ਬਾਰੇ ਬਿਲਕੁੱਲ ਸਪਸ਼ਟ ਹੈ।ਡਰੱਗਜ਼ ਤੇ ਮੈਜਿਕ ਰੈਮੇਡੀਜ਼ ਇਤਰਾਜ਼ਯੋਗ ਇਸ਼ਤਿਹਾਰਬਾਜ਼ੀ ਕਾਨੂੰਨ 1954 ਕਾਨੂੰਨ ਦੀ ਧਾਰਾ 2 ਅਨੁਸਾਰ ਜਾਦੁਈ ਇਲਾਜ ਨਾਲ ਸੰਬੰਧਤ ਇਸ਼ਤਿਹਾਰਬਾਜ਼ੀ ਤੇ ਇਲਾਜ ਦਾ ਦਾਅਵਾ ਕਰਨਾ ਗ਼ੈਰ ਕਾਨੂੰਨੀ ਹੈ।ਇਹਨਾਂ ਕਾਨੂੰਨਾਂ ਤੋਂ ਬਿਨਾਂ ਭਾਰਤੀ ਸੰਵਿਧਾਨ ਦੀ ਧਾਰਾ 51-ਏ ਤਹਿਤ ਇੱਥੋਂ ਦਿਆਂ ਨਾਗਰਿਕਾਂ ਨੂੰ ਵੀ ਵਿਗਿਆਨਕ ਨਜ਼ਰੀਆ ਪੈਦਾ ਕਰਨ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ।ਪਰ ਸਰਕਾਰ ਤੇ ਪ੍ਰਸ਼ਾਸਨ ਕਨੂੰਨ ਤੇ ਸੰਵਿਧਾਨ ਦੀ ਇਸ ਮਸਲੇ ਉਪਰ ਕੋਈ ਸੁਰਖਿਆ ਨਹੀਂ ਕਰ ਰਹੇ ਨਾ ਜਿੰਮੇਵਾਰੀ ਨਿਭਾ ਰਹੇ ਹਨ। ਸੜਕਛਾਪ ਜਾਦੂਗਰ ਡੇਰਾਵਾਦੀ ਅਖੌਤੀ ਪਾਸਟਰ ਹਰੇਕ ਧਰਮ ਦੀ ਫਿਲਾਸਫੀ ਲਈ ਚੈਲਿੰਜ ਹਨ।ਇਹਨਾਂ ਦੀ ਠਗੀ ਜਬਰੀ ਧਰਮ ਪਰਿਵਰਤਨ ,ਆਪਣੇ ਧਰਮ ਨਾਲੋਂ ਤੋੜਨ ਦੀਆਂ ਕਾਰਵਾਈਆਂ ਬਾਲਮੀਕੀ ਭਾਈਚਾਰੇ ,ਰਵਿਦਾਸ ਭਾਈਚਾਰੇ ,ਹਿੰਦੂ ਭਾਈਚਾਰੇ ਲਈ ਚੈਲਿੰਜ ਹਨ।ਜਦੋਂ ਇਹ ਕਿਸੇ ਨੂੰ ਆਪਣੇ ਡੇਰੇ ਨਾਲ ਜੋੜਦੇ ਹਨ ਤਾਂ ਇਹ ਉਹਨਾਂ ਦੇ ਰਹਿਬਰ ਗੁਰੂ ਗਰੰਥ ਸਾਹਿਬ ,ਸੰਤ ਗੁਰੂ ਰਵਿਦਾਸ ਮਹਾਰਾਜ ,ਭਗਵਾਨ ਬਾਲਮੀਕ ,ਹਿੰਦੂ ਰਹਿਬਰਾਂ ਤੋਂ ਦੂਰ ਕਰ ਦਿੰਦੇ ਹਨ। ਉਹਨਾਂ ਸਿਖ ਪੰਥ ਨੂੰ ਅਪੀਲ ਕਰਦਿਆ ਕਿਹਾ ਕਿ ਸਿਖਾਂ ਨੂੰ ਪ੍ਰਚਾਰ ਵਲ ,ਆਪਣੇ ਹਸਪਤਾਲਾਂ ,ਵਿਦਿਅਕ ਅਦਾਰਿਆਂ ,ਗੁਰਮਤਿ ,ਇਤਿਹਾਸ ਗਿਆਨ ਸਿਲੇਬਸ ਵਲ ਧਿਆਨ ਦੇਣ ਦੀ ਲੋੜ ਹੈ।ਸਿੰਘ ਸਭਾ ਗੁਰਦੁਆਰਾ ਮੰਡਾਲਾ ਛੰਨਾ ਦੇ ਪ੍ਰਧਾਨ ਜੋਗਿੰਦਰ ਸਿੰਘ ਨੇ ਕਿਹਾ ਕਿ ਉਹ ਸਿਖ ਸੇਵਕ ਸੁਸਾਇਟੀ ਦੇ ਪ੍ਰਚਾਰ ਕਾਰਣ ਸਿੰਘ ਸਜੇ ਹਨ ਤੇ ਆਪਣੇ ਪਿੰਡ ਵਿਚ ਗੁਰਦੁਆਰਾ ਪ੍ਰਬੰਧ ਤੇ ਸਿਖੀ ਪ੍ਰਚਾਰ ਦਾ ਕੰਮ ਸੰਭਾਲ ਰਹੇ ਹਨ।ਸਾਡੇ ਪ੍ਰਚਾਰ ਕਾਰਣ ਹੁਣ ਸਾਡੇ ਪਿੰਡ ਵਿਚ ਧਰਮ ਬਦਲੀ ਨਹੀਂ ਹੋ ਰਹੀ। ਗੁਰਦੁਆਰਾ ਧਰਮ ਪ੍ਰਚਾਰਕ ਗਿਆਨੀ ਹਰਦੇਵ ਸਿੰਘ ਨੇ ਕਿਹਾ ਕਿ ਸਿਖ ਸੇਵਕ ਸੁਸਾਇਟੀ ਦੇ ਪ੍ਰਚਾਰ ਕਾਰਣ ਪਿੰਡ ਦੇ ਲੋਕਾਂ ਦਾ ਸੁਧਾਰ ਹੋਇਆ ਉਹ ਸਿਖੀ ਨਾਲ ਵੀ ਜੁੜੇ ਹਨ।ਕਾਫੀ ਪਰਿਵਾਰ ਜੋ ਈਸਾਈ ਬਣੇ ਸਿਖ ਧਰਮ ਵਿਚ ਵਾਪਸ ਆਏ ਹਨ।ਦੁਬਾਰਾ ਸਿਖ ਧਰਮ ਵਿਚ ਪਰਤਣ ਵਾਲੇ ਬਲਵਿੰਦਰ ਸਿੰਘ ਚਿਮਨ ਸਿੰਘ ਬਲਵੰਤ ਸਿੰਘ ,ਪਰਮਜੀਤ ਕੌਰ ਪਾਲ ਸਿੰਘ ,ਕਸ਼ਮੀਰ ਸਿੰਘ ਸਿਮਰ ਕੌਰ, ਬਗੀਚਾ ਸਿੰਘ ਮੰਗਾ ਸਿੰਘ ਸ਼ਾਮਲ ਸਨ।ਇਸ ਪ੍ਰਚਾਰ ਸ ਕਾਨਫਰੰਸ ਵਿਚ ਸੁਰਿੰਦਰਪਾਲ ਸਿੰਘ ਗੋਲਡੀ,ਸੀਨੀਅਰ ਮੀਤ ਪ੍ਰਧਾਨ ,,ਪ੍ਰੋਫੈਸਰ ਬਲਵਿੰਦਰ ਪਾਲ ਸਿੰਘ , ਸਕੱਤਰ ਜਰਨਲ ,ਸਰਪ੍ਰਸਤ ਸੰਤੋਖ ਸਿੰਘ ਦਿਲੀ ਪੇਂਟ ,ਦਵਿੰਦਰ ਸਿੰਘ ਅਨੰਦ ਸੰਦੀਪ ਸਿੰਘ ਚਾਵਲਾ ,ਸਾਹਿਬ ਸਿੰਘ ਆਰਟਿਸਟ ,ਹਰਦੇਵ ਸਿੰਘ ਠੇਕੇਦਾਰ, ਅਰਵਿੰਦਰ ਸਿੰਘ ਚੱਢਾ,ਹਰਿਭਜਨ ਸਿੰਘ ਬੈਂਸ ,ਗਗਨਦੀਪ ਸਿੰਘ ਚੌਧਰੀ ਬਾਵਾ ਖਰਬੰਦਾ, ਨਵਤੇਜ ਸਿੰਘ ਟਿੰਮੀ ਆਦਿ ਸ਼ਾਮਲ ਸਨ।





