ਜਸਪਾਲ ਕੈਂਥ
ਜਲੰਧਰ,11 ਅਕਤੂਬਰ-ਪੰਜਾਬ ਐਂਡ ਚੰਡੀਗੜ੍ਹ ਜਰਨਲਿਸਟਸ ਯੂਨੀਅਨ ਅਤੇ ਚੰਡੀਗੜ੍ਹ ਐਂਡ ਹਰਿਆਣਾ ਜਰਨਲਿਸਟਸ ਯੂਨੀਅਨ ਵਲੋਂ
ਚੰਡੀਗੜ੍ਹ ਦੇ ਪੰਜਾਬ ਕਲਾ ਭਵਨ ਵਿੱਚ 14 ਅਕਤੂਬਰ ਨੂੰ `ਪ੍ਰੈਸ ਦੀ ਅਜ਼ਾਦੀ `ਤੇ ਚੁਣੌਤੀਆਂ` ਵਿਸ਼ੇ `ਤੇ ਸੈਮੀਨਾਰ ਕਰਵਾਇਆ ਜਾ ਰਿਹਾ ਹੈ।ਇਸ ਸੈਮੀਨਾਰ ਦੇ ਮੁੱਖ ਮਹਿਮਾਨ ਪੰਜਾਬ ਦੇ ਸੂਚਨਾ ਤੇ ਲੋਕ ਸੰਪਰਕ ਮੰਤਰੀ ਸ਼੍ਰੀ ਅਮਨ ਅਰੋੜਾ ਹੋਣਗੇ।ਇਸ ਸੰਬੰਧੀ ਜਾਣਕਾਰੀ ਦਿੰਦਿਆ ਸਵਾਗਤੀ ਕਮੇਟੀ ਦੇ ਮੈਂਬਰ ਤੇ ਸੂਬਾਈ ਜੱਥੇਬੰਦੀ ਦੇ ਸਕੱਤਰ ਜਨਰਲ, ਪਾਲ ਸਿੰਘ ਨੌਲੀ,ਮੀਤ ਪ੍ਰਧਾਨ ਜੈ ਸਿੰਘ ਛਿੱਬਰ ਅਤੇ ਖ਼ਜ਼ਾਨਚੀ ਬਿੰਦੂ ਸਿੰਘ ਨੇ ਦੱਸਿਆ ਕਿ ਇਹ ਸੈਮੀਨਾਰ ਚੇਨਈ ਵਿੱਚ 30 ਤੇ 31 ਅਕਤੂਬਰ ਨੂੰ ਹੋਣ ਵਾਲੀ ਇੰਡੀਅਨ ਜਰਨਲਿਸਟਸ ਯੂਨੀਅਨ ਦੀ 10 ਵੀ ਪਲੈਨਰੀ ਨੂੰ ਸਮਰਪਿਤ ਕੀਤਾ ਜਾ ਰਿਹਾ ਹੈ।ਇਸ ਸਮਾਗਮ ਦੇ ਵਿਸ਼ੇਸ਼ ਮਹਿਮਾਨ ਇੰਡੀਅਨ ਜਰਨਲਿਸਟਸ ਯੂਨੀਅਨ ਦੇ ਸਕੱਤਰ ਜਨਰਲ ਬਲਵਿੰਦਰ ਸਿੰਘ ਜੰਮੂ ਹੋਣਗੇ ਜਦ ਕਿ ਮੁੱਖ ਬੁਲਾਰਿਆਂ ਵਿੱਚ ਪੰਜਾਬ ਦੇ ਵੱਡੇ ਚਿੰਤਕਾਂ ਵਿੱਚ ਸ਼ੁਮਾਰ ਡਾ. ਪਿਆਰਾ ਲਾਲ ਗਰਗ ਅਤੇ ਪੰਜਾਬੀ ਟ੍ਰਿਬਿਊਨ ਦੇ ਸੀਨੀਅਰ ਪੱਤਰਕਾਰ ਹਮੀਰ ਸਿੰਘ ਹੋਣਗੇ।ਸਮਾਗਮ ਦੀ ਪ੍ਰਧਾਨਗੀ ਪੰਜਾਬ ਦੀ ਜੱਥੇਬੰਦੀ ਦੇ ਸੂਬਾਈ ਪ੍ਰਧਾਨ ਬਲਬੀਰ ਸਿੰਘ ਜੰਡੂ ਤੇ ਹਰਿਆਣਾ ਜੱਥੇਬੰਦੀ ਦੇ ਸੂਬਾਈ ਪ੍ਰਧਾਨ ਰਾਮ ਸਿੰਘ ਬਰਾੜ ਕਰਨਗੇ।ਜੱਥੇਬੰਦੀ ਵੱਲੋਂ ਸਮੁੱਚੇ ਪੱਤਰਕਾਰ ਭਾਈਚਾਰੇ ਨੂੰ ਇਸ ਵਿੱਚ ਸ਼ਾਮਿਲ ਹੋਣ ਦਾ ਸੱਦਾ ਦਿੱਤਾ ਗਿਆ ਹੈ।





