ਦੀਪਕ ਠਾਕੁਰ
ਤਲਵਾਡ਼ਾ, 27 ਅਕਤੂਬਰ-‘ਆਪ’ ਸਰਕਾਰ ਦੀ ਸਖ਼ਤੀ ਦੇ ਬਾਵਜੂਦ ਸ਼ਹਿਰ ’ਚ ਸਰਕਾਰੀ ਜ਼ਮੀਨ ’ਤੇ ਕਥਿਤ ਕਬਜ਼ੇ ਜ਼ਾਰੀ ਹਨ। ਤਾਜ਼ਾ ਮਾਮਲਾ ਸਥਾਨਕ ਮਹਾਰਾਣਾ ਪ੍ਰਤਾਪ ਚੌਂਕ ਨਜ਼ਦੀਕ ਸਰਕਾਰੀ ਜ਼ਮੀਨ ਦਾ ਹੈ। ਜਿੱਥੇ ਕੁੱਝ ਲੋਕਾਂ ਵੱਲੋਂ ਧਰਮ ਦੀ ਆਡ਼ ਹੇਠ ਲੋਕ ਨਿਰਮਾਣ ਵਿਭਾਗ ਦੀ ਜ਼ਮੀਨ ’ਤੇ ਕੀਤਾ ਕਥਿਤ ਕਬਜ਼ਾ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ।
ਜ਼ਿਕਰਯੋਗ ਹੈ ਕਿ ਤਲਵਾਡ਼ਾ-ਮੁਕੇਰੀਆਂ ਮੁੱਖ ਸਡ਼ਕ ਮਾਰਗ ’ਤੇ ਸਥਾਨਕ ਸਬਜ਼ੀ ਮੰਡੀ ਦੇ ਨਜ਼ਦੀਕ ਲੋਕ ਨਿਰਮਾਣ ਵਿਭਾਗ ਵੱਲੋਂ ਬਣਾਏ ਥਡ਼੍ਹੇ ’ਤੇ ਕਰੀਬ ਪਿਛਲੇ 7 ਕੁ ਸਾਲਾਂ ਤੋਂ ਕਥਿਤ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ। ਪਰ ਅੱਜ ਧਰਮ ਦੀ ਆਡ਼ ਹੇਠ ਅਤੇ ਲੋਕਾਂ ਦੀ ਆਸਥਾ ਦਾ ਸਹਾਰਾ ਲੈ ਕੇ ਉਕੱਤ ਜ਼ਮੀਨ ’ਤੇ ਟੀਨਾਂ ਦੀ ਸ਼ੈੱਡ ਪਾ ਕੇ ਕਥਿਤ ਕਬਜ਼ਾ ਕਰ ਲਿਆ ਹੈ। ਕਥਿਤ ਕਬਜ਼ਾ ਸ਼ਹਿਰ ’ਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ, ਉੱਥੇ ਹੀ ਸਥਾਨਕ ਲੋਕ ਨਿਰਮਾਣ ਵਿਭਾਗ ਦੀ ਚੁੱਪੀ ਵੀ ਸਵਾਲਾਂ ਦੇ ਘੇਰੇ ’ਚ ਹੈ।
ਲੋਕ ਨਿਰਮਾਣ ਵਿਭਾਗ ਦੇ ਐਕਸਿਅਨ ਕਮਲ ਨੈਨ ਨੇ ਸਰਕਾਰੀ ਜ਼ਮੀਨ ’ਤੇ ਕਿਸੇ ਵੀ ਤਰ੍ਹਾਂ ਦਾ ਨਾਜਾਇਜ਼ ਕਬਜ਼ਾ ਬਰਦਾਸ਼ਤ ਨਾ ਕਰਨ ਦੀ ਗੱਲ ਆਖੀ। ਉਨ੍ਹਾਂ ਭਲਕੇ ਹੀ ਸਬੰਧਤ ਐਸਡੀਓ ਨੂੰ ਸਥਿਤੀ ਦਾ ਜਾਇਜ਼ਾ ਲੈਣ ਅਤੇ ਨਾਜਾਇਜ਼ ਕਬਜ਼ੇ ਦੀ ਸੂਰਤ ’ਚ ਬਣਦੀ ਕਾਨੂੰਨੀ ਕਾਰਵਾਈ ਕਰਨ ਦੀ ਗੱਲ ਕਹੀ ਹੈ।





