ਦੀਪਕ ਠਾਕੁਰ
ਸੰਸਾਰਪੁਰ ਟੈਰਸ (ਤਲਵਾਡ਼ਾ), 1 ਨਵੰਬਰ–ਹਿਮਾਚਲ ਪ੍ਰਦੇਸ਼ ਦੀ ਜਨਤਾ ਐਂਤਕੀਂ ਪੰਜ ਸਾਲਾਂ ਬਾਅਦ ਸਰਕਾਰ ਬਦਲਣ ਦਾ ਰਿਵਾਜ਼ ਬਦਲੇਗੀ। ਇਹ ਦਾਅਵਾ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਜੈ ਰਾਮ ਠਾਕੁਰ ਨੇ ਤਲਵਾਡ਼ਾ ਵਿਖੇ ਮੀਡੀਆ ਦੇ ਸਵਾਲਾਂ ਦਾ ਜਵਾਬ ਦਿੰਦਿਆਂ ਕੀਤਾ। ਉਹ ਅੱਜ ਜ਼ਿਲ੍ਹਾ ਕਾਂਗਡ਼ਾ ਦੇ ਵਿਧਾਨ ਸਭਾ ਹਲ਼ਕਾ ਜਸਵਾਂ ਪਰਾਗਪੁਰ ਤੋਂ ਭਾਜਪਾ ਉਮੀਦਵਾਰ ਅਤੇ ਉਦਯੋਗ, ਟਰਾਂਸਪੋਰਟ ਤੇ ਰੋਜ਼ਗਾਰ ਮੰਤਰੀ ਵਿਕਰਮ ਠਾਕੁਰ ਲਈ ਚੋਣ ਜਲਸੇ ਨੂੰ ਸੰਬੋਧਨ ਕਰਨ ਆਏ ਸਨ। ਮੁੱਖ ਮੰਤਰੀ ਜੈ ਰਾਮ ਠਾਕੁਰ ਹੈਲੀਕਾਪਟਰ ਰਾਹੀਂ ਬੀਬੀਐਮਬੀ ਕਲੌਨੀ ਸਥਿਤ ਨਰਸਰੀ ਗਰਾਉਂਡ ’ਚ ਕਰੀਬ 11 ਵਜੇ ਉਤਰੇ, ਜਿੱਥੋਂ ਗੱਡੀਆਂ ਦਾ ਕਾਫ਼ਲਾ ਹਿਮਾਚਲ ਪ੍ਰਦੇਸ਼ ਦੇ ਸਨਅਤੀ ਕਸਬਾ ਸੰਸਾਰਪੁਰ ਟੈਰਸ ਨਾਲ ਲੱਗਦੇ ਪਿੰਡ ਘਾਟੀ ਬਿੱਲਵਾਂ ਵਿਖੇ ਪਹੁੰਚਿਆ। ਇੱਥੇ ਵਿਸ਼ਾਲ ਜਨ ਸਭਾ ਨੂੰ ਸੰਬੋਧਨ ਕਰਦਿਆਂ ਜੈ ਰਾਮ ਠਾਕੁਰ ਨੇ ਕਾਂਗਰਸ ’ਤੇ ਤਿੱਖੇ ਹਮਲੇ ਕੀਤੇ। ਪ੍ਰਦੇਸ਼ ਵਿਚ ‘ਆਪ’ ਦੀ ਕੋਈ ਹਵਾ ਨਾ ਹੋਣ ਦਾ ਦਾਅਵਾ ਕੀਤਾ। ਉਨ੍ਹਾਂ ਕਿਹਾ ਕਿ ਭਾਜਪਾ ਪ੍ਰਦੇਸ਼ ’ਚ ਵਿਕਾਸ ਦੇ ਮੱੁਦੇ ’ਤੇ ਚੋਣ ਲਡ਼ ਰਹੀ ਹੈ। ਸ਼੍ਰੀ ਠਾਕੁਰ ਨੇ ਆਪਣੀ ਸਰਕਾਰ ਦੀਆਂ ਉਪਲੱਬਧੀਆਂ ਤਾਂ ਗਿਣਾਈਆਂ, ਪਰ ਵੋਟਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ’ਤੇ ਲੋਕਾਂ ਤੋਂ ਮੰਗੀਆਂ। ਉਨ੍ਹਾਂ ਕੇਂਦਰ ’ਚ ਮੋਦੀ ਸਰਕਾਰ ਦੀ ਮਜ਼ਬੂਤੀ ਲਈ ਹਿਮਾਚਲ ਪ੍ਰਦੇਸ਼ ਵਿਚ ਭਾਜਪਾ ਨੂੰ ਮੁਡ਼ ਜਿਤਾਉਣ ਦੀ ਗੱਲ ਕਹੀ।
ਮੀਡੀਆ ਨਾਲ ਮੁਖਾਤਿਬ ਹੁੰਦਿਆਂ ਸ਼੍ਰੀ ਠਾਕੁਰ ਨੇ ਦਾਅਵਾ ਕੀਤਾ ਕਿ ਭਾਜਪਾ ਸਰਕਾਰ ਨੇ ਆਪਣੇ ਕਾਰਜ਼ਕਾਲ ’ਚ ਨੌਜਵਾਨਾਂ ਨੂੰ ਸਭ ਤੋਂ ਵੱਧ ਰੋਜ਼ਗਾਰ ਦਿੱਤਾ। ਪੁਰਾਣੀ ਪੈਨਸ਼ਨ ਬਹਾਲ ਕਰਨ ਸਬੰਧੀ ਪੁੱਛੇ ਸਵਾਲ ’ਤੇ ਉਨ੍ਹਾਂ ਜ਼ਲਦ ਹੀ ਹੱਲ ਕੱਢਣ ਦੀ ਗੱਲ ਕਹੀ। ਜਸਵਾਂ ਪ੍ਰਾਗਪੁਰ ਤੋਂ ਭਾਜਪਾ ਉਮੀਦਵਾਰ ਵਿਕਰਮ ਠਾਕੁਰ ਨੇ ਦਾਅਵਾ ਕੀਤਾ ਕਿ ਉਨ੍ਹਾਂ ਆਪਣੇ ਕਾਰਜ਼ਕਾਲ ’ਚ ਹਲ਼ਕੇ ਦਾ ਸਰਵਪੱਖੀ ਵਿਕਾਸ ਕਰਵਾਇਆ ਹੈ, ਹਲ਼ਕੇ ’ਚ 500 ਕਰੋਡ਼ ਰੁਪਏ ਦੇ ਪ੍ਰਾਜੈਕਟ ਚੱਲ ਰਹੇ ਹਨ। ਪੰਜ ਸਾਲ ਪਹਿਲਾਂ ਜਸਵਾਂ ਪ੍ਰਗਾਪੁਰ ਨੂੰ ਪੱਛਡ਼ਿਆ ਵਿਧਾਨ ਸਭਾ ਹਲ਼ਕਾ ਕਿਹਾ ਜਾਂਦਾ ਸੀ, ਅੱਜ ਹਲ਼ਕੇ ਅੰਦਰ ਇੱਕ ਬਹੁਤਕਨੀਕੀ ਤੇ ਇੱਕ ਫਾਰਮੇਸੀ ਕਾਲਜ, ਤਿੰਨ ਡਿਗਰੀ ਕਾਲਜ, ਇੱਕ ਪੋਲੀਕਲੀਨੀਕ, 50 ਬਿਸਤਰਿਆਂ ਵਾਲਾ ਹਸਪਤਾਲ ਆਦਿ ਬਣਨ ਨਾਲ ਪ੍ਰਦੇਸ਼ ਦੇ ਆਦਰਸ਼ ਹਲ਼ਕਿਆਂ ’ਚ ਸ਼ੁਮਾਰ ਹੈ।
ਭਾਜਪਾ ਉਮੀਦਵਾਰ ਵਿਕਰਮ ਠਾਕੁਰ ਵਿਵਾਦਤ ਧਰਮ ਗੁਰੂ ਰਾਮ ਰਹੀਮ ਨਾਲ ਨੇਡ਼ਤਾ ਨੂੰ ਲੈ ਕੇ ਆਏ ਨਿਸ਼ਾਨੇ ’ਤੇ
ਭਾਜਪਾ ਉਮੀਦਵਾਰ ਅਤੇ ਕੈਬਨਿਟ ਮੰਤਰੀ ਵਿਕਰਮ ਠਾਕੁਰ ਬਲਾਤਕਾਰਹ ਤੇ ਹੱਤਿਆ ਮਾਮਲੇ ਵਿਚ ਸਜ਼ਾ ਯਾਫ਼ਤਾ ਧਰਮ ਗੁਰੂ ਰਾਮ ਰਹੀਮ ਨਾਲ ਨੇਡ਼ਤਾ ਨੂੰ ਲੈ ਕੇ ਆਪਣੀ ਹੀ ਪਾਰਟੀ ਦੇ ਨਿਸ਼ਾਨੇ ’ਤੇ ਆ ਗਏ ਹਨ। ਭਾਜਪਾ ਦੇ ਸਾਬਕਾ ਮੁੱਖ ਮੰਤਰੀ ਸ਼ਾਂਤਾ ਕੁਮਾਰ ਨੇ ਬਲਾਤਕਾਰ ਤੇ ਹੱਤਿਆ ਮਾਮਲੇ ’ਚ 20 ਸਾਲ ਦੀ ਕੈਦ ਕੱਟ ਰਹੇ ਅਪਰਾਧੀ ਨੂੰ ਵਾਰ ਵਾਰ ਪੈਰੋਲ ਦੇਣ ਨੂੰ ਵੱਡੀ ਬਦਕਿਸਮਤੀ ਦੱਸਿਆ ਹੈ, ਉਨ੍ਹਾਂ ਕਿਹਾ ਉਸਨੂੰ ਇਹ ਸੁਵਿਧਾ ਵੀ ਨੇਤਾ ਹੀ ਦਿਵਾ ਰਹੇ ਹਨ, ਉਹ ਵੀ ਸਿਰਫ਼ ਸੱਤਾ ਅਤੇ ਵੋਟ ਲਈ। ਦੱਸਣਯੋਗ ਹੈ ਕਿ ਪਿਛਲੇ ਦਿਨੀਂ ਰਾਮ ਰਹੀਮ ਦੇ ਆਨਲਾਈਨ ਸਤਸੰਗ ਦੌਰਾਨ ਵਿਕਰਮ ਠਾਕੁਰ ਦੀ ਰਾਮ ਰਹੀਮ ਨਾਲ ਫ਼ੋਨ ’ਤੇ ਹੋਈ ਗੱਲਬਾਤ ਦੀਆਂ ਤਸਵੀਰਾਂ ਸੋਸ਼ਲ ਮੀਡੀਆ ’ਤੇ ਵਾਇਰਲ ਹੋਈਆਂ ਸਨ।
ਸਾਬਕਾ ਮੁੱਖ ਮੰਤਰੀ ਨੇ ਕਿਹਾ ਕਿ ਅਜਿਹੇ ਅਪਰਾਧੀਆਂ ਨੂੰ ਇਸ ਢੰਗ ਨਾਲ ਪੈਰੋਲ ’ਤੇ ਆਪਣੇ ਦਰਬਾਰ ਸਜਾਉਣ ਅਤੇ ਪ੍ਰਵਚਨ ਦੇਣ ਦੀ ਆਗਿਆ ਨਹੀਂ ਦੇਣੀ ਚਾਹੀਦੀ। ਅਜਿਹੇ ਸੈਂਕਡ਼ੇ ਅਪਰਾਧੀ ਜ਼ੇਲ੍ਹਾਂ ਵਿੱਚ ਹਨ,ਜਿਨ੍ਹਾਂ ਨੂੰ ਪੈਰੋਲ ਦੀ ਸੁਵਿਧਾ ਨਹੀਂ ਮਿਲਦੀ, ਕਿਉਂਕਿ ਨੇਤਾਵਾਂ ਨੂੰ ਉਨ੍ਹਾਂ ਦੀ ਜ਼ਰੂਰਤ ਨਹੀਂ ਹੁੰਦੀ।
ਉਧਰ ਵਿਰੋਧੀ ਧਿਰ ਵੱਲੋਂ ਇਸ ਮੁੱਦੇ ਨੂੰ ਸੋਸ਼ਲ ਮੀਡੀਆ ’ਤੇ ਖੂਬ ਪ੍ਰਚਾਰਿਆ ਜਾ ਰਿਹਾ ਹੈ।





