ਦੀਪਕ ਠਾਕੁਰ
ਤਲਵਾਡ਼ਾ,18 ਜਨਵਰੀ-ਇੱਥੇ ਨੇਡ਼ਲੇ ਸਰਹੱਦੀ ਕਸਬਾਹ ਸੰਸਾਰਪੁਰ ਟੈਰਸ ਵਿਖੇ ਹਿਮਾਚਲ ਪ੍ਰਦੇਸ਼ ਦੀ ਪੁਲੀਸ ਨੇ ਅੰਤਰਰਾਜੀ ਖ਼ੈਰ ਚੋਰ ਗਿਰੋਹ ਦੇ ਤਿੰਨ ਮੈਂਬਰ ਚੋਰੀ ਦੀ ਲੱਕਡ਼ ਸਮੇਤ ਕਾਬੂ ਕੀਤੇ ਹਨ। ਜਦਕਿ ਦੋ ਫਰਾਰ ਹੋ ਗਏ।
ਜ਼ਿਲ੍ਹਾ ਕਾਂਗਡ਼ਾ ਅਧੀਨ ਆਉਂਦੇ ਸਨਅਤੀ ਕਸਬਾ ਸੰਸਾਰਪੁਰ ਟੈਰਸ ਦੇ ਪੁਲੀਸ ਚੌਂਕੀ ਇੰਚਾਰਜ ਸੰਜੀਵ ਕੁਮਾਰ ਨੇ ਦੱਸਿਆ ਕਿ ਰਾਜ ਵਣ ਵਿਭਾਗ ਅਤੇ ਪੁਲੀਸ ਨੂੰ ਜੰਡੋਰ ਮਾਹਲ਼ਾ ਦੇ ਸਰਕਾਰੀ ਜੰਗਲ ’ਚੋਂ ਖ਼ੈਰ ਦੇ ਚੋਰੀ ਦਰੱਖਤ ਵੱਢਣ ਦੀ ਸੂਚਨਾ ਮਿਲੀ ਸੀ। ਅੱਜ ਸੁਵੱਖਤੇ ਚਾਰ ਵਜੇ ਵਣ ਵਿਭਾਗ ਤੇ ਪੁਲੀਸ ਵੱਲੋਂ ਸਾਂਝੀ ਗਸ਼ਤ ਦੌਰਾਨ ਤਿੰਨ ਵਿਅਕਤੀਆਂ ਨੂੰ ਚੋਰੀ ਦੀ ਲੱਕਡ਼ ਸਮੇਤ ਕਾਬੂ ਕੀਤਾ ਗਿਆ। ਜਦਕਿ ਦੋ ਵਿਅਕਤੀ ਭੱਜਣ ’ਚ ਕਾਮਯਾਬ ਹੋ ਗਏ। ਗ੍ਰਿਫ਼ਤਾਰ ਕੀਤੇ ਵਿਅਕਤੀਆਂ ਕੋਲ਼ੋਂ 35 ਮੋਛੇ ਖ਼ੈਰ ਦੇ ਬਰਾਮਦ ਕੀਤੇ ਗਏ ਹਨ। ਵਣ ਵਿਭਾਗ ਨੇ ਸਰਕਾਰੀ ਜੰਗਲ ’ਚੋਂ 21 ਖ਼ੈਰ ਦੇ ਦਰੱਖਤ ਵੱਢਣ ਦੀ ਪੁਸ਼ਟੀ ਕੀਤੀ ਹੈ। ਗ੍ਰਿਫ਼ਤਾਰ ਵਿਅਕਤੀਆਂ ਦੀ ਪਛਾਣ ਅਮਿਤ ਕੁਮਾਰ ਪੁੱਤਰ ਰਮੇਸ਼ ਕੁਮਾਰ ਵਾਸੀ ਰਿਆਲੀ ਜ਼ਿਲ੍ਹਾ ਕਾਂਗਡ਼ਾ, ਜਸਮੇਰ ਸਿੰਘ ਉਰਫ਼ ਭੋਲਾ ਪੁੱਤਰ ਕਿੱਕਰ ਵਾਸੀ ਸੰਸਾਰਪੁਰ ਟੈਰਸ, ਅਮਨ ਪੁੱਤਰ ਮਹਿੰਦਰ ਸਿੰਘ ਵਾਸੀ ਦੌਸਡ਼ਕਾ (ਤਲਵਾਡ਼ਾ) ਵਜੋਂ ਹੋਈ ਹੈ। ਜਦਕਿ ਫਰਾਰ ਵਿਅਕਤੀਆਂ ਦੀ ਪਛਾਣ ਲੱਕੀ ਪੁੱਤਰ ਕਿੱਕਰ ਸਿੰਘ ਵਾਸੀ ਸੰਸਾਰਪੁਰ ਟੈਰਸ ਤੇ ਮਹਿੰਦਰ ਡੋਗਰਾ ਉਰਫ਼ ਕੇਪੀ ਪੁੱਤਰ ਕਾਲਾ ਪਿੰਡ ਡੁਗਰਾਲ ਥਾਣਾ ਤਲਵਾਡ਼ਾ ਵਜੋਂ ਹੋਈ ਹੈ। ਚੌਂਕੀ ਇੰਚਾਰਜ ਸੰਜੀਵ ਕੁਮਾਰ ਨੇ ਦੱਸਿਆ ਫਰਾਰ ਵਿਅਕਤੀਆਂ ਦੀ ਗ੍ਰਿਫ਼ਤਾਰੀ ਲਈ ਪੁਲੀਸ ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ। ਪੁਲੀਸ ਨੇ ਫਾਰੈਸਟ ਐਕਟ ਤਹਿਤ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਆਰੰਭ ਦਿੱਤੀ ਹੈ।





