ਪੈਰਿਸ 01 ਮਈ ( ਭੱਟੀ ਫਰਾਂਸ ) ਲੋਕ ਇਨਸਾਫ ਪਾਰਟੀ ਦੇ ਸ੍ਰਪਰਸਤ ਬੈਂਸ ਭਰਾਵਾਂ ਵੱਲੋਂ ਪਾਰਟੀ ਦੀਆਂ ਨੀਤੀਆਂ ਅਤੇ ਏਜੰਡੇ ਨੂੰ ਛਿੱਕੇ ਤੇ ਟੰਗਦੇ ਹੋਏ ਆਪਣਾ ਧਿਆਨ ਅਤੇ ਸਪੋਰਟ ਭਾਜਪਾ ਵਾਲੇ ਪਾਸੇ ਦੇਣ ਦੀਆਂ ਤਿਆਰੀਆਂ ( ਪਾਰਟੀ ਵਰਕਰਾਂ ਅਤੇ ਅਹੁਦੇਦਾਰਾ ਨਾਲ ਸਲਾਹ ਮਸ਼ਵਰੇ ਕਰੇ ਬਿਨਾ ) ਸ਼ੁਰੂ ਕਰ ਦਿੱਤੀਆਂ ਹਨ , ਜਿਸ ਕਰਕੇ ਦੇਸ਼ ਵਿਦੇਸ਼ ਦੇ ਲੋਕ ਜਿਹੜੇ ਕਿ ਪੰਜਾਬ ਦੀ ਭਲਾਈ ਖਾਤਿਰ ਲੋਕ ਇਨਸਾਫ ਪਾਰਟੀ ਨਾਲ ਜੁੜੇ ਸਨ ਊਨਾ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ । ਇਸੇ ਬਿਨਾ ਉਪਰ ਲੋਕ ਇਨਸਾਫ ਪਾਰਟੀ ਯੂਰਪ ਦੇ ਸਰਪ੍ਰਸਤ ਬਲਜੀਤ ਸਿੰਘ ਭੁੱਲਰ ਜਰਮਨੀ , ਪ੍ਰਧਾਨ ਕਿ੍ਰਪਾਲ ਸਿੰਘ ਬਾਜਵਾ ਬੈਲਜੀਅਮ, ਯੂ.ਕੇ ਯੂਨਿਟ ਦੇ ਪ੍ਰਧਾਨ ਰਾਜਿੰਦਰ ਸਿੰਘ ਥਿੰਦ, ਆਰਗੇਨਾਈਜਰ ਸ਼ਮਸ਼ੇਰ ਸਿੰਘ ਫਰਾਂਸ , ਜਨਰਲ ਸਕੱਤਰ ਜਗਤਾਰ ਸਿੰਘ ਮਾਹਲ ਜਰਮਨੀ , ਮੀਤ ਪ੍ਰਧਾਨ ਦਵਿੰਦਰ ਸਿੰਘ ਮੱਲੀ ਸਪੇਨ , ਮਾਝਾ ਜੋਨ ਦੇ ਸਰਪ੍ਰਸਤ ਜਗਜੋਤ ਸਿੰਘ ਖਾਲਸਾ ਫਿਲਹਾਲ ਨਿਵਾਸੀ ਯੂ.ਕੇ ਆਦਿ ਨੇ ਆਪਸੀ ਸਲਾਹ ਮਸ਼ਵਰੇ ਨਾਲ ਬੈਂਸ ਭਰਾਵਾਂ ਦੀ ਡਿਕਟੇਟਰ ਸ਼ਿੱਪ ਤੋਂ ਤੰਗ ਆ ਕੇ ਯੂ.ਕੇ ਅਤੇ ਯੂਰਪ ਦੀਆਂ ਸਾਰੀਆਂ ਇਕਾਈਆਂ ਭੰਗ ਕਰ ਦਿੱਤੀਆਂ ਹਨ।
ਇਸ ਤੋਂ ਬਿਨਾਂ ਜਲੰਧਰ ‘ਚ ਹੋ ਰਹੀ ਪਾਰਲੀਮੈਂਟ ਦੀ ਜਿਮਨੀ ਚੋਣ ਜਿਸ ਵਿੱਚ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦਾ ਉਮੀਦਵਾਰ ਗੁਰਜੰਟ ਸਿੰਘ ਕੱਟੂ ਵੀ ਜੋਰ ਅਜਮਾਇਸ਼ ਕਰ ਰਿਹਾ ਹੈ ਨੂੰ ਤਨੋ ਮਨੋ ਅਤੇ ਧਨੋ ਸਪੋਰਟ ਕਰਨ ਦਾ ਫੈਸਲਾ ਉਪਰੋਕਤ ਨੇਤਾਵਾਂ ਵੱਲੋਂ ਲੈ ਲਿਆ ਗਿਆ ਹੈ । ਬਾਕੀ ਉਪਰੋਕਤ ਨੇਤਾਵਾਂ ਨੇ ਮੀਡੀਆ ਨੂੰ ਬਿਆਨ ਜਾਰੀ ਕਰਦੇ ਹੋਏ ਇਹ ਵੀ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਜਿਹੜੀ ਵੀ ਪਾਰਟੀ ਪੰਜਾਬ , ਪੰਜਾਬੀਆਂ ਅਤੇ ਪੰਜਾਬੀਅਤ ਦਾ ਭਲਾ ਲੋਚੇਗੀ ਉਸ ਪਾਰਟੀ ਨੂੰ ਹੀ ਅਸੀਂ ਚੰਗੀ ਤਰਾਂ ਸੋਚ ਵਿਚਾਰ ਕੇ ਆਪਣਾ ਸਮਰਥਨ ਦੇਵਾਂਗੇ ।





